ਸਿਰਸਾ ਨੇ ਭਾਜਪਾ ‘ਤੇ ਕੱਢੀ ਭੜਾਸ, ਗੁਰਦੁਆਰਿਆਂ ‘ਚ ਬਿਨ੍ਹਾਂ ਮਤਲਬ ਦੀ ਦਖ਼ਲਅੰਦਾਜ਼ੀ ਬੰਦ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਨੂੰ ਆੜੇ ਹੱਥੀ ਲੈਂਦੇ ਹੋਏ ਟਵੀਟ ਕਰ ਕੇ ਅਮਿਤ ਸ਼ਾਹ ਨੂੰ ਸਪੱਸ਼ਟ ਸ਼ਬਦਾਂ...

Manjinder Singh Sirsa

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਨੂੰ ਆੜੇ ਹੱਥੀ ਲੈਂਦੇ ਹੋਏ ਟਵੀਟ ਕਰ ਕੇ ਅਮਿਤ ਸ਼ਾਹ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਗੁਰਦੁਆਰਿਆਂ ਵਿਚ ਕੇਂਦਰ ਦਾ ਦਖ਼ਲ ਭਾਜਪਾ ਤੇ ਅਕਾਲੀ ਦਲ ਵਿਚ ਟਕਰਾਅ ਪੈਦਾ ਕਰ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਦਾ ਇਹ ਵੱਡਾ ਬਿਆਨ ਮੰਨਿਆ ਜਾ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਹੁਣ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ।

ਇਸ ਗੱਲ ਦਾ ਵਧੇਰੇ ਸਪੱਸ਼ਟੀਕਰਨ ਸਿਰਸਾ ਦੇ ਇਸ ਟਵੀਟ ਨੇ ਦਿਤਾ ਹੈ। ਸਿਰਸਾ ਨੇ ਟਵੀਟ ਵਿਚ ਲਿਖਿਆ ਕਿ ਕੇਂਦਰ ਸਰਕਾਰ ਵਲੋਂ ਗੁਰਦੁਆਰਿਆਂ ਵਿਚ ਲਗਾਤਾਰ ਬਿਨ੍ਹਾਂ ਗੱਲ ਤੋਂ ਦਖ਼ਲਅੰਦਾਜ਼ੀ ਦੇਣ ਦੇ ਕਾਰਨ ਭਾਰਤ ਅਤੇ ਪੂਰੀ ਦੁਨੀਆਂ ਵਿਚ ਘੱਟ ਗਿਣਤੀ ਸਿੱਖਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।​ ਭਾਵੇਂ ਉਹ ਪਟਨਾ ਸਾਹਿਬ ਹੋਵੇ ਜਾਂ ਹਜ਼ੂਰ ਸਾਹਿਬ। ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਇਸ ਤੋਂ ਪਹਿਲਾਂ ਇਹ ਮੁੱਦਾ ਭਾਜਪਾ ਤੇ ਅਕਾਲੀ ਦਲ ਦੇ ਵਿਚਾਲੇ ਟਕਰਾਅ ਦਾ ਕਾਰਨ ਬਣੇ, ਇਸ ਮਸਲੇ ਵੱਲ ਧਿਆਨ ਦਿਤਾ ਜਾਵੇ।

ਸਿਰਸਾ ਨੇ ਕਿਹਾ ਕਿ ਸਾਡੇ ਲਈ ਗੱਠਜੋੜ ਅਹਿਮ ਨਹੀਂ ਹੈ, ਸਾਡੇ ਲਈ ਕੁਰਸੀਆਂ ਜ਼ਰੂਰੀ ਨਹੀਂ ਹਨ,  ਸੰਸਦ ਵਿਧਾਇਕ ਜਾਂ ਮੰਤਰੀ ਬਣਨਾ ਵੀ ਜਰੂਰੀ ਨਹੀਂ ਹੈ। ਸਾਡੇ ਲਈ ਅਪਣੇ ਗੁਰੂ ਘਰ ਜ਼ਰੂਰੀ ਹਨ। ਜੇਕਰ ਭਾਜਪਾ ਦੀਆਂ ਗੁਰਦੁਆਰਿਆਂ ਦੇ ਅੰਦਰ ਦਖ਼ਲਅੰਦਾਜ਼ੀ ਬੰਦ ਨਹੀਂ ਹੋਵੇਗੀ ਤਾਂ ਅਸੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਾਂ ਕਿਉਂਕਿ ਇਕ ਸਿੱਖ ਲਈ ਉਸ ਦੇ ਪਵਿੱਤਰ ਸਥਾਨ ਗੁਰਦੁਆਰੇ ਸਭ ਤੋਂ ਉੱਪਰ ਹਨ।

ਭਾਜਪਾ ਨੇ ਪਹਿਲਾਂ ਪਟਨਾ ਸਾਹਿਬ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸੁਖਬੀਰ ਬਾਦਲ ਨੇ ਅਮਿਤ ਸ਼ਾਹ ਨਾਲ ਗੱਲ ਕਰਕੇ ਸਾਰਟ ਆਊਟ ਕਰਵਾਇਆ। ਹੁਣ ਨੰਦੇੜ ‘ਚ ਤਖ਼ਤ ਸ਼੍ਰੀ ਹਜੂਰ ਸਾਹਿਬ ਵਿਚ ਇਨ੍ਹਾਂ ਨੇ ਪਹਿਲਾਂ ਅਪਣੇ ਐਮਐਲਏ ਨੂੰ ਉਸ ਦਾ ਪ੍ਰਧਾਨ ਬਣਵਾ ਦਿਤਾ ਅਤੇ ਹੁਣ ਐਕਟ ਨੂੰ ਹੀ ਬਦਲਣ ਜਾ ਰਹੇ ਹਨ ਕਿ ਹਮੇਸ਼ਾ ਲਈ ਉਥੇ ਪ੍ਰਧਾਨ ਕੌਣ ਹੋਵੇਗਾ ਉਥੋਂ ਦੀ ਸਰਕਾਰ ਤੈਅ ਕਰੇਗੀ।