600 ਜੰਗੀ ਟੈਂਕਾਂ ਨੂੰ ਬੇੜੇ 'ਚ ਸ਼ਾਮਲ ਕਰਨ ਦੀ ਤਿਆਰੀ 'ਚ ਪਾਕਿਸਤਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੀ ਨਜ਼ਰ ਰੂਸ ਤੋਂ ਵੱਡੇ ਪੱਧਰ 'ਤੇ ਟੀ-90 ਟੈਂਕਾਂ ਨੂੰ ਖਰੀਦਣ 'ਤੇ ਹੈ ਜੋ ਕਿ ਭਾਰਤੀ ਫ਼ੌਜ ਦੇ ਬੇੜੇ ਵਿਚ ਵੀ ਤੈਨਾਤ ਹਨ।

War tank

ਨਵੀਂ ਦਿੱਲੀ : ਪਾਕਿਸਤਾਨ ਨੇ ਫ਼ੌਜ ਨੂੰ ਮਜ਼ਬੂਤ ਕਰਨ ਲਈ 600 ਟੈਂਕਾਂ ਨੂੰ ਬੇੜੇ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਰੂਸ ਵਿਚ ਤਿਆਰ ਟੀ-90 ਟੈਂਕ ਵੀ ਸ਼ਾਮਲ ਹੋਣਗੇ। ਖੁਫੀਆ ਸੂਤਰਾਂ ਮੁਤਾਬਕ ਪਾਕਿਸਤਾਨ ਫ਼ੌਜ ਇਹਨਾਂ ਟੈਂਕਾਂ ਨੂੰ ਭਾਰਤ ਦੇ ਨਾਲ ਲਗਦੀ ਸਰਹੱਦ 'ਤੇ ਤੈਨਾਤ ਕਰ ਸਕਦੀ ਹੈ। ਪਾਕਿਸਤਾਨੀ ਫ਼ੌਜ ਜਿਹਨਾਂ ਟੈਂਕਾਂ ਨੂੰ ਅਪਣੇ ਬੇੜੇ ਵਿਚ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੀ ਹੈ, ਉਹ 3 ਤੋਂ 4 ਕਿਲੋਮੀਟਰ ਦੀ ਰੇਂਜ ਤੱਕ ਮਾਰ ਕਰ ਸਕਦੇ ਹਨ। ਜੰਗੀ ਟੈਂਕਾਂ ਤੋਂ ਇਲਾਵਾ ਪਾਕਿਸਤਾਨ ਫ਼ੌਜ ਵਿਸ਼ੇਸ਼ ਪਿਸਤੌਲਾਂ ਨੂੰ ਵੀ ਇਟਲੀ ਤੋਂ ਖਰੀਦ ਰਹੀ ਹੈ,

ਜਿਹਨਾਂ ਵਿਚੋਂ 120 ਪਿਸਤੌਲਾਂ ਦੀ ਡਿਲੀਵਰੀ ਉਸ ਨੂੰ ਮਿਲ ਵੀ ਚੁੱਕੀ ਹੈ। ਪਾਕਿਸਤਾਨ ਦੀ ਨਜ਼ਰ ਰੂਸ ਤੋਂ ਵੱਡੇ ਪੱਧਰ 'ਤੇ ਟੀ-90 ਟੈਂਕਾਂ ਨੂੰ ਖਰੀਦਣ 'ਤੇ ਹੈ ਜੋ ਕਿ ਭਾਰਤੀ ਫ਼ੌਜ ਦੇ ਬੇੜੇ ਵਿਚ ਵੀ ਤੈਨਾਤ ਹਨ। ਪਾਕਿਸਤਾਨ ਫ਼ੌਜ ਦਾ ਇਹ ਕਦਮ ਦਰਸਾਉਂਦਾ ਹੈ ਕਿ ਉਹ ਰੂਸ ਦੇ ਨਾਲ ਵੱਡਾ ਰੱਖਿਆ ਸੌਦਾ ਕਰ ਸਕਦਾ ਹੈ। ਅਜ਼ਾਦੀ ਤੋਂ ਬਾਅਦ ਰੂਸ ਭਾਰਤ ਦਾ ਸੱਭ ਤੋਂ ਵੱਡਾ ਅਤੇ ਵਿਸ਼ਵਾਸਯੋਗ ਰੱਖਿਆ ਸਾਂਝੀਦਾਰ ਰਿਹਾ ਹੈ। ਪਾਕਿਸਤਾਨ 2025 ਤੱਕ ਅਪਣੇ ਰੱਖਿਆ ਬੇੜੇ ਨੂੰ ਮਜ਼ਬੂਤੀ ਦੇਣ ਦੀ ਤਿਆਰੀ ਵਿਚ ਹੈ। ਇਸ ਦੇ ਅਧੀਨ ਉਹ 360 ਟੈਂਕ ਖਰੀਦਣ ਵਾਲਾ ਹੈ।

ਜਦਕਿ ਚੀਨ ਦੀ ਮਦਦ ਨਾਲ 220 ਸਵਦੇਸੀ ਟੈਂਕਾਂ ਨੂੰ ਦੇਸ਼ ਵਿਚ ਹੀ ਤਿਆਰ ਕਰਨ ਦੀ ਯੋਜਨਾ ਹੈ। ਪਾਕਿਸਤਾਨੀ ਫ਼ੌਜ ਨੇ ਅਜਿਹੀ ਸਮੇਂ ਵਿਚ ਅਪਣੀਆਂ ਹਥਿਆਰਬੰਦ ਤਾਕਤਾਂ ਨੂੰ ਮਜ਼ਬੂਤੀ ਦੇਣ ਦੀ ਤਿਆਰੀ ਕੀਤੀ ਹੈ ਜਦਕਿ ਬੀਤੇ ਇਕ ਸਾਲ ਵਿਚ ਜੰਮੂ-ਕਸ਼ਮੀਰ ਵਿਚ ਸਰਹੱਦ 'ਤੇ ਤਣਾਅ ਵਿਚ ਵਾਧਾ ਹੋਇਆ ਹੈ। ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜਾਂਦੀ ਕਾਰਵਾਈ ਦਾ ਭਾਰਤੀ ਫ਼ੌਜ ਵੱਲੋਂ ਕਰਾਰਾ ਜਵਾਬ ਦਿਤਾ ਗਿਆ ਹੈ। ਸੂਤਰਾਂ ਮੁਤਾਬਕ ਇਕ ਪਾਸੇ ਭਾਰਤੀ ਫ਼ੋਜ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਜਵਾਬ ਦੇ ਰਹੀ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਜੰਗ ਦੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।