ਕਸ਼ਮੀਰ ਦੌਰੇ 'ਤੇ ਪਹੁੰਚੇ EU ਦੇ ਸੰਸਦ ਮੈਂਬਰਾ ਦਾ ਵੱਡਾ ਬਿਆਨ ਕਿਹਾ...
ਯੂਰਪੀਅਨ ਸੰਸਦ ਮੈਂਬਰਾ ਦੇ ਵਫ਼ਦ ਨੇ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ
ਸ਼੍ਰੀਨਗਰ :ਜੰਮੂ ਕਸ਼ਮੀਰ ਦੇ ਦੌਰੇ 'ਤੇ ਆਏ ਯੂਰਪੀਅਨ ਸੰਸਦ ਮੈਂਬਰਾ ਦੇ ਵਫ਼ਦ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਵਫ਼ਦ ਨੇ ਕਿਹਾ ਕਿ ਭਾਰਤ ਇੱਕ ਅਮਨ ਪਸੰਦ ਦੇਸ਼ ਹੈ ਅਤੇ ਕਸ਼ਮੀਰ ਦੇ ਲੋਕਾਂ ਨੂੰ ਕਾਫ਼ੀ ਉਮੀਦਾ ਹਨ। ਪ੍ਰੈਸ ਕਾਨਫਰੰਸ ਵਿਚ EU ਦੇ ਸੰਸਦ ਮੈਂਬਰਾ ਨੇ ਕਿਹਾ ਕਿ ਸਾਡੇ ਦੌਰੇ ਨੂੰ ਰਾਜਨੀਤਿਕ ਨਜ਼ਰ ਨਾਲ ਵੇਖਿਆ ਗਿਆ ਹੈ ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ। ਅਸੀ ਸਿਰਫ ਇੱਥੇ ਹਲਾਤਾਂ ਦੀ ਜਾਣਕਾਰੀ ਲੈਣ ਆਏ ਸੀ। ਧਾਰਾ 370 ਨੂੰ ਇਨ੍ਹਾਂ ਸੰਸਦ ਮੈਂਬਰਾ ਨੇ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਅਤੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸ ਵਿਚ ਗੱਲ ਕਰਨੀ ਚਾਹੀਦੀ ਹੈ।
ਓਵੈਸੀ ਦੇ ਬਿਆਨ 'ਤੇ ਦਿੱਤਾ ਜਵਾਬ
ਪ੍ਰੈਸ ਕਾਨਫਰੰਸ ਵਿੱਚ EU ਦੇ ਸੰਸਦ ਮੈਂਬਰਾ ਵੱਲੋਂ ਕਿਹਾ ਗਿਆ ਕਿ ਅਸੀ ਲੋਕ ਨਾਜ਼ੀ ਪ੍ਰੇਮੀ ਨਹੀਂ ਹਾਂ, ਜੇਕਰ ਅਸੀ ਹੁੰਦੇ ਤਾਂ ਸਾਨੂੰ ਕਦੇ ਚੁਣਿਆ ਨਹੀਂ ਜਾਂਦਾ। ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ 'ਤੇ ਇਤਰਾਜ਼ ਵੀ ਜਤਾਇਆ। ਦੱਸ ਦਈਏ ਕਿ AIMIM ਦੇ ਪ੍ਰਮੁੱਖ ਅਸਦੁਦੀਨ ਓਵੈਸੀ ਨੇ EU ਦੇ ਸੰਸਦ ਮੈਂਬਰਾ ਦੀ ਤੁਲਨਾ ਨਾਜ਼ੀ ਪ੍ਰੇਮੀ ਦੇ ਨਾਲ ਕੀਤੀ ਸੀ ਅਤੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਸੀ।
ਅੱਤਵਾਦ ਦੇ ਖਿਲਾਫ਼ ਯੂਰਪ ਭਾਰਤ ਦੇ ਨਾਲ
ਸੰਸਦ ਮੈਂਬਰਾ ਨੇ ਅੱਤਵਾਦ ਦੇ ਮੁੱਦੇ 'ਤੇ ਕਿਹਾ ਕਿ ਅਸੀ ਅੱਤਵਾਦ ਦੇ ਖਿਲਾਫ਼ ਲੜਾਈ ਵਿੱਚ ਨਾਲ ਹਾਂ, ਅੱਤਵਾਦ ਦਾ ਮੁੱਦਾ ਯੂਰਪ ਦੇ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਇਸ ਦੌਰੇ ਦੀ ਰਿਪੋਰਟ ਯੂਰਪੀਅਨ ਸੰਸਦ ਵਿੱਚ ਜਮ੍ਹਾ ਕਰਨਗੇ, ਤਾਂ ਉਨ੍ਹਾਂ ਕਿਹਾ ਕਿ ਉਹ ਅਜਿਹਾ ਨਹੀਂ ਕਰਨਗੇ।
370 ਭਾਰਤ ਦਾ ਅੰਦਰੂਨੀ ਮੁੱਦਾ
ਧਾਰਾ 370 ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮੁੱਦਾ ਹੈ, ਜੇਕਰ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਤੀ ਸਥਾਪਿਤ ਕਰਨੀ ਹੈ ਤਾਂ ਦੋਵੇਂ ਦੇਸ਼ਾਂ ਨੂੰ ਆਪਸ ਵਿਚ ਗੱਲਬਾਤ ਕਰਨੀ ਹੋਵੇਗੀ। ਆਪਣੇ ਘਾਟੀ ਦੌਰੇ ਦੇ ਬਾਰੇ EU ਦੇ ਸੰਸਦ ਮੈਂਬਰਾ ਨੇ ਕਿਹਾ ਕਿ ਸਾਨੂੰ ਇੱਥੇ ਰਹਿਣ ਦਾ ਜਿਆਦਾ ਸਮਾਂ ਨਹੀ ਮਿਲਿਆ, ਅਸੀ ਜ਼ਿਆਦਾ ਲੋਕਾਂ ਨਾਲ ਨਹੀਂ ਮਿਲੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਥੇ ਨਾ ਜਾਣ ਤੋਂ ਚੰਗਾ ਥੋੜੇ ਸਮੇ ਲਈ ਜਾਣਾ ਹੀ ਰਿਹਾ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਜੰਮੂ ਕਸ਼ਮੀਰ ਵਿਚ ਯੂਰਪੀਅਨ ਸੰਸਦ ਦੇ 23 ਮੈਂਬਰ ਪਹੁੰਚੇ ਸਨ। ਇੱਥੇ ਇਨ੍ਹਾਂ ਸੰਸਦ ਮੈਂਬਰਾ ਨੇ ਸਥਾਨਕ ਨੇਤਾਵਾਂ ,ਅਧਿਕਾਰੀਆਂ ਅਤੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ ਸਾਰੇ ਸੰਸਦ ਮੈਂਬਰ ਸ਼੍ਰੀਨਗਰ ਦੀ ਮਸ਼ਹੂਰ ਡਲ ਝੀਲ ਵੀ ਗਏ ਸਨ। ਕਸ਼ਮੀਰ ਘਾਟੀ ਦੇ ਹਲਾਤਾਂ ਉੱਤੇ ਇਨ੍ਹਾਂ ਸੰਸਦ ਮੈਂਬਰਾ ਨੂੰ ਭਾਰਤੀ ਸੈਨਾ ਨੇ ਪੇਸ਼ਕਾਰੀ ਵੀ ਦਿੱਤੀ ਸੀ।