ਯੂਰਪੀ ਸੰਸਦ ਮੈਂਬਰਾਂ ਨੂੰ ਕਸ਼ਮੀਰ ਦੌਰੇ ਦੀ ਇਜਾਜ਼ਤ ਦੇਣ 'ਤੇ ਘਿਰੀ ਮੋਦੀ ਸਰਕਾਰ
ਭਾਜਪਾ ਸੰਸਦ ਮੈਂਬਰ ਤੇ ਕਾਂਗਰਸ ਨੇ ਚੁੱਕੇ ਸਵਾਲ
ਇਹ ਸਾਡੇ ਦੇਸ਼ ਦੀ ਕੌਮੀ ਨੀਤੀ ਨਾਲ ਸਮਝੌਤਾ : ਸੁਬਰਮਨੀਅਮ ਸਵਾਮੀ
ਯੂਰਪੀ ਆਗੂਆਂ ਨੂੰ ਜੰਮੂ-ਕਸ਼ਮੀਰ ਜਾਣ ਦੇਣਾ ਸੰਸਦ ਦਾ ਅਪਮਾਨ : ਕਾਂਗਰਸ
ਨਵੀਂ ਦਿੱਲੀ : ਯੂਰਪੀ ਸੰਸਦ ਮੈਂਬਰਾਂ ਨੂੰ ਕਸ਼ਮੀਰ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ 'ਤੇ ਨਰਿੰਦਰ ਮੋਦੀ ਸਰਕਾਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਜਿਥੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ, ਉਥੇ ਭਾਜਪਾ ਸੰਸਦ ਮੈਂਬਰ ਸੁਬਰਮਨੀਅਮ ਸਵਾਮੀ ਬੁਰੀ ਤਰ੍ਹਾਂ ਭੜਕ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰੇ ਦੀ ਇਜਾਜ਼ਤ ਦੇਣਾ ਕੌਮੀ ਨੀਤੀ ਨਾਲ ਸਮਝੌਤਾ ਹੈ।
ਸੋਮਵਾਰ ਨੂੰ ਉਨ੍ਹਾਂ ਇਸ ਬਾਬਤ ਟਵਿਟਰ 'ਤੇ ਲਿਖਿਆ, 'ਮੈਂ ਹੈਰਾਨ ਹਾਂ ਕਿ ਵਿਦੇਸ਼ ਮੰਤਰਾਲੇ ਨੇ ਯੂਰਪੀ ਸੰਘ ਦੇ ਸੰਸਦ ਮੈਂਬਰਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਘਾਟੀ ਵਾਲੇ ਇਲਾਕੇ ਵਿਚ ਜਾਣ ਦੀ ਇਜਾਜ਼ਤ ਦਿਤੀ ਹੈ ਅਤੇ ਦੌਰੇ ਦਾ ਪ੍ਰਬੰਧ ਵੀ ਕੀਤਾ ਹੈ। ਉਹ ਵੀ ਅਜਿਹੇ ਸਮੇਂ, ਜਦ ਉਹ ਇਕੱਲੇ ਜਾਣਗੇ ਅਤੇ ਇਹ ਕੋਈ ਯੂਰਪੀ ਯੂਨੀਅਨ ਦਾ ਅਧਿਕਾਰਤ ਵਫ਼ਦ ਨਹੀਂ। ਇਹ ਸਾਡੀ ਕੌਮੀ ਨੀਤੀ ਨਾਲ ਸਮਝੌਤਾ ਹੈ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਦੌਰੇ ਨੂੰ ਰੱਦ ਕਰੇ ਕਿਉਂਕਿ ਇਹ ਅਨੈਤਿਕ ਹੈ।'
ਉਧਰ, ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਦੋਸ਼ ਲਾਇਆ ਕਿ ਭਾਰਤੀ ਆਗੂਆਂ ਨੂੰ ਉਥੇ ਜਾਣ ਦੀ ਇਜਾਜ਼ਤ ਨਾ ਦੇਣਾ ਅਤੇ ਵਿਦੇਸ਼ੀ ਆਗੂਆਂ ਨੂੰ ਇਜਾਜ਼ਤ ਦੇਣਾ ਸ਼ਾਇਦ ਦੇਸ਼ ਦੀ ਸੰਸਦ ਅਤੇ ਜਮਹੂਰੀਅਤ ਦਾ ਪੂਰੀ ਤਰ੍ਹਾਂ ਅਪਮਾਨ ਹੈ। ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ, 'ਜਦ ਭਾਰਤੀ ਆਗੂਆਂ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਰੋਕ ਦਿਤਾ ਗਿਆ ਤਾਂ ਫਿਰ ਰਾਸ਼ਟਰਵਾਦ ਦੇ ਚੈਂਪੀਅਨ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਯੂਰਪੀ ਆਗੂਆਂ ਨੂੰ ਕਿਸ ਤਰ੍ਹਾਂ ਜੰਮੂ ਕਸ਼ਮੀਰ ਦਾ ਦੌਰਾ ਕਰਨ ਦੀ ਇਜਾਜ਼ਤ ਦੇ ਦਿਤੀ।
ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰੋਹਨ ਗੁਪਤਾ ਨੇ ਕਿਹਾ, 'ਜਦ ਭਾਰਤੀ ਆਗੂ ਜੰਮੂ ਕਸ਼ਮੀਰ ਦਾ ਦੌਰਾ ਕਰਨਾ ਚਾਹੁੰਦੇ ਹਨ ਤਾਂ ਕੀ ਇਹ ਰਾਸ਼ਟਰਵਾਦ ਲਈ ਮਾਣ ਦੀ ਗੱਲ ਹੈ।' ਦਰਅਸਲ, ਜੰਮੂ ਕਸ਼ਮੀਰ ਦਾ ਦੌਰਾ ਕਰਨ ਤੋਂ ਪਹਿਲਾਂ ਯੂਰਪੀ ਸੰਘ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਯੂਰਪੀ ਮੁਲਕਾਂ ਦੇ 25 ਸੰਸਦ ਮੈਂਬਰਾਂ ਦਾ ਵਫ਼ਦ ਭਾਰਤ ਆਇਆ ਹੈ। ਇਹ ਵਫ਼ਦ 29 ਅਕਤੂਬਰ ਨੂੰ ਕਸ਼ਮੀਰ ਦਾ ਦੌਰਾ ਕਰ ਕੇ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਵੇਗਾ। ਵਫ਼ਦ ਨੇ ਰਾਸ਼ਟਰੀ ਸੁਰੱਖਿਆ ਸਲਾਕਾਰ ਅਜੀਤ ਡੋਭਾਲ ਨਾਲ ਵੀ ਮੁਲਕਾਤ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।