ਦੂਜੇ ਦੇਸ਼ਾਂ ਦੇ ਲੋਕਾਂ ਨੂੰ ਬੁਲਾ ਕੇ ਚੋਣ ਪ੍ਰਚਾਰ ਕਰਵਾ ਰਹੀ ਮਮਤਾ : ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਵੋਟ ਬੈਂਕ ਲਈ ਦੀਦੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ

PM Modi addressing rally in West Bengal

ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ਦੌਰਾਨ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਵੱਡਾ ਹਮਲਾ ਕੀਤਾ ਹੈ। ਉਨਾਂ ਨੇ ਕਿਹਾ ਕਿ ਪੂਰਾ ਦੇਸ਼ ਕਹਿ ਰਿਹਾ ਹੈ ਕਿ ਇਸ ਵਾਰ ਪੱਛਮੀ ਬੰਗਾਲ ਵਿਚ ਕੁਝ ਵੱਡਾ ਹੋ ਰਿਹਾ ਹੈ। ਜਨਤਾ ਨਾਲ ਗੁੰਡਾਗਰਦੀ ਕਰਨ ਦਾ ਨਤੀਜਾ 23 ਮਈ ਨੂੰ ਸਾਹਮਣੇ ਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ ਦੇ ਲੋਕਾਂ ਨੇ ਸਪੀਡ ਬ੍ਰੇਕਰ ਦੀਦੀ ਨੂੰ ਸਮਝਾਉਣ ਦਾ ਮਨ ਬਣਾ ਲਿਆ ਹੈ। ਜਨਤਾ ਨਾਲ ਗੁੰਡਾਗਰਦੀ ਕਰਨ ਦਾ, ਉਨ੍ਹਾਂ ਦੇ ਪੈਸੇ ਲੁੱਟਣ ਦਾ ਅਤੇ ਉਨ੍ਹਾਂ ਦਾ ਵਿਕਾਸ ਰੋਕਣ ਦਾ ਨਤੀਜਾ ਕੀ ਹੁੰਦਾ ਹੈ।

ਬੰਗਾਲ ਵਿਚ ਪਹਿਲੇ ਅਤੇ ਦੂਜੇ ਗੇੜ ਦੀਆਂ ਚੋਣਾਂ ਦੀ ਜੋ ਰਿਪੋਰਟ ਆਈ ਹੈ, ਉਸ ਨੇ ਸਪੀਡ ਬ੍ਰੇਕਰ ਦੀਦੀ ਦੀ ਨੀਂਦ ਉੱਡਾ ਦਿਤੀ ਹੈ। ਇਸ ਕਾਰਨ ਕਿਸ ਤਰ੍ਹਾਂ ਦੇ ਅਪਰਾਧ ਹੋ ਰਹੇ ਹਨ, ਉਹ ਵੀ ਦੇਸ਼ ਦੇਖ ਰਿਹਾ ਹੈ। ਪੁਰੂਲੀਆ ਵਿਚ ਸਾਡੇ ਇਕ ਹੋਰ ਵਰਕਰ ਦਾ ਕਤਲ ਕਰ ਦਿਤਾ ਗਿਆ ਹੈ। ਅਪਣੇ ਇਸ ਸਾਥੀ ਦੇ ਪਰਵਾਰ ਵਾਲਿਆਂ ਨਾਲ ਮੈਂ ਖੁਦ ਅਤੇ ਪਾਰਟੀ ਦਾ ਇਕ-ਇਕ ਵਰਕਰ ਖੜ੍ਹਾ ਹੈ। ਮੈਂ ਪੱਛਮੀ ਬੰਗਾਲ ਭਾਜਪਾ ਦੇ ਹਰ ਇਕ ਵਰਕਰ ਨੂੰ, ਹਰ ਇਕ ਵੋਟਰ ਨੂੰ, ਇੱਥੋਂ ਦੇ ਹਰ ਇਕ ਬੱਚੇ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਅੱਤਿਆਚਾਰ ਦਾ ਪੂਰਾ ਨਿਆਂ ਹੋਵੇਗਾ।

ਭਾਜਪਾ ਦੇ ਹਰ ਇਕ ਵਰਕਰ, ਬੰਗਾਲ ਦੇ ਹਰ ਇਕ ਵਿਅਕਤੀ ਨਾਲ ਜੋ ਹਿੰਸਾ ਹੋਈ ਹੈ, ਉਨ੍ਹਾਂ ਹਿੰਸਾ ਕਰਨ ਵਾਲਿਆਂ ਨੂੰ, ਸਾਜ਼ਸ਼ ਕਰਨ ਵਾਲਿਆਂ ਨੂੰ ਕਾਨੂੰਨ ਸਜ਼ਾ ਦੇ ਕੇ ਰਹੇਗਾ, ਨਿਆਂ ਹੋ ਕੇ ਰਹੇਗਾ। ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ।'' ਮੋਦੀ ਨੇ ਕਿਹਾ,''ਹੱਦ ਦੇਖੋ ਮਮਤਾ ਕਹਿੰਦੀ ਹੈ ਕਿ ਪੱਛਮੀ ਬੰਗਾਲ ਦਾ ਇਹ ਮਾਡਲ ਪੂਰੇ ਦੇਸ਼ ਵਿਚ ਲਾਗੂ ਕਰਨਾ ਚਾਹੁੰਦੀ ਹੈ। ਜਿੱਥੇ ਟੋਲਾ ਬਾਜ਼ੀ, ਟੈਕਸ ਦੇ ਬਿਨਾਂ ਜੀਵਨ ਨਹੀਂ ਚੱਲਦਾ, ਜਿੱਥੇ ਗ਼ਰੀਬਾਂ ਨੂੰ ਗ਼ਰੀਬ ਰੱਖਣ ਦੀ ਯੋਜਨਾ ਹੁੰਦੀ ਹੈ।

ਜਿੱਥੇ ਗ਼ਰੀਬ ਦੀ ਕਮਾਈ ਨੂੰ ਟੀ.ਐੱਮ.ਸੀ. ਦੇ ਨੇਤਾ ਲੁੱਟ ਲੈਂਦੇ ਹਨ, ਜਿੱਥੇ ਪੂਜਾ ਤੱਕ ਕਰਨਾ ਮੁਸ਼ਕਲ ਹੁੰਦਾ ਹੈ, ਯਾਤਰਾਵਾਂ ਕੱਢਣਾ ਮੁਸ਼ਕਲ ਹੁੰਦਾ ਹੈ, ਜਿੱਥੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਬੁਲਾ ਕੇ ਚੋਣ ਪ੍ਰਚਾਰ ਕਰਵਾਇਆ ਜਾਂਦਾ ਹੈ, ਕੀ ਕਦੇ ਹਿੰਦੁਸਤਾਨ 'ਚ ਅਜਿਹਾ ਹੋਇਆ ਹੈ ਕਿ ਦੁਨੀਆ ਦੇ ਕਿਸੇ ਦੇਸ਼ ਦੇ ਲੋਕ ਭਾਰਤ ਵਿਚ ਚੋਣ ਪ੍ਰਚਾਰ ਕਰਨ। ਅਪਣੀ ਤਿਜ਼ੋਰੀ ਭਰਨ ਲਈ, ਅਪਣੇ ਵੋਟ ਬੈਂਕ ਲਈ ਦੀਦੀ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਅਜਿਹਾ ਮਾਡਲ ਦੇਸ਼ ਲਈ ਤਾਂ ਦੂਰ ਪੱਛਮੀ ਬੰਗਾਲ ਲਈ ਵੀ ਮਨਜ਼ੂਰ ਨਹੀਂ ਹੈ।

ਬਾਲਾਕੋਟ ਏਅਰਸਟਰਾਈਕ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਜਦੋਂ ਸਾਡੇ ਵੀਰ ਜਵਾਨਾਂ ਨੇ ਪਾਕਿਸਤਾਨ 'ਚ ਜਾ ਕੇ ਅਤਿਵਾਦੀਆਂ ਨੂੰ ਸਾਫ਼ ਕੀਤਾ, ਉਦੋਂ ਦੀਦੀ ਉਨ੍ਹਾਂ ਲੋਕਾਂ ਵਿਚ ਸੀ, ਜਿਨ੍ਹਾਂ ਨੇ ਇਸ ਦਾ ਸਬੂਤ ਮੰਗਿਆ। ਦੀਦੀ ਸਬੂਤ ਹੀ ਲੱਭਣੇ ਹਨ ਤਾਂ ਚਿਟਫ਼ੰਡ ਦੇ ਘਪਲੇਬਾਜ਼ਾਂ ਦੇ ਸਬੂਤ ਲੱਭੋ। ਮਾਂ ਭਾਰਤੀ ਵਿਚ ਆਸਥਾ ਰੱਖਣ ਵਾਲੇ ਜੋ ਲੋਕ ਵੰਡ ਕਾਰਨ ਦੂਜੇ ਦੇਸ਼ਾਂ 'ਚ ਚੱਲੇ ਗਏ ਸਨ, ਅੱਜ ਜਦੋਂ ਉੱਥੇ ਉਨ੍ਹਾਂ ਨਾਲ ਉਨ੍ਹਾਂ ਦੀ ਸ਼ਰਧਾ ਕਾਰਨ ਅਤਿਆਚਾਰ ਹੋ ਰਿਹਾ ਹੈ ਤਾਂ ਉਹ ਕਿੱਥੇ ਜਾਣਗੇ? ਉਨ੍ਹਾਂ ਨੂੰ ਨਰਕ ਦੀ ਜ਼ਿੰਦਗੀ 'ਚੋਂ ਕੱਢਣਾ ਹਰ ਹਿੰਦੁਸਤਾਨੀ ਅਤੇ ਹਰ ਸਰਕਾਰ ਦਾ ਫ਼ਰਜ਼ ਹੈ।