ਦਿੱਲੀ ਚੋਣਾਂ : ਕਾਂਗਰਸ ਜਨਵਰੀ 'ਚ ਕਰ ਸਕਦੀ ਹੈ ਉਮੀਦਵਾਰਾ ਦਾ ਐਲਾਨ, ਜਾਣੋ ਕਿਹੜੇ ਹੋਣਗੇ ਨਾਮ !

ਏਜੰਸੀ

ਖ਼ਬਰਾਂ, ਰਾਸ਼ਟਰੀ

ਫਰਵਰੀ ਵਿਚ ਪੈ ਸਕਦੀਆਂ ਹਨ ਵਿਧਾਨ ਸਭਾ ਲਈ ਵੋਟਾਂ

Photo

ਨਵੀਂ ਦਿੱਲੀ : ਅਗਲੇ ਸਾਲ 2020 ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਫਰਵਰੀ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾ ਪੈਣੀਆ ਸੰਭਾਵਤ ਮੰਨਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਰਾਜਨੀਤਿਕ ਗਲਿਆਰਿਆਂ ਵਿਚ ਸਰਗਰਮੀ ਤੇਜ਼ ਹੋ ਗਈ ਹੈ। ਦਿੱਲੀ ਵਿਚ ਸੱਤਾ ਧਾਰੀ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਆਪਣੇ ਚੋਣ ਪ੍ਰਚਾਰ ਦਾ ਐਲਾਨ ਕਰ ਦਿੱਤਾ ਹੈ।

ਦੂਜੇ ਪਾਸੇ ਭਾਜਪਾ ਨੇ ਵੀ ਰਾਮ ਲੀਲਾ ਮੈਦਾਨ ਵਿਚ ਰੈਲੀ ਕਰਕੇ ਚੋਣ ਪ੍ਰਚਾਰ ਦਾ ਬਿਗਲ ਵਜਾ ਦਿੱਤੀ ਹੈ। ਪਰ ਦਿੱਲੀ ਦੀ ਸੱਤਾ 'ਤੇ ਲਗਾਤਾਰ 15 ਸਾਲ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ ਦੇ ਖੇਮੇ ਵਿਚ ਹੁਣ ਤੱਕ ਸ਼ਾਤੀ ਪਸਰੀ ਹੋਈ ਸੀ ਪਰ ਹੁਣ ਪਾਰਟੀ ਨੇ ਚੋਣਾ ਨੇੜੇ ਆਉਂਦੀਆ ਵੇਖ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਾਂਗਰਸ ਪਾਰਟੀ ਆਉਣ ਵਾਲੀ ਚੋਣਾਂ ਵਿਚ ਆਪਣੀ ਪਾਰਟੀ ਦੇ ਵੱਡੇ ਆਗੂਆਂ ਨੂੰ ਮੈਦਾਨ ਵਿਚ ਉਤਾਰੇਗੀ।ਪਾਰਟੀ  ਨੇ ਦਿੱਲੀ ਵਿਚ ਅਜਿਹੇ 20 ਤੋਂ 25 ਵਿਧਾਨ ਸਭਾ ਹਲਕਿਆਂ ਦੀ ਸ਼ਨਾਖਤ ਕਰ ਲਈ ਹੈ ਜਿੱਥੇ ਉਹ ਪਾਰਟੀ ਦੇ ਸੰਭਾਵਤ ਉਮੀਦਵਾਰਾਂ ਦੇ ਨਾਮ ਐਲਾਨ ਸਕਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਅਗਲੇ ਮਹੀਨੇਂ ਦੇ ਸ਼ੁਰੂਆਤੀ ਦਿਨਾਂ ਵਿਚ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਅਤੇ ਪਾਰਟੀ 2013 ਵਿਚ ਚੋਣਾਂ ਦੌਰਾਨ ਜਿੱਤੇ ਸਾਰੇ ਉਮੀਦਵਾਰਾਂ ਨੂੰ ਵੀ ਦੁਬਾਰਾ ਟਿਕਟ ਦੇਵੇਗੀ। ਰਿਪੋਰਟਾ ਅਨੁਸਾਰ ਹਾਰੂਨ ਯੂਸਫ ਨੂੰ ਬਾਲੀਮਾਰਨ,ਯਾਦਵਿੰਦਰ ਲਵਲੀ ਨੂੰ ਬਾਦਲੀ, ਅਰਵਿੰਦਰ ਲਵਲੀ ਨੂੰ ਗਾਂਧੀ ਨਗਰ, ਹਸਨ ਅਹਿਮਦ ਨੂੰ ਮੁਸਤਾਫਾਬਾਦ, ਆਸਿਫ ਮਹੁੰਮਦ ਖਾਨ ਨੂੰ ਓਖਲਾ, ਐਮ ਮਹੁੰਮਦ ਨੂੰ ਸਲੀਮਪੁਰ ਅਤੇ ਜੈ ਕਿਸ਼ਨ ਨੂੰ ਸੁਲਤਾਨਪੁਰ ਮਾਜਰਾ ਤੋਂ ਚੋਂਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।

ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਈ ਅਲਕਾ ਲਾਂਬਾ ਨੂੰ ਪਾਰਟੀ ਚਾਂਦਨੀ ਚੌਕ ਤੋਂ ਟਿਕਟ ਦੇ ਸਕਦੀ ਹੈ। ਅਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸ਼ੋਏਬ ਇਕਬਾਲ ਨੂੰ ਵੀ ਕਾਂਗਰਸ ਪਾਰਟੀ ਮੈਦਾਨ ਵਿਚ ਉਤਾਰ ਸਕਦੀ ਹੈ।  ਅਜੈ ਮਾਕਨ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੂੰ ਵੀ ਟਿਕਟ ਦੇਣਾ ਤੈਅ ਮੰਨਿਆ ਜਾ ਰਿਹਾ ਹੈ।

ਰਿਪੋਰਟਾ ਵਿਚ ਦੱਸਿਆ ਗਿਆ ਹੈ ਕਿ ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿਚ ਸ਼ਾਮਲ ਕੀਤੇ ਜਾਣ ਵਾਲੇ ਨਾਮਾਂ ਦਾ ਬਕਾਇਦਾ ਕਾਫ਼ੀ ਸਰਵੇਖਣ ਵੀ ਕਰਵਾਇਆ ਹੈ। ਸਰਵੇਖਣ ਤੋਂ ਬਾਅਦ ਹੀ ਪਾਰਟੀ ਹਾਈਕਮਾਂਡ ਨੂੰ ਇਹ ਪ੍ਰਤੀਤ ਹੋਇਆ ਹੈ ਕਿ ਇਹ ਸਿਰ ਕੱਢਵੇ ਆਗੂ ਇਨ੍ਹਾਂ ਚੋਣਾ ਦੌਰਾਨ ਜਿੱਤ ਦੀ ਸਥਿਤੀ ਵਿਚ ਆ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਦੂਜੀ ਸੂਚੀ ਲਈ ਵੀ ਸਰਵੇਖਣ ਦੌਰਾਨ ਵਧੀਆ ਸਥਿਤੀ ਵਿਚ ਮੰਨੇ ਜਾ ਰਹੇ ਉਮੀਦਵਾਰਾਂ ਦਾ ਨਾਮ ਸ਼ਾਮਲ ਕੀਤਾ ਹੈ।

ਦੱਸ ਦਈਏ ਕਿ 2013 ਵਿਚ ਕਾਂਗਰਸ ਪਾਰਟੀ ਚੋਣਾਂ ਵਿਚ 8 ਸੀਟਾ ਜਿੱਤਣ ਵਿਚ ਸਫ਼ਲ ਰਹੀ ਸੀ ਅਤੇ ਆਮ ਆਦਮੀ ਪਾਰਟੀ ਨਾਲ ਉਸ ਦੀ ਕੁੱਝ ਦਿਨ ਗਠਜੋੜ ਦੀ ਸਰਕਾਰ ਵੀ ਚੱਲੀ ਸੀ ਪਰ ਗਠਜੋੜ ਟੁੱਟਣ ਤੋਂ ਬਾਅਦ 2015 ਵਿਚ ਹੋਈ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਨੂੰ ਇਕ ਵੀ ਸੀਟ ਹਾਸਲ ਨਹੀਂ ਹੋਈ ਸੀ ਅਤੇ ਪਾਰਟੀ ਨੂੰ ਸ਼ਰਮਨਾਕ ਹਾਰ ਦਾ ਮੂੰਹ ਵੇਖਣਾ ਪਿਆ ਸੀ।