ਭਾਰਤ ਵਿਚ ਕੋਰੋਨਾ ਵਾਇਰਸ ਦੀ ਦਸਤਕ, ਇਸ ਸੂਬੇ ‘ਚ ਹੋਈ ਪਹਿਲੇ ਮਾਮਲੇ ਦੀ ਪੁਸ਼ਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਖਿਰਕਾਰ ਚੀਨੀ ਕੋਰੋਨਾ ਵਾਇਰਸ ਭਾਰਤ ਵਿਚ ਦਾਖਲ ਹੋ ਹੀ ਗਿਆ ਹੈ।

Photo

ਨਵੀਂ ਦਿੱਲੀ: ਆਖਿਰਕਾਰ ਚੀਨੀ ਕੋਰੋਨਾ ਵਾਇਰਸ ਭਾਰਤ ਵਿਚ ਦਾਖਲ ਹੋ ਹੀ ਗਿਆ ਹੈ। ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਨਿਗਰਾਨੀ ਅਤੇ ਜਾਂਚ ਜਾਰੀ ਰਹਿਣ ਦੇ ਬਾਵਜੂਦ ਵੀ ਭਾਰਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੇਰਲ ਦੇ ਰਹਿਣ ਵਾਲੇ ਇਕ ਵਿਦਿਆਰਥੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ।

ਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ ਹੀ ਇਸ ਵਿਦਿਆਰਥੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਮਰੀਜ਼ ਦੀ ਹਾਲਤ ਸਥਿਰ ਹੈ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਸਖਤ ਨਿਗਰਾਨੀ ਵਿਚ ਰੱਖਿਆ ਹੈ। ਇਹ ਵਿਦਿਆਰਥੀ ਵੂਹਾਨ ਯੂਨੀਵਰਸਿਟੀ ਵਿਚ ਪੜ੍ਹਾਈ ਕਰਦਾ ਹੈ ਅਤੇ ਹਾਲ ਹੀ ਵਿਚ ਭਾਰਤ ਪਰਤਿਆ ਹੈ।

ਅਧਿਕਾਰਕ ਅੰਕੜਿਆਂ ਦੇ ਹਿਸਾਬ ਨਾਲ ਗੁਆਂਢੀ ਮੁਲਕ ਵਿਚ ਹੀ ਹੁਣ ਤੱਕ ਲਗਭਗ 170 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਵਿਚ ਲਗਭਗ 7700 ਲੋਕ ਕੋਰੋਨਾ ਵਾਇਰਸ ਦੇ ਘੇਰੇ ਵਿਚ ਆ ਚੁੱਕੇ ਹਨ। ਹਾਲਾਂਕਿ ਹਾਲੇ ਤੱਕ ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਦੇ ਅਟੈਕ ਨੂੰ ਪਬਲਿਕ ਐਮਰਜੈਂਸੀ ਐਲਾਨ ਨਹੀਂ ਕੀਤਾ ਹੈ।

ਪਰ ਤੇਜ਼ੀ ਨਾਲ ਫੈਲ ਰਿਹਾ ਇਹ ਵਾਇਰਸ ਚੀਨ ਲਈ ਸਿਹਤ ਐਮਰਜੈਂਸੀ ਵਰਗੀ ਸਥਿਤੀ ਪੈਦਾ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਅਪਣੇ ਨਾਗਰਿਕਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਨੇ ਵੂਹਾਨ ਸ਼ਹਿਰ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੰਸੈਂਟ ਫਾਰਮ ਉਪਲਬਧ ਕਰਵਾਇਆ ਹੈ।

ਇਸ ਦੀ ਮਦਦ ਨਾਲ ਵਿਦੇਸ਼ ਮੰਤਰਾਲੇ ਚੀਨ ਦੇ ਇਸ ਸ਼ਹਿਰ ਵਿਚ ਫਸੇ ਲੋਕਾਂ ਦੀ ਜਾਣਕਾਰੀ ਲੈ ਸਕੇਗਾ। ਕੇਂਦਰ ਸਰਕਾਰ ਨੇ ਇਸ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਨਿਗਰਾਨੀ ਦਾ ਕੰਮ 20 ਹਵਾਈ ਅੱਡਿਆਂ ਤੱਕ ਵਧਾ ਦਿੱਤਾ ਹੈ। ਦੱਸ ਦਈਏ ਕਿ ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ।