ਕੈਰਾਨਾ ਵਿਚ 73 ਤੇ ਭੰਡਾਰਾ ਗੋਂਦੀਆ ਵਿਚ 49 ਮਤਦਾਨ ਕੇਂਦਰਾਂ 'ਤੇ ਅੱਜ ਦੁਬਾਰਾ ਵੋਟਾਂ
ਚੋਣ ਕਮਿਸ਼ਨ ਨੇ ਯੂਪੀ ਦੇ ਕੈਰਾਨਾ, ਮਹਾਰਾਸ਼ਟਰ ਦੇ ਭੰਡਾਰਾ ਗੋਂਦੀਆ ਅਤੇ ਨਾਗਾਲੈਂਡ ਲੋਕ ਸਭਾ ਸੀਟਾਂ 'ਤੇ ਕਲ ਹੋਈਆਂ ਜ਼ਿਮਨੀ ਚੋਣਾਂ ਵਿਚ ਮਤਦਾਨ ਦੌਰਾਨ ਵੀਵੀਪੈਟ...
ਨਵੀਂ ਦਿੱਲੀ, ਚੋਣ ਕਮਿਸ਼ਨ ਨੇ ਯੂਪੀ ਦੇ ਕੈਰਾਨਾ, ਮਹਾਰਾਸ਼ਟਰ ਦੇ ਭੰਡਾਰਾ ਗੋਂਦੀਆ ਅਤੇ ਨਾਗਾਲੈਂਡ ਲੋਕ ਸਭਾ ਸੀਟਾਂ 'ਤੇ ਕਲ ਹੋਈਆਂ ਜ਼ਿਮਨੀ ਚੋਣਾਂ ਵਿਚ ਮਤਦਾਨ ਦੌਰਾਨ ਵੀਵੀਪੈਟ ਮਸ਼ੀਨਾਂ ਵਿਚ ਗੜਬੜ ਦੀਆਂ ਸ਼ਿਕਾਇਤਾਂ ਕਾਰਨ ਇਨ੍ਹਾਂ ਇਲਾਕਿਆਂ ਦੇ 123 ਮਤਦਾਨ ਕੇਂਦਰਾਂ 'ਤੇ 30 ਮਈ ਨੂੰ ਦੁਬਾਰਾ ਵੋਟਾਂ ਪੁਆਉਣ ਦਾ ਫ਼ੈਸਲਾ ਕੀਤਾ ਹੈ।
ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਵੀਵੀਪੈਟ ਮਸ਼ੀਨਾਂ ਵਿਚ ਗੜਬੜ ਕਾਰਨ ਮਤਦਾਨ ਵਿਚ ਅੜਿੱਕਾ ਪਿਆ ਜਿਸ ਕਾਰਨ ਦੁਬਾਰਾ ਵੋਟਾਂ ਪੁਆਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਵੋਟਾਂ ਪਾਈਆਂ ਜਾਣਗੀਆਂ ਪਰ ਭੰਡਾਰਾ ਗੋਂਦੀਆ ਲੋਕ ਸਭਾ ਖੇਤਰ ਵਿਚ ਅਰਜੁਨੀ ਮੋਰਗਾਂਵ ਵਿਧਾਨ ਸਭਾ ਖੇਤਰ ਦੇ ਦੋ ਮਤਦਾਨ ਕੇਂਦਰ ਅਤੇ ਨਾਗਾਲੈਂਡ ਲੋਕ ਸਭਾ ਖੇਤਰ ਦੇ ਇਕ ਮਤਦਾਨ ਕੇਂਦਰ 'ਤੇ ਸਵੇਰੇ ਸੱਤ ਵਜੇ ਤੋਂ ਦਿਨ ਵਿਚ ਤਿੰਨ ਵਜੇ ਤਕ ਮਤਦਾਨ ਹੋਵੇਗਾ।
ਕਲ ਦੀਆਂ ਚੋਣਾਂ ਵਿਚ ਚੰਗੀ ਤਰ੍ਹਾਂ ਜ਼ਿੰਮੇਵਾਰੀ ਨਾ ਨਿਭਾਉਣ ਦੇ ਦੋਸ਼ ਹੇਠ ਗੋਂਦੀਆ ਦੇ ਕੁਲੈਕਟਰ ਦਾ ਤਬਾਦਲਾ ਕਰ ਦਿਤਾ ਗਿਆ ਹੈ। ਕਮਿਸ਼ਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕੈਰਾਨਾ ਵਿਚ 500 ਵਾਧੂ ਵੀਵੀਪੈਟ ਮਸ਼ੀਨਾਂ ਉਪਲਭਧ ਕਰਾਈਆਂ ਗਈਆਂ ਹਨ। 20 ਵਾਧੂ ਇੰਜੀਨੀਅਰ ਵੀ ਤੈਨਾਤ ਕੀਤੇ ਗਏ ਹਨ। (ਏਜੰਸੀ)