ਸਰਕਾਰ ਅਮੀਰ ਲੋਕਾਂ ਦਾ ਕਰਜ ਮਾਫ ਕਰ ਸਕਦੀ ਹੈ ਤਾਂ ਗਰੀਬਾ ਦਾ ਕਿਉਂ ਨਹੀਂ :ਰਾਹੁਲ ਗਾਂਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ 15 ਲੋਕਾਂ ਦਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ ਮਾਫ ਕੀਤਾ ਗਿਆ ਹੈ ਤਾਂ ਕਿਸਾਨਾਂ ਦਾ ਕਰਜਾ ਵੀ ਮਾਫ ਕੀਤਾ ਜਾਣਾ ਚਾਹੀਦਾ ਹੈ।

Rahul gandhi

ਨਵੀਂ ਦਿੱਲੀ, ( ਭਾਸ਼ਾ ) : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਪਣੇ 15 ਅਮੀਰ ਦੋਸਤਾਂ ਦਾ ਤਿੰਨ ਲੱਖ ਦਾ ਕਰਜਾ ਮਾਫ ਕਰ ਦਿਤਾ ਹੈ ਤਾਂ ਕਰੋੜਾਂ ਕਿਸਾਨਾਂ ਦਾ ਕਰਜ ਮੁਆਫ ਕਰਨ ਵਿਚ ਉਸ ਨੂੰ ਕੀ ਪਰੇਸ਼ਾਨੀ ਹੋ ਸਕਦੀ ਹੈ। ਰਾਹੁਲ ਗਾਂਧੀ ਨੇ ਖੇਤੀ ਕਰਜ ਤੋਂ ਮੁਕਤੀ ਅਤੇ ਫਸਲ ਦੀ ਡੇਢ ਗੁਣਾ ਕੀਮਤ ਦਿਲਾਏ ਜਾਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਆਯੋਜਿਤ ਸੰਸਦ ਮਾਰਚ ਵਿਚ ਸ਼ਾਮਿਲ ਹੁੰਦੇ ਹੋਏ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਿਸਾਨਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿਚ ਸੱਭ ਤੋਂ ਵੱਧ ਦੋ ਹੀ ਮੁੱਦੇ ਗੰਭੀਰ ਹਨ। ਪਹਿਲਾਂ ਨੌਜਵਾਨਾਂ ਵਿਚ ਰੋਜ਼ਗਾਰ ਦਾ ਸੰਕਟ ਅਤੇ ਦੂਜਾ ਕਿਸਾਨਾਂ ਦਾ ਸੰਕਟ। ਲੜਾਈ ਕਿਸਾਨ ਅਤੇ ਨੌਜਵਾਨਾਂ ਦੇ ਭਵਿੱਖ ਦੀ ਹੈ। ਕਾਂਗਰਸ ਮੁਖੀ ਨੇ ਕਿਹਾ ਕਿ ਸਰਕਾਰ ਹੁਣ 12.5 ਲੱਖ ਕਰੋੜ ਰੁਪਏ ਦਾ ਐਨਪੀਏ ਮਾਫ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਹੁਲ ਨੇ ਕਿਹਾ ਕਿ ਕਿਸਾਨ ਅਪਣਾ ਹੱਕ ਮੰਗ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੇ 15 ਲੋਕਾਂ ਦਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ ਮਾਫ ਕੀਤਾ ਗਿਆ ਹੈ। ਜੇਕਰ ਇਹ ਕਰਜਾ ਮਾਫ ਹੋ ਸਕਦਾ ਹੈ ਤਾਂ ਭਾਰਤ ਦੇ ਕਿਸਾਨਾਂ ਦਾ ਕਰਜਾ ਵੀ ਮਾਫ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਕਿਹਾ ਕਿ ਕੋਈ ਵੀ ਭਾਰਤ ਦੇ ਕਿਸਾਨਾਂ ਦੀ ਅਵਾਜ਼ ਨੂੰ ਚੁੱਪ ਨਹੀਂ ਕਰਵਾ ਸਕਦਾ।

ਸਰਕਾਰ ਕਿਸਾਨਾਂ ਦਾ ਅਪਮਾਨ ਕਰੇਗੀ ਤਾਂ ਨੌਜਵਾਨ ਕਿਸਾਨ ਸਰਕਾਰ ਨੂੰ ਹਟਾ ਦੇਣਗੇ । ਸਾਨੂੰ ਤੁਹਾਡੇ ਲਈ ਜੋ ਵੀ ਕਰਨਾ ਹੈ ਅਸੀਂ ਕਰਾਂਗੇ। ਦੇਸ਼ ਨੂੰ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੇ ਬਣਾਇਆ ਹੈ। ਅਸੀਂ ਸਾਰੇ ਭਾਰਤ ਦੇ ਕਿਸਾਨਾਂ ਦੇ ਨਾਲ ਹਾਂ।