ਸ਼ੇਅਰ ਬਾਜ਼ਾਰ 'ਚ ਰੌਣਕ, 40 ਹਜ਼ਾਰ ਦੇ ਪਾਰ ਪਹੁੰਚਿਆਂ ਸੈਂਸੈਕਸ, ਨਿਫਟੀ 'ਚ ਵੀ ਉਛਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਵੱਲੋਂ ਸਟਾਕ ਬਾਜ਼ਾਰ ਨਾਲ ਜੁੜੇ ਟੈਕਸਾਂ 'ਚ ਕਟੌਤੀ ਹੋਣ ਦੀ ਸੰਭਾਵਨਾ ਨਾਲ ਸੈਂਸੈਕਸ ਤੇ ਨਿਫਟੀ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ

Indian share market

ਮੁੰਬਈ : ਸਰਕਾਰ ਵੱਲੋਂ ਸਟਾਕ ਬਾਜ਼ਾਰ ਨਾਲ ਜੁੜੇ ਟੈਕਸਾਂ 'ਚ ਕਟੌਤੀ ਹੋਣ ਦੀ ਸੰਭਾਵਨਾ ਨਾਲ ਸੈਂਸੈਕਸ ਤੇ ਨਿਫਟੀ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨ ਵੀ ਬਾਜ਼ਾਰ 'ਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਸੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਅੱਜ ਕਾਰੋਬਾਰ ਦੇ ਸ਼ੁਰੂ 'ਚ 223 ਅੰਕ ਦੀ ਮਜ਼ਬੂਤੀ ਨਾਲ ਇਕ ਵਾਰ ਫਿਰ 40 ਹਜ਼ਾਰ ਤੋਂ ਪਾਰ 40,055.63 'ਤੇ ਖੁੱਲ੍ਹਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ ਸੈਂਸੈਕਸ ਨੇ ਇਹ ਪੱਧਰ ਪਾਰ ਕੀਤਾ ਸੀ।

ਹਾਲਾਂਕਿ, ਗਲੋਬਲ ਬਾਜ਼ਾਰਾਂ 'ਚ ਗਿਰਾਵਟ ਕਾਰਨ ਕਾਰੋਬਾਰ ਦੇ ਸ਼ੁਰੂ 'ਚ ਸੀਮਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 64.30 ਅੰਕ ਦੀ ਤੇਜ਼ੀ ਨਾਲ 11851.15 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 60 ਅੰਕ ਦੀ ਮਜ਼ਬੂਤੀ ਤੇ ਬੈਂਕ ਨਿਫਟੀ 'ਚ 130 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 70.90 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 70.84 'ਤੇ ਬੰਦ ਹੋਇਆ ਸੀ।

ਰਿਪੋਰਟਾਂ ਮੁਤਾਬਕ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸਰਕਾਰ ਬਾਜ਼ਾਰ ਨੂੰ ਰਾਹਤ ਦੇਣ ਦੀ ਯੋਜਨਾ ਬਣਾ ਰਹੀ ਹੈ। ਲਾਂਗ ਟਰਮ ਕੈਪੀਟਲ ਗੇਨ ਟੈਕਸ (ਐੱਲ. ਟੀ. ਸੀ. ਜੀ.), ਸ਼ਾਰਟ ਟਰਮ ਕੈਪੀਟਲ ਗੇਨ ਟੈਕਸ (ਐੱਸ. ਟੀ. ਸੀ. ਜੀ.), ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ (ਐੱਸ. ਟੀ. ਟੀ.), ਡਿਵੀਡੈਂਡ ਡਿਸਟ੍ਰਿਬਿਊਸ਼ਨ ਟੈਕਸ (ਡੀ. ਡੀ. ਟੀ.) 'ਚ ਕਟੌਤੀ ਕੀਤੀ ਜਾ ਸਕਦੀ ਹੈ।

ਗਲੋਬਲ ਬਾਜ਼ਾਰ-
ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਫੈਸਲੇ ਤੋਂ ਪਹਿਲਾਂ ਯੂ. ਐੱਸ. ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ 0.07 ਫੀਸਦੀ ਦੀ ਗਿਰਾਵਟ ਨਾਲ, ਨੈਸਡੈਕ ਕੰਪੋਜ਼ਿਟ 0.59 ਫੀਸਦੀ ਦੀ ਕਮਜ਼ੋਰੀ ਨਾਲ ਬੰਦ ਹੋਏ ਹਨ, ਜਦੋਂ ਕਿ ਐੱਸ. ਐਂਡ ਪੀ.-500 ਸਪਾਟ ਬੰਦ ਹੋਇਆ ਹੈ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਦੇਖਣ ਨੂੰ ਮਿਲੇ ਹਨ।

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.32 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਐੱਸ. ਜੀ. ਐਕਸ. ਨਿਫਟੀ 5 ਅੰਕ ਯਾਨੀ 0.04 ਫੀਸਦੀ ਚੜ੍ਹ ਕੇ 11,811 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 81 ਅੰਕ ਯਾਨੀ 0.35 ਫੀਸਦੀ ਦੀ ਕਮਜ਼ੋਰੀ ਨਾਲ 22,892 'ਤੇ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 90 ਅੰਕ ਯਾਨੀ 0.34 ਫੀਸਦੀ ਦੀ ਕਮਜ਼ੋਰੀ ਨਾਲ ਅਤੇ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.45 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.33 ਫੀਸਦੀ ਦੀ ਮਜਬੂਤੀ ਨਾਲ 3,207 'ਤੇ ਕਾਰੋਬਾਰ ਕਰ ਰਿਹਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।