ਮੋਦੀ-ਸ਼ਾਹ ਅਤੇ ਆਈਐਸਆਈ ਵਿਚਾਲੇ ਮਹਾਗਠਜੋੜ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਸਾਲ 2016 ਵਿਚ ਫ਼ੌਜ ਦੁਆਰਾ ਕੀਤੀ ਗਈ ਸਰਜੀਕਲ ਸਟਰਾਈਕ ਦੀ ਦੂਜੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ.........

Randeep Surjewala

ਨਵੀਂ ਦਿੱਲੀ : ਕਾਂਗਰਸ ਨੇ ਸਾਲ 2016 ਵਿਚ ਫ਼ੌਜ ਦੁਆਰਾ ਕੀਤੀ ਗਈ ਸਰਜੀਕਲ ਸਟਰਾਈਕ ਦੀ ਦੂਜੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਮੋਦੀ ਸ਼ਾਹ ਦਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਮਹਾਗਠਜੋੜ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਵਾਨਾਂ ਦੀ ਬਹਾਦਰੀ ਦਾ ਸਿਹਰਾ ਲੈਂਦੇ ਹਨ ਪਰ ਜਦ ਉਨ੍ਹਾਂ ਦੇ ਹਿਤਾਂ ਦੀ ਗੱਲ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਵਿਸ਼ਵਾਸਘਾਤ ਕਰਦੇ ਹਨ।

ਕਈ ਸਾਬਕਾ ਫ਼ੌਜੀਆਂ ਦੀ ਮੌਜੂਦਗੀ ਵਾਲੇ ਪੱਤਰਕਾਰ ਸੰਮੇਲਨ ਵਿਚ ਸੁਰਜੇਵਾਲਾ ਨੇ ਕਿਹਾ, 'ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 30 ਮਾਰਚ, 2016 ਨੂੰ ਕੋਲਕਾਤਾ ਵਿਚ ਜਨਤਕ ਤੌਰ 'ਤੇ ਇਹ ਬਿਆਨ ਦੇ ਕੇ ਪਠਾਨਕੋਟ ਅਤਿਵਾਦੀ ਹਮਲੇ ਦੀ ਜਾਂਚ ਵਿਚ ਪਾਕਿਸਤਾਨ ਨੇ ਗੰਭੀਰਤਾ ਦਾ ਯਤਨ ਕੀਤਾ ਹੈ, ਪਾਕਿਸਤਾਨ ਦੀ ਆਈਐਸਆਈ ਦੀ ਸ਼ਲਾਘਾ ਕਿਉਂ ਕੀਤੀ? ਕੀ ਇਸ ਤੋਂ ਬਾਅਦ ਪੰਜ ਅਪ੍ਰੈਲ 2016 ਨੂੰ ਆਈਐਸਆਈ ਨੇ ਇਹ ਦਾਅਵਾ ਨਹੀਂ ਕੀਤਾ ਕਿ ਪਠਾਨਕੋਟ ਵਿਚ ਭਾਰਤ ਨੇ ਅਪਣੇ ਫ਼ੌਜੀ ਖ਼ੁਦ ਮਾਰੇ ਹਨ?

ਉਨ੍ਹਾਂ ਸਵਾਲ ਕੀਤਾ, 'ਕੀ ਸਾਬਕਾ ਆਈਐਸਆਈ ਮੁਖੀ ਅਸਦ ਦੁਰਾਨੀ ਨੇ ਇਹ ਨਹੀਂ ਕਿਹਾ ਕਿ ਆਈਐਸਆਈ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਏ ਰਖਣਾ ਚਾਹੁੰਦੀ ਹੈ। ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਪਾਕਿਸਤਾਨੀ ਆਈਐਸਆਈ ਅਤੇ ਮੋਦੀ ਸ਼ਾਹ ਦੀ ਜੋੜ ਵਿਚਾਲੇ ਮਹਾਗਠਜੋੜ ਹੈ? ਸੁਰਜੇਵਾਲਾ ਨੇ ਭਾਰਤੀ ਫ਼ੌਜੀਆਂ ਦੀ ਗੌਰਵਗਾਥਾ ਦਾ ਜ਼ਿਕਰ ਕਰਦਿਆਂ ਕਿਹਾ, 'ਕਾਂਗਰਸ ਵਲੋਂ ਅਸੀਂ ਅਪਣੇ ਫ਼ੌਜੀਆਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ। 1947, 1962, 1965, 1971 ਅਤੇ 1999 ਦੀ ਜੰਗ ਵਿਚ ਸਾਡੇ ਫ਼ੌਜੀਆਂ ਨੇ ਅਪਣੀ ਬਹਾਦਰੀ ਨਾਲ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ। ਪੂਰਾ ਦੇਸ਼ ਉਸ ਦੇ ਬਲੀਦਾਨ ਦਾ ਰਿਣੀ ਹੈ।  (ਏਜੰਸੀ)