ਮਨ ਕੀ ਬਾਤ ਵਿਚ ਪੀਐਮ ਨੇ ਜਲ ਸੰਕਟ ਨੂੰ ਬਣਾਇਆ ਕੇਂਦਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਜਲ ਨਾਲ ਜੁੜੀਆਂ ਸਮੱਸਿਆਵਾਂ ਸਬੰਧੀ ਕੀਤੀਆਂ ਤਿੰਨ ਅਹਿਮ ਅਪੀਲਾਂ

PM jharkhand hazaribagh sarpanch water conservation mann ki bat

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਦੂਜੇ ਟਰਮ ਦੇ ਪਹਿਲੇ ਮਨ ਕੀ ਬਾਤ ਪ੍ਰੋਗਰਾਮ ਵਿਚ ਲੋਕਾਂ ਸਾਹਮਣੇ ਅਪਣੀ ਗੱਲ ਰੱਖੀ। ਇਸ ਦੌਰਾਨ ਪੀਐਮ ਨੇ ਜਲ ਸੰਕਟ ਦੀ ਜਾਣਕਾਰੀ ਤੇ ਅਪਣੀ ਗੱਲ ਰੱਖੀ। ਉਹਨਾਂ ਨੇ ਇਸ ਨਾਲ ਨਿਪਟਣ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਇਕ ਸਰਪੰਚ ਦਾ ਸੁਨੇਹਾ ਵੀ ਮਨ ਕੀ ਬਾਤ ਵਿਚ ਦਸਿਆ। ਪੀਐਮ ਨੇ ਜਲ ਸੁਰੱਖਿਆ ਲਈ ਸਰਪੰਚ ਨੂੰ ਚਿੱਠੀ ਲਿਖੀ ਸੀ।

ਇਸ ਤੋਂ ਬਾਅਦ ਸਰਪੰਚ ਨੇ ਵੀ ਉਹਨਾਂ ਨੂੰ ਚਿੱਠੀ ਲਿਖ ਕੇ ਅਪਣੇ ਕੰਮ ਬਾਰੇ ਦਸਿਆ। ਝਾਰਖੰਡ ਦੇ ਹਜਾਰੀਬਾਗ ਜ਼ਿਲ੍ਹੇ ਦੇ ਕਟਕਸਮੰਡੀ ਬਲਾਕ ਦੀ ਲੁਪੁੰਗ ਪੰਚਾਇਤ ਦੇ ਸਰਪੰਚ ਦਿਲੀਪ ਕੁਮਾਰ ਰਵਿਦਾਸ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਵਿਚ ਲਿਖਿਆ ਕਿ ਜਦੋਂ ਪੀਐਮ ਨੇ ਉਹਨਾਂ ਨੂੰ ਪਾਣੀ ਬਚਾਉਣ ਲਈ ਚਿੱਠੀ ਲਿਖੀ ਸੀ ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ।

ਇਸ ਤੋਂ ਬਾਅਦ ਲੋਕਾਂ ਨੇ ਤਲਾਬ ਨੂੰ ਸਾਫ਼ ਕਰਨ ਵਿਚ ਅਪਣਾ ਯੋਗਦਾਨ ਦਿੱਤਾ। ਉਸ ਨੇ ਕਿਹਾ ਕਿ ਬਾਰਿਸ਼ ਹੋਣ 'ਤੇ ਉਹਨਾਂ ਨੂੰ ਪਾਣੀ ਦੀ ਕਮੀ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਪਾਣੀ ਸੁਰੱਖਿਆ ਲਈ ਲੋਕਾਂ ਨੂੰ ਤਿੰਨ ਅਪੀਲਾਂ ਵੀ ਕੀਤੀਆਂ। ਮੋਦੀ ਨੇ ਸਮੱਸਿਆਂ ਨਾਲ ਨਿਪਟਣ ਲਈ ਇਕ ਵੱਡੇ ਜਨਤਕ ਅੰਦੋਲਨ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਫ਼ਿਲਮ, ਖੇਡ, ਮੀਡੀਆ, ਸਮਾਜਿਕ ਸੰਗਠਨ, ਸੰਸਕ੍ਰਿਤੀ ਸੰਗਠਨਾਂ ਨਾਲ ਲੋਕਾਂ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕੀਤੀ।

ਪਾਣੀ ਬਚਾਉਣ ਲਈ ਜਾਗਰੂਕਤਾ ਅਭਿਆਨ ਚਲਾਉਣ ਦੀ ਜ਼ਰੂਰਤ ਹੈ। ਇਸ ਵਿਚ ਪਾਣੀ ਦੀਆਂ ਸਮੱਸਿਆਂ ਨਾਲ ਨਜਿੱਠਣ ਦੇ ਤਰੀਕੇ ਦੱਸੇ ਜਾਣ। ਮੋਦੀ ਨੇ ਦੂਜੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਸਦੀਆਂ ਤੋਂ ਕਈ ਪ੍ਰੰਪਰਾਗਤ ਤੌਰ ਤਰੀਕੇ ਜਾਰੀ ਹਨ। ਉਹਨਾਂ ਨੂੰ ਜਲ ਸੁਰੱਖਿਆ ਲਈ ਵਰਤਣ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਇਸ ਦੇ ਲਈ ਪੋਰਬੰਦ ਵਿਚ ਬਣੇ ਇਕ ਵਾਟਰ ਸਟੋਰੇਜ਼ ਟੈਂਕ ਦਾ ਵੀ ਜ਼ਿਕਰ ਕੀਤਾ। ਤੀਜੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਹਨਾਂ ਸੰਗਠਨਾਂ ਅਤੇ ਲੋਕਾਂ ਬਾਰੇ ਜਾਣਕਾਰੀ ਦੇਣ ਨੂੰ ਕਿਹਾ ਜੋ ਜਲ ਸੁਰੱਖਿਆ ਦੇ ਖੇਤਰ ਵਿਚ ਕੰਮ ਕਰਦੇ ਹਨ।