ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ੀ ਨੌਜਵਾਨ ਵੱਲੋਂ ਜੇਲ੍ਹ 'ਚ ਖ਼ੁਦਕੁਸ਼ੀ
19 ਸਾਲਾ ਨੌਜਵਾਨ 26 ਸਤੰਬਰ ਤੋਂ ਜੇਲ੍ਹ ਵਿੱਚ ਸੀ
ਮੁੰਬਈ - ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ 19 ਸਾਲਾ ਨੌਜਵਾਨ ਨੇ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਵਿੱਚ ਕਥਿਤ ਤੌਰ ’ਤੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੁਲਜ਼ਮ ਆਪਣੇ ਖ਼ਿਲਾਫ਼ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਪਰੇਸ਼ਾਨ ਸੀ।
ਪੁਲਿਸ ਨੇ ਦੱਸਿਆ ਕਿ ਨੌਜਵਾਨ, ਜਿਸ ਦੀ ਪਛਾਣ ਕਰਨ ਪ੍ਰਮੋਦ ਸੇਰੀਅਨ ਵਜੋਂ ਹੋਈ ਹੈ, ਮੰਗਲਵਾਰ ਤੜਕੇ ਬੈਰਕ ਦੇ ਪੱਖੇ ਨਾਲ ਲਟਕਦਾ ਪਾਇਆ ਗਿਆ। ਹੋਰ ਕੈਦੀਆਂ ਵੱਲੋਂ ਸੂਚਿਤ ਕਰਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਮੁੰਬਰਾ ਦਾ ਰਹਿਣ ਵਾਲਾ ਸੇਰੀਅਨ 26 ਸਤੰਬਰ ਤੋਂ ਜੇਲ੍ਹ ਵਿੱਚ ਸੀ ਅਤੇ ਉਸ ਨੇ ਖੁਦਕੁਸ਼ੀ ਲਈ ਆਪਣੇ ਪਜਾਮੇ ਦੀ ਵਰਤੋਂ ਕੀਤੀ।
ਕਮੋਠੇ ਪੁਲਿਸ ਨੇ 22 ਸਤੰਬਰ ਨੂੰ 16 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਸੇਰੀਅਨ ਨੂੰ ਗ੍ਰਿਫਤਾਰ ਕੀਤਾ ਸੀ। ਉਸ 'ਤੇ ਭਾਰਤੀ ਦੰਡ ਵਿਧਾਨ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਸੇਰੀਅਨ ਦੇ ਲੜਕੀ ਨਾਲ ਪ੍ਰੇਮ ਸੰਬੰਧ ਸੀ ਅਤੇ ਉਹ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਮਿਲਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕਮੋਠੇ ਪੁਲਿਸ ਨੇ ਲੜਕੀ ਦੇ ਮਾਤਾ-ਪਿਤਾ ਦੀ ਸ਼ਿਕਾਇਤ 'ਤੇ ਸੇਰੀਅਨ ਖਿਲਾਫ ਮਾਮਲਾ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਸੇਰੀਅਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਅਤੇ ਖਾਰਘਰ ਪੁਲਿਸ ਸਟੇਸ਼ਨ ਵਿੱਚ ਦੁਰਘਟਨਾ 'ਚ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।