ਅਰਸ਼ ਤੋਂ ਫਰਸ਼ 'ਤੇ ਡਿੱਗਾ 'ਪਿਆਜ਼' : ਬੰਦਰਗਾਹ 'ਤੇ ਹੀ ਸੜ ਗਿਐ ਹਜ਼ਾਰਾਂ ਟਨ ਵਿਦੇਸ਼ੀ ਸਟਾਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲਗਾਤਾਰ ਡਿੱਗ ਰਹੀਆਂ ਕੀਮਤਾਂ ਕਾਰਨ ਵਿਦੇਸ਼ੀ ਪਿਆਜ਼ ਦੀ ਹੋਰ ਬੇਕਦਰੀ ਤੈਅ

file photo

ਨਵੀਂ ਦਿੱਲੀ : ਪਿਛਲੇ ਦਿਨਾਂ ਦੌਰਾਨ ਅਸਮਾਨੀ ਚੜ੍ਹੇ ਭਾਅ ਕਾਰਨ ਸੁਰਖੀਆਂ ਦਾ ਸ਼ਿੰਗਾਰ ਬਣੇ ਰਹੇ ਪਿਆਜ਼ ਦੀਆਂ ਕੀਮਤਾਂ ਹੁਣ ਤੇਜ਼ੀ ਨਾਲ ਹੇਠਾਂ ਵੱਲ ਜਾ ਰਹੀਆਂ ਹਨ। ਇਸ ਨਾਲ ਭਾਵੇਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਪਿਆਜ਼ ਦੀ ਹਾਲਤ ਅਰਸ਼ ਤੋਂ ਫਰਸ਼ 'ਤੇ ਡਿੱਗਣ ਵਾਲੀ ਹੋ ਗਈ ਹੈ। ਇਸ ਦੀ ਵਜ੍ਹਾ ਨਾਲ ਵਿਦੇਸ਼ ਤੋਂ ਦਰਾਮਦ ਕੀਤਾ ਗਿਆ ਹਜ਼ਾਰਾਂ ਟਨ ਪਿਆਜ਼ ਬੰਦਰਗਾਹ 'ਤੇ ਹੀ ਪਿਆ ਪਿਆ ਸੜ ਰਿਹਾ ਹੈ।

ਅਸਲ ਵਿਚ ਸਭ ਤੋਂ ਵੱਧ ਪਿਆਜ਼ ਪੈਦਾ ਕਰਨ ਵਾਲੇ ਸੂਬੇ ਮਹਾਰਾਸ਼ਟਰ ਦੀਆਂ ਥੋਕ ਮੰਡੀਆਂ ਵਿਚ ਪਿਛਲੇ ਦਿਨਾਂ ਦੌਰਾਨ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦੀ ਵਜ੍ਹਾ ਨਾਲ ਮੁੰਬਈ ਦੀ ਬੰਦਰਗਾਹ 'ਤੇ ਦਰਾਮਦ ਕੀਤਾ ਗਿਆ ਲਗਭਗ 7,000 ਟਨ ਪਿਆਜ਼ ਪਿਆ ਪਿਆ ਹੀ ਸੜ ਗਿਆ ਹੈ।

ਖ਼ਬਰਾਂ ਮੁਤਾਬਕ ਇੰਪੋਰਟਰਸ ਦੀ ਸੁਸਤੀ ਕਾਰਨ  ਜੇਐਨਪੀਟੀ ਪੋਰਟ 'ਤੇ ਇਕ ਮਹੀਨੇ ਤੋਂ 250 ਰੈਫਰੀਜਰੇਟਿਡ ਕੰਟੇਨਰਸ 'ਚ ਰੱਖਿਆ 7,000 ਟਨ ਪਿਆਜ਼ ਸੜ ਗਿਆ ਹੈ। ਇਸ ਕਾਰਨ ਚਾਰੇ ਪਾਸੇ ਬਦਬੂ ਫੈਲ ਰਹੀ ਹੈ। ਇਸ ਇੰਪੋਰਟਿਡ ਪਿਆਜ਼ ਦੀ ਕੀਮਤ 45 ਰੁਪਏ ਪ੍ਰਤੀ ਕਿਲੋ ਹੈ ਜਦਕਿ ਥੋਕ ਬਾਜ਼ਾਰ ਵਿਚ ਪਿਆਜ਼ ਦੀ ਕੀਮਤ ਕਾਫ਼ੀ ਥੱਲੇ ਆ ਗਈ ਹੈ।

ਦੇਸ਼ ਦੀਆਂ ਥੋਕ ਮਾਰਕੀਟਾਂ ਵਿਚ ਮੰਗਲਵਾਰ ਨੂੰ ਪੰਜਵੇਂ ਦਿਨ ਵੀ ਪਿਆਜ਼ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਕ ਹਫ਼ਤੇ ਦੌਰਾਨ ਪਿਆਜ਼ ਦੀਆਂ ਕੀਮਤਾਂ 'ਚ 40 ਫ਼ੀਸਦੀ ਦੇ ਕਰੀਬ ਕਮੀ ਆ ਗਈ ਹੈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਸਥਿਤ ਲਾਸਲਗਾਂਵ ਮੰਡੀ 'ਚ ਮੰਗਲਵਾਰ ਨੂੰ ਪਿਆਜ਼ ਦਾ ਥੋਕ ਮੁੱਲ 24 ਰੁਪਏ ਪ੍ਰਤੀ ਕਿਲੋਗਰਾਮ ਸੀ ਜੋ 20 ਜਨਵਰੀ ਦੇ 40 ਰੁਪਏ ਦੇ ਹਿਸਾਬ ਨਾਲ ਤਕਰੀਬਨ 40 ਫ਼ੀ ਸਦੀ ਘੱਟ ਹੈ।

ਖ਼ਬਰਾਂ ਮੁਤਾਬਕ ਬਾਹਰੋਂ ਆਏ ਪਿਆਜ਼ ਦਾ ਸਵਾਦ ਵੀ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ਇਸ ਲਈ ਸਰਕਾਰ ਵੀ ਇਸ ਪਿਆਜ਼ ਨੂੰ ਛੇਤੀ ਤੋਂ ਛੇਤੀ ਦੇਸ਼ ਵਿਚੋਂ ਕੱਢਣ ਲਈ ਕਾਹਲੀ ਹੈ। ਸੂਤਰਾਂ ਮੁਤਾਬਕ ਅਮਰੀਕਾ ਵਲੋਂ ਮਨ੍ਹਾ ਕਰਨ ਤੋਂ ਬਾਅਦ ਸਰਕਾਰ ਮਾਲਦੀਵ, ਨੇਪਾਲ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਨੂੰ ਬਿਨਾਂ ਫ਼ਾਇਦੇ-ਨੁਕਸਾਨ ਦੇ ਇਹ ਪਿਆਜ਼ ਵੇਚਣ ਦੀ ਕੋਸ਼ਿਸ਼ 'ਚ ਹੈ।

ਜਾਣਕਾਰੀ ਅਨੁਸਾਰ ਸਰਕਾਰ ਨੇ ਪਿਆਜ਼ ਦਰਾਮਦ ਦੇ ਕੁੱਲ 40,000 ਟਨ ਦੇ ਸੌਦੇ ਕੀਤੇ ਹੋਏ ਹਨ ਜਦਕਿ ਸੂਬਿਆਂ ਨੇ ਸਿਰਫ਼ 2000 ਟਨ ਪਿਆਜ਼ ਹੀ ਚੁਕਿਆ ਹੈ। ਹੁਣ ਬਾਕੀ ਬਚੇ 89 ਫ਼ੀ ਸਦੀ ਪਿਆਜ਼ ਦੇ ਸੜਨ ਦੀ ਸੰਭਾਵਨਾ ਬਣ ਗਈ ਹੈ। ਜਦਕਿ ਸੂਬਾ ਸਰਕਾਰਾਂ ਹੋਰ ਪਿਆਜ਼ ਲੈਣ ਤੋਂ ਇਨਕਾਰ ਕਰ ਰਹੀਆਂ ਹਨ।