ਬਿਹਾਰ ਵਿਚ ਮੀਂਹ ਦਾ ਕਹਿਰ; ਘਰ ਤੇ ਹਸਪਤਾਲ ਪਾਣੀ ਨਾਲ ਭਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟਨਾ ਦੀਆਂ ਸੜਕਾਂ 'ਤੇ ਚਲੀਆਂ ਕਿਸ਼ਤੀਆਂ

Heavy rains ravage Bihar, UP: Hospitals, homes under knee deep water

ਨਵੀਂ ਦਿੱਲੀ : ਬਿਹਾਰ ਦੇ ਕਈ ਇਲਾਕਿਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਮੀਂਹ ਨਾਲ ਸਬੰਧਤ ਹਾਦਸਿਆਂ ਵਿਚ ਹੁਣ ਤਕ 23 ਜਣਿਆਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਭਾਗਲਪੁਰ ਜ਼ਿਲ੍ਹੇ ਵਿਚ ਕੰਧ ਡਿੱਗਣ ਨਾਲ ਛੇ ਅਤੇ ਪਟਨਾ ਵਿਚ ਆਟੋ 'ਤੇ ਦਰੱਖ਼ਤ ਡਿੱਗਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ।

ਉਧਰ, ਰਾਜ ਦੇ 22 ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਕਾਫ਼ੀ ਮੀਂਹ ਪਿਆ ਅਤੇ ਅਗਲੇ ਇਕ ਦੋ ਦਿਨ ਵੀ ਸੰਭਾਵਨਾ ਹੈ। ਰਾਜ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਨੂੰ 15 ਅਕਤੂਬਰ ਤਕ ਹਾਈ ਅਲਰਟ 'ਤੇ ਰਹਿਣ ਦਾ ਹੁਕਮ ਦਿਤਾ ਹੈ। ਪਟਨਾ ਵਿਚ ਮੀਂਹ ਨੇ 10 ਸਾਲ ਦਾ ਰੀਕਾਰਡ ਤੋੜ ਦਿਤਾ ਹੈ। ਪੂਰੇ ਬਿਹਾਰ ਵਿਚ ਕਿਤੇ ਹਲਕਾ ਤੇ ਕਿਤੇ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਸਟਮ 30 ਸਤੰਬਰ ਤਕ ਰਹੇਗਾ। ਪਟਨਾ ਵਿਚ ਕਲ ਵੀ ਭਾਰੀ ਮੀਂਹ ਪਿਆ ਸੀ। ਸ਼ਹਿਰ ਦੇ ਕਈ ਇਲਾਕਿਆਂ ਵਿਚ ਸੜਕਾਂ 'ਤੇ ਕਿਸ਼ਤੀਆਂ ਚੱਲਣ ਲੱਗ ਪਈਆਂ ਹਨ।

ਘਰਾਂ ਅਤੇ ਹਸਪਤਾਲਾਂ ਵਿਚ ਪਾਣੀ ਭਰ ਗਿਆ ਹੈ। ਸ਼ਹਿਰ ਦੇ ਕਈ ਇਲਕਿਆਂ ਵਿਚ ਪਾਣੀ ਭਰ ਗਿਆ ਹੈ। ਰਾਜ ਦੇ ਪੰਜ ਮੰਤਰੀਆਂ ਦੇ ਸਰਕਾਰੀ ਘਰਾਂ ਵਿਚ ਵੀ ਪਾਣੀ ਭਰ ਗਿਆ ਹੈ ਜਿਨ੍ਹਾਂ ਵਿਚ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੀ ਸ਼ਾਮਲ ਹਨ। ਮੋਦੀ ਦੇ ਰਾਜੇਂਦਰ ਨਗਰ ਵਾਲੇ ਘਰ ਲਾਗੇ ਕਲ ਪੰਜ ਫ਼ੁਟ ਤੋਂ ਵੱਧ ਪਾਣੀ ਭਰ ਗਿਆ ਸੀ। ਸੜਕ ਨਿਰਮਾਣ ਮੰਤਰੀ ਨੰਦ ਕਿਸ਼ੋਰ ਯਾਦਵ ਦੇ ਬੰਗਲੇ ਵਿਚ ਵੀ ਕਲ ਦੋ ਫ਼ੁੱਟ ਤਕ ਪਾਣੀ ਜਮ੍ਹਾਂ ਹੋ ਗਿਆ ਸੀ।

ਉਧਰ, ਗੁਜਰਾਤ ਵਿਚ ਵੀ ਭਾਰੀ ਮੀਂਹ ਪੈ ਰਿਹਾ ਹੈ। ਸੂਬੇ ਦੇ ਸੌਰਾਸ਼ਟਰ ਇਲਾਕੇ ਵਿਚ ਭਾਰੀ ਮੀਂਹ ਪੈਣ ਕਾਰਨ ਤਿੰਨ ਔਰਤਾਂ ਹੜ੍ਹਾਂ ਦੇ ਪਾਣੀ ਵਿਚ ਡੁੱਬ ਗਈਆਂ। ਅਧਿਕਾਰੀਆਂ ਨੇ ਦਸਿਆ ਕਿ ਸੋਮਨਾਥ ਜ਼ਿਲ੍ਹੇ ਲਾਗੇ ਕਿਸ਼ਤੀ ਡੁੱਬ ਜਾਣ ਕਾਰਨ ਉਸ ਵਿਚ ਸਵਾਰ ਚਾਰ ਮਛੇਰਿਆਂ ਦੇ ਰੁੜ੍ਹ ਜਾਣ ਦਾ ਖ਼ਦਸ਼ਾ ਹੈ।

ਸੂਬੇ ਦੇ ਕਈ ਜ਼ਿਲ੍ਹਾਂ ਵਿਚ ਭਾਰੀ ਮੀਂਹ ਪਿਆ ਹੈ। ਇਸੇ ਤਰ੍ਹਾਂ ਰਾਜਸਥਾਨ ਡੁੰਗਰਪੁਰ ਅਤੇ ਪੂਰਬੀ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ 14 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿਤੀ ਹੈ।