ਸਾੜ੍ਹੇ ਚਾਰ ਸਾਲ 'ਚ ਮੋਦੀ ਨੇ ਵਿਦੇਸ਼ ਯਾਤਰਾ ਅਤੇ ਚਾਰਟਿਰਡ ਪਲੇਨ 'ਤੇ ਖਰਚ ਕੀਤੇ 2,450 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੇ ਸਾੜ੍ਹੇ ਚਾਰ ਤੋਂ ਜ਼ਿਆਦਾ ਸਮੇਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 48 ਵਿਦੇਸ਼ ਯਾਤਰਾਵਾਂ ਕੀਤੀਆਂ ਹਨ ਜਿਸ ਦਾ ਖਰਚ 2,021 ਕਰੋਡ਼ ਰੁਪਏ ਆਇਆ...

Narendra Modi's Foreign Trips

ਨਵੀਂ ਦਿੱਲੀ : 2019 ਦੇ ਲੋਕਸਭਾ ਚੋਣ ਵਿਚ ਹੁਣ ਕੁੱਝ ਹੀ ਮਹੀਨਿਆਂ ਦਾ ਸਮਾਂ ਬਚਿਆ ਹੈ। ਅਪਣੇ ਸਾੜ੍ਹੇ ਚਾਰ ਤੋਂ ਜ਼ਿਆਦਾ ਸਮੇਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 48 ਵਿਦੇਸ਼ ਯਾਤਰਾਵਾਂ ਕੀਤੀਆਂ ਹਨ ਜਿਸ ਦਾ ਖਰਚ 2,021 ਕਰੋਡ਼ ਰੁਪਏ ਆਇਆ ਹੈ। ਉਨ੍ਹਾਂ ਦੇ ਮੁਕਾਬਲੇ ਸਾਬਕਾ ਪੀਐਮ ਮਨਮੋਹਨ ਸਿੰਘ ਨੇ 38 ਵਿਦੇਸ਼ ਯਾਤਰਾ ਕੀਤੀਆਂ ਸਨ। ਪ੍ਰਧਾਨ ਮੰਤਰੀ ਮੋਦੀ ਦੇ ਚਾਰਟਿਰਡ ਪਲੇਨ ਨੂੰ ਕਿਰਾਏ 'ਤੇ ਲੈਣ ਦਾ ਖਰਚਾ 429.28 ਕਰੋੜ ਰੁਪਏ ਰਿਹਾ। ਇਹ ਕੀਮਤ ਮਨਮੋਹਨ ਸਿੰਘ ਤੋਂ ਸਿਰਫ਼ 64 ਕਰੋੜ ਰੁਪਏ ਘੱਟ ਹੈ।

ਇਹ ਅੰਕੜੇ ਰਾਜ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰਾਲਾ ਨੇ ਦਿਤੇ। ਜੇਕਰ ਵਿਦੇਸ਼ ਯਾਤਰਾ ਅਤੇ ਜਹਾਜ਼ ਦੇ ਖਰਚ ਨੂੰ ਜੋੜ ਦਿਤਾ ਜਾਵੇ ਤਾਂ ਕੁਲ ਕੀਮਤ 2,450 ਕਰੋਡ਼ ਰੁਪਏ ਹੋ ਜਾਂਦੀ ਹੈ। 

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ 84 ਵਿਦੇਸ਼ ਯਾਤਰਾਵਾਂ ਅਤੇ ਇਸ਼ਤਿਹਾਰਾਂ 'ਤੇ ਖਰਚੇ 65 ਅਰਬ ਰੁਪਏ

ਮੰਤਰਾਲਾ ਨੇ ਅਪਣੇ ਜਵਾਬ ਵਿਚ ਕਿਹਾ ਹੈ ਕਿ ਚਾਰ ਯਾਤਰਾਵਾਂ ਲਈ ਚਾਰਟਿਰਡ ਪਲੇਨ ਦੇ 19.32 ਕਰੋੜ ਰੁਪਏ ਦੇ ਖਰਚ ਨੂੰ ਫਿਲਹਾਲ ਪੈਸੇ ਦੀ ਕਮੀ ਕਾਰਨ ਇਸ ਵਿੱਤੀ ਸਾਲ ਵਿਚ ਪਾਸ ਨਹੀਂ ਕੀਤਾ ਜਾ ਸਕਿਆ ਹੈ।

ਇਸ ਵਿਚ ਪ੍ਰਧਾਨ ਮੰਤਰੀ ਦਾ ਅਪ੍ਰੈਲ ਮਹੀਨੇ ਵਿਚ ਕੀਤਾ ਗਿਆ ਸਵੀਡਨ, ਬ੍ਰੀਟੇਨ ਅਤੇ ਜਰਮਨੀ, ਮਈ ਵਿਚ ਰੂਸ, 28 ਮਈ ਤੋਂ 2 ਜੂਨ ਵਿਚ ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਅਤੇ ਜੂਨ ਦਾ ਚੀਨ ਦੌਰਾ ਸ਼ਾਮਿਲ ਹੈ। ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਯਾਤਰਾ ਦਾ ਖਰਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਮੰਤਰਾਲਾ ਨੇ ਕਿਹਾ ਹੈ ਕਿ ਉਸ ਨੂੰ ਮਈ ਤੋਂ ਲੈ ਕੇ ਨਵੰਬਰ ਤੱਕ ਇਸ ਸਾਲ ਕੀਤੀ ਗਈ ਯਾਤਰਾਵਾਂ ਦਾ ਬਿਲ ਨਹੀਂ ਮਿਲਿਆ ਹੈ। ਇਸ ਵਿਚ ਨੇਪਾਲ (ਮਈ), ਰਵਾਂਡਾ, ਯੁਗਾਂਡਾ ਅਤੇ ਦੱਖਣ ਅਫ਼ਰੀਕਾ (ਜੁਲਾਈ) ਅਤੇ ਮਾਲਦੀਵ (ਨਵੰਬਰ) ਦੀ ਯਾਤਰਾ ਸ਼ਾਮਿਲ ਹਨ।

ਰਾਜ ਸਭਾ ਵਿਚ ਕਾਂਗਰਸ ਸਾਂਸਦ ਸੰਜੈ ਸਿੰਘ ਨੇ ਦੋਵਾਂ ਪ੍ਰਧਾਨ ਮੰਤਰੀਆਂ ਦੀ ਵਿਦੇਸ਼ ਯਾਤਰਾਵਾਂ ਉਤੇ ਹੋਏ ਖਰਚ, ਉਨ੍ਹਾਂ ਦੇ ਨਾਲ ਕਿੰਨੇ ਲੋਕ ਗਏ ਸਨ ਇਸ ਦਾ ਪੂਰਾ ਵੇਰਵਾ ਮੰਗਿਆ ਸੀ। ਜਵਾਬ ਦੇ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਉਤੇ ਜਹਾਜ਼ ਦੇ ਰਖ-ਰਖਾਅ 'ਤੇ ਖਰਚ ਹੋਏ 375.29 ਕਰੋੜ ਰੁਪਏ ਬਾਕੀ ਹਨ। ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਵਿਚ ਜਹਾਜ਼ ਦੇ ਰਖ-ਰਖਾਅ ਦਾ ਖਰਚ ਸਾਬਕਾ ਪ੍ਰਧਾਨ ਮੰਤਰੀ ਦੀ ਤੁਲਨਾ ਵਿਚ 731.58 ਕਰੋੜ ਰੁਪਏ ਜ਼ਿਆਦਾ ਰਿਹਾ।

ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਜਹਾਜ਼ ਦੇ ਰਖ-ਰਖਾਅ ਉਤੇ 842.6 ਕਰੋਡ਼ ਰੁਪਏ ਖਰਚ ਹੋਏ ਸਨ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਵਿਚ 1,574.18 ਕਰੋੜ ਰੁਪਏ ਦਾ ਖਰਚ ਆਇਆ ਹੈ। ਹਾਲ ਹੀ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਉਹ ਕਦੇ ਚੁੱਪ ਪ੍ਰਧਾਨ ਮੰਤਰੀ ਨਹੀਂ ਰਹੇ। ਅਪਣੀ ਵਿਦੇਸ਼ ਯਾਤਰਾਵਾਂ ਦੇ ਦੌਰਾਨ ਉਹ ਲੰਮੀ ਪ੍ਰੈਸ ਕਾਨਫਰੰਸ ਕਰਦੇ ਸਨ। ਜਿਸ ਵਿਚ ਭਾਰਤੀ ਪੱਤਰਕਾਰਾਂ ਦਾ ਇਕ ਦਸਦਾ ਉਨ੍ਹਾਂ ਦੇ ਨਾਲ ਚਲਿਆ ਕਰਦਾ ਸੀ। ਰਾਜ ਸਭਾ ਵਿਚ ਦਿਤੇ ਜਵਾਬ ਦੇ ਮੁਤਾਬਕ ਪੀਐਮ ਮੋਦੀ ਪੱਤਰਕਾਰਾਂ ਦੇ ਇਕ ਬਹੁਤ ਛੋਟੇ ਸਮੂਹ ਨੂੰ ਅਪਣੇ ਨਾਲ ਲੈ ਕੇ ਜਾਂਦੇ ਹਨ।

ਪਹਿਲੇ ਸਾਲ ਵਿਚ ਪੀਐਮ ਮੋਦੀ ਸਿਰਫ਼ ਨਿਊਜ਼ ਏਜੰਸੀਆਂ ਜਿਵੇਂ ਕਿ ਪੀਟੀਆਈ, ਏਐਨਆਈ ਅਤੇ ਯੂਐਨਆਈ ਦੇ ਪੱਤਰਕਾਰਾਂ ਨੂੰ ਲੈ ਕੇ ਗਏ ਸਨ। 2016 ਵਿਚ ਸਿਰਫ਼ ਇਸ ਏਜੰਸੀ ਦੇ ਫੋਟੋ ਪੱਤਰਕਾਰਾਂ ਨੂੰ ਨਾਲ ਜਾਣ ਦੀ ਇਜਾਜ਼ਤ ਸੀ ਅਤੇ 2017 ਵਿਚ ਪੀਟੀਆਈ ਦੇ ਫੋਟੋ ਪੱਤਰਕਾਰਾਂ ਨੂੰ ਹਟਾ ਦਿਤਾ ਗਿਆ।