ਕਸ਼ਮੀਰ 'ਚ ਬੀਤੇ 3 ਮਹੀਨਿਆਂ 'ਚ 10 ਹਜ਼ਾਰ ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਬੰਦੀਆਂ ਕਾਰਨ ਮੁੱਖ ਬਾਜ਼ਾਰ ਜ਼ਿਆਦਾਤਰ ਸਮਾਂ ਬੰਦ ਰਹੇ ਅਤੇ ਜਨਤਕ ਆਵਾਜਾਈ ਵੀ ਸੜਕਾਂ 'ਤੇ ਬਿਲਕੁਲ ਘੱਟ ਰਹੀ।

Jammu and Kashmir : Rs 10,000 crore loss in business since lockdown

ਸ੍ਰੀਨਗਰ : ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ-370 ਨੂੰ ਖ਼ਤਮ ਕਰ ਦਿੱਤੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਲਗਾਈ ਗਈ ਪਾਬੰਦੀ ਕਾਰਨ ਪਿਛਲੇ 3 ਮਹੀਨਿਆਂ 'ਚ ਕਸ਼ਮੀਰ ਘਾਟੀ 'ਚ ਵਪਾਰਕ ਅਦਾਰਿਆਂ ਨੂੰ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਕਸ਼ਮੀਰ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਪ੍ਰਧਾਨ ਸ਼ੇਖ ਆਸ਼ਿਕ ਦਾ ਕਹਿਣਾ ਹੈ ਕਿ ਜਦੋਂ ਤਕ ਘਾਟੀ ਦੇ ਹਾਲਾਤ ਆਮ ਨਹੀਂ ਹੋ ਜਾਂਦੇ, ਉਦੋਂ ਤਕ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਸਹੀ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਕੇਂਦਰ ਸਰਕਾਰ ਨੇ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ 'ਚ ਲਾਗੂ ਧਾਰਾ 370 ਨੂੰ ਖ਼ਤਮ ਕਰ ਦਿੱਤਾ ਸੀ। ਉਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸੂਬੇ 'ਚ ਕਈ ਤਰ੍ਹਾਂ ਦੀਆਂ ਪਾਬੰਦੀ ਲਗਾਈਆਂ ਹੋਈਆਂ ਹਨ। ਸੋਮਵਾਰ ਨੂੰ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਹੋਏ 85 ਦਿਨ ਹੋ ਗਏ ਹਨ। ਇਨ੍ਹਾਂ ਪਾਬੰਦੀਆਂ ਕਾਰਨ ਮੁੱਖ ਬਾਜ਼ਾਰ ਜ਼ਿਆਦਾਤਰ ਸਮਾਂ ਬੰਦ ਰਹੇ ਅਤੇ ਜਨਤਕ ਆਵਾਜਾਈ ਵੀ ਸੜਕਾਂ 'ਤੇ ਬਿਲਕੁਲ ਘੱਟ ਰਹੀ।

ਸ਼ੇਖ ਆਸ਼ਿਕ ਮੁਤਾਬਕ ਸ਼ਹਿਰ ਦੇ ਲਾਲ ਚੌਕ ਇਲਾਕੇ 'ਚ ਕੁਝ ਦੁਕਾਨਾਂ ਸਵੇਰ ਸਮੇਂ ਅਤੇ ਸ਼ਾਮ ਨੂੰ ਹਨੇਰਾ ਹੋਣ ਸਮੇਂ ਖੁੱਲ੍ਹਦੀਆਂ ਹਨ ਪਰ ਮੁੱਖ ਬਾਜ਼ਾਰ ਬੰਦ ਰਹੇ। ਉਨ੍ਹਾਂ ਕਿਹਾ ਕਿ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਅੰਦਾਜਾ ਹਾਲੇ ਲਗਾਉਣਾ ਮੁਸ਼ਕਲ ਹੈ, ਕਿਉਂਕਿ ਇਸ ਸਮੇਂ ਹਾਲਾਤ ਆਮ ਨਹੀਂ ਹੋਏ ਹਨ। ਇਸ ਦੌਰਾਨ ਕਾਰੋਬਾਰੀ ਅਦਾਰਿਆਂ ਨੂੰ ਗੰਭੀਰ ਝਟਕਾ ਲੱਗਾ ਹੈ ਅਤੇ ਉਸ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਕਸ਼ਮੀਰ ਖੇਤਰ 'ਚ ਹੁਣ ਤਕ ਕੁਲ ਕਾਰੋਬਾਰੀ ਨੁਕਸਾਨ 10 ਹਜ਼ਾਰ ਕਰੋੜ ਰੁਪਏ ਦੇ ਅੰਕੜੇ ਤੋਂ ਪਾਰ ਜਾ ਚੁੱਕਾ ਹੈ ਅਤੇ ਸਾਰੇ ਖੇਤਰਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ।

ਸ਼ੇਖ ਆਸ਼ਿਕ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਕਿਸੇ ਵੀ ਕਾਰੋਬਾਰ ਲਈ ਇੰਟਰਨੈਟ ਸੇਵਾਵਾਂ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਬਗੈਰ ਕੰਮ ਕਰਨਾ ਮੁਸ਼ਕਲ ਹੈ। ਅਸੀ ਇਸ ਬਾਰੇ ਰਾਜਪਾਲ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਕਸ਼ਮੀਰ 'ਚ ਕੰਮ ਧੰਦੇ ਨੂੰ ਨੁਕਸਾਨ ਹੋਵੇਗਾ ਅਤੇ ਅਰਥਵਿਵਸਥਾ ਕਮਜੋਰ ਪੈ ਜਾਵੇਗੀ। ਆਉਣ ਵਾਲੇ ਸਮੇਂ 'ਚ ਇਸ ਦਾ ਗੰਭੀਰ ਪ੍ਰਭਾਵ ਪੈ ਸਕਦਾ ਹੈ।