ਨਵੀਂ ਦਿੱਲੀ- ਅੱਜ ਤੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋਵੇਗਾ। ਅਤੇ ਕਲ੍ਹ 1 ਫ਼ਰਵਰੀ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ 2020–21 ਦਾ ਆਮ ਸਾਲਾਨਾ ਬਜਟ ਪੇਸ਼ ਕਰਨਗੇ। ਅੱਜ ਹੀ ਦੋਵੇਂ ਸਦਨਾਂ ਲੋਕ ਸਭਾ ਤੇ ਰਾਜ ਸਭਾ ’ਚ ਦੇਸ਼ ਦਾ ਆਰਥਿਕ ਸਰਵੇਖਣ ਵੀ ਪੇਸ਼ ਹੋਵੇਗਾ। ਅੱਜ ਦੇ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੋਵੇਗੀ।
ਇਸ ਵਾਰ ਦਾ ਇਹ ਸੈਸ਼ਨ ਬਹੁਤ ਹੰਗਾਮਾ-ਭਰਪੂਰ ਰਹੇਗਾ ਕਿਉਂਕਿ ਵਿਰੋਧੀ ਧਿਰ ਕੋਲ ਐਤਕੀਂ ਸਰਕਾਰ ਉੱਤੇ ਸਿਆਸੀ ਹਮਲੇ ਕਰਨ ਲਈ ਨਾਗਰਿਕਤਾ ਸੋਧ ਕਾਨੂੰਨ (CAA), ਜੇਐੱਨਯੂ-ਜਾਮੀਆ ’ਚ ਹਿੰਸਾ, ਜੰਮੂ-ਕਸ਼ਮੀਰ ਦੇ ਪ੍ਰਮੁੱਖ ਸਿਆਸੀ ਆਗੂਆਂ ਦੀ ਨਜ਼ਰਬੰਦੀ ਅਤੇ ਆਰਥਿਕ ਮੰਦਹਾਲੀ ਕਾਰਨ ਗੰਭੀਰ ਕਿਸਮ ਦੇ ਵਿੱਤੀ ਹਾਲਾਤ, ਬੇਰੁਜ਼ਗਾਰੀ ਜਿਹੇ ਅਨੇਕ ਮੁੱਦਿਆਂ ਦੀ ਭਰਮਾਰ ਹੈ।
ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਅਗਲੇ ਇੱਕ ਵਰ੍ਹੇ ਦੀਆਂ ਯੋਜਨਾਵਾਂ ਦਾ ਵੀ ਪਤਾ ਚੱਲੇਗਾ। ਹੁਣ ਕਿਉਂਕਿ ਆਰਥਿਕ ਮੰਦਹਾਲੀ ਕਾਰਨ ਦੇਸ਼ ਵਿੱਚ ਕਾਰੋਬਾਰ ਕਾਫ਼ੀ ਸੁਸਤ ਚੱਲ ਰਹੇ ਹਨ। ਇਸ ਲਈ ਸਮੁੱਚੇ ਦੇਸ਼ ਤੇ ਸਮੂਹ ਦੇਸ਼-ਵਾਸੀਆਂ ਦੀਆਂ ਨਜ਼ਰਾਂ ਇਸ ਆਮ ਬਜਟ ਉੱਤੇ ਲੱਗੀਆਂ ਰਹਿਣਗੀਆਂ।
ਇਸ ਦੇ ਨਾਲ ਹੀ ਗ਼ੈਰ-ਸੰਗਠਤ ਖੇਤਰ ਆਮ ਬਜਟ ਤੋਂ ਕਾਫ਼ੀ ਆਸਾਂ ਲਾਈ ਬੈਠੇ ਹਨ। ਇੰਝ ਸਰਕਾਰ ਸਾਹਵੇਂ ਆਮ ਬਜਟ ਨੂੰ ਲੈ ਕਈ ਤਰ੍ਹਾਂ ਦੇ ਮਾਮਲੇ ਤੇ ਬੋਝ ਰਹਿਣਗੇ। ਇਹ ਆਸ ਵੀ ਕੀਤੀ ਜਾ ਰਹੀ ਹੈ ਕਿ ਦਿੱਲੀ ਚੋਣਾਂ ਨੂੰ ਵੇਖਦਿਆਂ ਸਰਕਾਰ ਦਿੱਲੀ ਬਾਰੇ ਕੋਈ ਅਹਿਮ ਐਲਾਨ ਕਰੇ। ਇਸ ਦੌਰਾਨ ਸਰਬ-ਪਾਰਟੀ ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੇ ਸਾਰੇ ਮੁੱਦਿਆਂ ਉੱਤੇ ਸਾਰਥਕ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸੁਝਾਅ ਉੱਤੇ ਗ਼ੌਰ ਕੀਤਾ ਜਾਵੇਗਾ ਪਰ ਇਸ ਲਈ ਸੰਸਦ ਦੀ ਕਾਰਵਾਈ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਨਹੀਂ ਡਾਹਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਵੀ ਵੇਖਣਾ ਚਾਹੀਦਾ ਹੈ ਕਿ ਭਾਰਤ ਇਸ ਸਥਿਤੀ ਦਾ ਲਾਭ ਕਿਵੇਂ ਉਠਾ ਸਕਦਾ ਹੈ। ਸਰਬ-ਪਾਰਟੀ ਮੀਟਿੰਗ ’ਚ ਉਪਰੋਕਤ ਕੁਝ ਚਲੰਤ ਤੇ ਭਖਦੇ ਮੁੱਦਿਆਂ ਦੇ ਨਾਲ-ਨਾਲ ਕਿਸਾਨ ਮਸਲਿਆਂ ਦੀ ਗੱਲ ਵੀ ਕੀਤੀ।