ਕੰਗਣਾ ਰਣੌਤ ਪੰਜਾਬ ਦੀਆਂ ਔਰਤਾਂ ਬਾਰੇ ਕੁੱਝ ਬੋਲਣ ਤੋਂ ਪਹਿਲਾਂ ਮਾਈ ਭਾਗੋ ਦਾ ਇਤਿਹਾਸ ਪੜ੍ਹੇ:ਬਿੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਜਦੋਂ ਕਿਸਾਨ ਚਾਹੁੰਦੇ ਹੀ ਨਹੀਂ ਤਾਂ ਸਰਕਾਰ ਖੇਤੀ ਕਾਨੂੰਨ ਧੱਕੇ ਨਾਲ ਕਿਉਂ ਥੋਪ ਰਹੀ ਹੈ

Satwinder Bitti

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖਾਬ) : ਦਿੱਲੀ ਦੀਆਂ ਬਰੂਹਾਂ ’ਤੇ ਅਪਣੀਆਂ ਮੰਗਾਂ ਦੇ ਹੱਕ ’ਚ ਬੈਠੇ ਕਿਸਾਨਾਂ ਦੇ ਹੱਕ ’ਚ ਸ਼ਾਮਲ ਹੋਈ ਪ੍ਰਸਿੱਧ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਧਰਨੇ ’ਚ ਸ਼ਾਮਲ ਬੀਬੀਆਂ ਨੂੰ ‘ਦਿਹਾੜੀਦਾਰ’ ਕਹਿਣ ’ਤੇ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਨ। ਸਤਵਿੰਦਰ ਬਿੱਟੀ ਮੁਤਾਬਕ ਕੰਗਣਾ ਰਣੌਤ ਨੂੰ ਕਿਸੇ ਵਿਸ਼ੇ ’ਤੇ ਬੋਲਣ ਤੋਂ ਪਹਿਲਾਂ ਉਸ ਬਾਰੇ ਪੂਰਾ ਜਾਣਕਾਰੀ ਹਾਸਲ ਕਰ ਲੈਣੀ  ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਨੇ ਧਰਨੇ ’ਚ ਸ਼ਾਮਲ ਪੰਜਾਬ ਦੀਆਂ ਔਰਤਾਂ ਨੂੰ 100-100 ਰੁਪਏ ਦਿਹਾੜੀ ’ਤੇ ਆਈਆਂ ਕਿਹਾ ਹੈ ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੰਗਣਾ ਨੂੰ ਸਿੱਖ ਇਤਿਹਾਸ ਨੂੰ ਪੜ੍ਹ ਲੈਣਾ ਚਾਹੀਦਾ ਹੈ। ਇਹ ਬੀਬੀਆਂ ਸਾਡੀਆਂ ਮਾਤਾਵਾਂ ਹਨ ਜੋ ਭਾਈ ਭਾਗੋ ਦੀਆਂ ਵਾਰਿਸ ਹਨ। ਉਨ੍ਹਾਂ ਕਿਹਾ ਕਿ ਕੰਗਣਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹ ਲੈਣਾ ਚਹੀਦਾ ਹੈ, ਤਾਂ ਹੀ ਉਸ ਨੂੰ ਪਤਾ ਲੱਗ ਸਕੇਗਾ ਕਿ ਪੰਜਾਬ ਦੀਆਂ ਔਰਤਾਂ ਕੌਣ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਅਪਣੇ ਪਿਓ-ਦਾਦਿਆਂ ਨਾਲ ਅਪਣੇ ਹੱਕ ਮੰਗਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਦਿੱਲੀ ਮਨਾਉਣਾ ਪਿਆ ਹੈ। ਇਸੇ ਤਰ੍ਹਾਂ ਸਾਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਵੀ ਦਿੱਲੀ ਮਨਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕੰਗਣਾ ਨੂੰ ਪ੍ਰਮਾਤਮਾ ਨੇ ਸ਼ਾਨੋ ਸ਼ੌਕਤ ਬਖ਼ਸ਼ੀ ਹੈ, ਪਰ ਉਹ ਕਿਸੇ ਮੁੱਦੇ ਦੀ ਗਹਿਰਾਈ ਤਕ ਜਾਂਦਿਆਂ ਬਿਨਾਂ ਵਜ੍ਹਾ ਕੁਮੈਂਟ ਕਰੀ ਜਾਂਦੀ ਹੈ। 

ਉਨ੍ਹਾਂ ਕਿਸਾਨੀ ਸੰਘਰਸ਼ ਬਾਰੇ ਭਰਮ ਫ਼ੈਲਾਅ ਰਹੇ ਮੀਡੀਆ ਨੂੰ ਵੀ ਚੰਗੇ ਨੂੰ ਚੰਗਾ ਅਤੇ ਮਾੜੇ ਨੂੰ ਮਾੜਾ ਕਹਿਣ ਦੀ ਨਸੀਹਤ ਦਿਤੀ।  ਅਦਾਕਾਰ ਮੁਕੇਸ਼ ਖੰਨਾ (ਸ਼ਕਤੀਮਾਨ) ਵਲੋਂ ਵੀ ਕਿਸਾਨੀ ਸੰਘਰਸ਼ ਖਿਲਾਫ਼ ਬੋਲਣ ’ਤੇ ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਧਿਆਨ ਭੜਕਾਉਣ ਲਈ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਲਾਕਾਰਾਂ ਨੂੰ ਪਹਿਲਾਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਕੁੱਝ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਕਰ ਰਹੇ ਹਨ। ਜਦਕਿ ਸੱਤਾਧਾਰੀ ਧਿਰ ਵਲੋਂ ਪੁੱਠੀਆਂ ਸਿੱਧੀਆਂ ਗੱਲਾਂ ਜ਼ਰੀਏ ਕਿਸਾਨੀ ਸੰਘਰਸ਼ ਨੂੰ ਲੀਹੋ ਲਾਹੁਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਜੋ ਨਿੰਦਣਯੋਗ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿਤੇ ਜਾ ਰਹੇ ਬਿਆਨਾਂ ਬਾਰੇ ਉਨ੍ਹਾਂ ਕਿਹਾ ਕਿ ਆਗੂਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਜਿਨ੍ਹਾਂ ਲਈ ਕਾਨੂੰਨ ਬਣਾਏ ਗਏ, ਜਦੋਂ ਉਹ ਹੀ ਕਹਿ ਰਹੇ ਹਨ ਕਿ ਇਹ ਸਾਨੂੰ ਨਹੀਂ ਚਾਹੀਦਾ ਤਾਂ ਕਿਸਾਨਾਂ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ।   

https://www.facebook.com/watch/live/?v=1644704842376075&ref=watch_permalink