ਕੀ ਕੋਈ ਨਵਾਂ 'ਤੂਫ਼ਾਨ' ਲਿਆਉਣ ਦੀ ਤਿਆਰੀ 'ਚ ਹੈ ਸਿੱਧੂ ਦੀ 'ਸਿਆਸੀ ਚੁੱਪੀ'?

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿਲ ਦਰਿਆ ਸਮੂੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ...!

file photo

ਨਵੀਂ ਦਿੱਲੀ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਵੀ ਰੌਮਾਂਚਿਕਤਾ ਦੀ ਸਿਖ਼ਰ ਛੂਹਣ ਜਾ ਰਹੀਆਂ ਨੇ। ਇਹ ਚੋਣਾਂ ਜਿੱਥੇ ਕਈਆਂ ਦਾ 'ਸਿਆਸੀ ਸਿਤਾਰਾ' ਚਮਕਾਉਣ ਵਾਲੀਆਂ ਸਾਬਤ ਹੋ ਰਹੀਆਂ ਹਨ, ਉਥੇ ਕਈਆਂ ਦੀ ਚੰਗੀ-ਭਲੀ 'ਪੁੰਨਿਆ' ਨੂੰ 'ਮੱਸਿਆ' ਵਿਚ ਤਬਦੀਲ ਕਰਦੀਆਂ ਜਾਪ ਰਹੀਆਂ ਹਨ। ਕਈ ਸਿਆਸੀ ਆਗੂਆਂ ਦੀ ਹਾਲਤ ਤਾਂ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਵੀ ਹੋਈ ਪਈ ਹੈ।

ਇਨ੍ਹਾਂ ਵਿਚ ਪਹਿਲਾਂ ਨਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਉਂਦਾ ਹੈ ਜਿਨ੍ਹਾਂ ਨੂੰ ਇਕ ਪਾਸੇ ਪੰਜਾਬ ਅੰਦਰ ਭਾਜਪਾ ਦੀ ਭਾਈਵਾਲੀ ਦੀ ਡਾਢੀ ਜ਼ਰੂਰਤ ਹੈ, ਉਥੇ ਦੂਜੇ ਪਾਸੇ ਦਿੱਲੀ ਵਿਚ ਵੀ ਅਪਣੀ ਧਰਮ ਪਤਨੀ ਦੇ ਮੰਤਰੀ ਅਹੁਦੇ ਤੋਂ ਇਲਾਵਾ ਪਾਰਟੀ ਦੀ ਹੋਂਦ ਨੂੰ ਬਚਾਈ ਰੱਖਣ ਲਈ ਭਾਜਪਾ ਦੇ ਮੋਢੇ ਦਾ ਸਹਾਰਾ ਚਾਹੀਦਾ ਹੈ। ਸੀਟਾਂ ਦੀ ਵੰਡ ਤੋਂ ਲੈ ਕੇ 'ਗਠਜੋੜ ਧਰਮ' ਨਿਭਾਉਣ ਤਕ ਭਾਜਪਾ ਨੇ ਅਕਾਲੀ ਦਲ ਨੂੰ ਘਾਹ ਨਹੀਂ ਪਾਇਆ। ਇਸ ਦੇ ਬਾਵਜੂਦ ਅਕਾਲੀ ਦਲ ਨੂੰ ਦਿੱਲੀ ਵਿਚ ਭਾਜਪਾ ਦਾ ਸਾਥ ਦੇਣ ਦਾ ਐਲਾਨ ਕਰਨਾ ਪਿਆ ਹੈ।

ਇਸੇ ਤਰ੍ਹਾਂ ਸਮੁੱਚੀ ਸਿੱਖ ਸਿਆਸਤ ਵੀ ਦਿੱਲੀ ਚੋਣਾਂ ਦੌਰਾਨ ਭਾਜਪਾ ਦੀ ਅਧੀਨਗੀ ਸਵੀਕਾਰ ਕਰਦੀ ਦਿਸ ਰਹੀ ਹੈ। ਕਾਂਗਰਸ ਵਲੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਵੋਟਾਂ ਖਾਤਰ ਮੋਹਰੀ ਭੂਮਿਕਾ 'ਚ ਅੱਗੇ ਕੀਤਾ ਗਿਆ ਹੈ। ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਿੱਖ ਸਿਆਸਤ ਵਿਚ ਅਹਿਮੀਅਤ ਦਾ ਅਹਿਸਾਸ ਹੈ। ਸੋ ਦਿੱਲੀ ਸਿੱਖ ਵੋਟਰਾਂ ਨੂੰ ਲੁਭਾਉਣ ਖ਼ਾਤਰ ਕਾਂਗਰਸ ਦਿੱਲੀ ਵਿਖ 'ਕੈਪਟਨ ਕਾਰਡ' ਖੇਡਣ ਦੀ ਤਿਆਰੀ 'ਚ ਹੈ। ਹੋਰ ਸਿਆਸੀ ਆਗੂ ਵੀ ਅਪਣੀਆਂ ਸਿਆਸੀ ਮਜ਼ਬੂਰੀਆਂ ਤੇ ਖਾਹਿਸ਼ਾਂ ਦੇ ਹਿਸਾਬ ਨਾਲ ਦਿੱਲੀ ਚੋਣਾਂ 'ਚ ਅਪਣੀ ਅਪਣੀ ਹਾਜ਼ਰੀ ਲਗਵਾ ਰਹੇ ਹਨ।

ਇਨ੍ਹਾਂ ਸੱਭ ਸਿਆਸੀ ਕਲਾ-ਬਾਜ਼ੀਆਂ ਦਰਮਿਆਨ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ 'ਵਿਰਾਮ-ਅਵਸਥਾ' ਸਭ ਦਾ ਧਿਆਨ ਖਿੱਚ ਰਹੀ ਹੈ। ਉਨ੍ਹਾਂ ਵਲੋਂ ਅਜੇ ਤਕ ਕਿਸੇ ਵੀ ਰੈਲੀ 'ਚ ਅਪਣਾ ਦਮ-ਖਮ ਦਿਖਾਉਣ ਦੀ ਜ਼ਰੂਰਤ ਨਹੀਂ ਸਮਝੀ ਗਈ। ਉਨ੍ਹਾਂ ਦੀ 'ਸਿਆਸੀ ਚੁੱਪ' ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਿਆਸੀ ਕਲਾਬਾਜ਼ੀਆਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਨੂੰ ਦਿੱਲੀ ਚੋਣਾਂ ਦੌਰਾਨ ਸਿੱਧੂ ਦੀ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਵਿਚਰਨ ਦੀਆਂ ਕਿਆਸ ਅਰਾਈਆਂ ਦੇ ਬਾਵਜੂਦ ਸਿਆਸੀ ਖਾਮੋਸ਼ੀ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਜਾਪ ਰਹੀ ਹੈ।

ਸਿੱਧੂ ਵਲੋਂ ਜਿੱਥੇ ਕਾਂਗਰਸ ਦੇ ਪ੍ਰਚਾਰ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਉਥੇ ਹੀ ਦਿੱਲੀ 'ਚ ਕਾਂਗਰਸ ਦੀ ਮੁੱਖ ਵਿਰੋਧੀ ਧਿਰ 'ਆਮ ਆਦਮੀ ਪਾਰਟੀ' ਖ਼ਾਸ ਕਰ ਕੇ ਪਾਰਟੀ ਸੁਪਰੀਮੋ ਕੇਜਰੀਵਾਲ ਖਿਲਾਫ਼ ਅਜੇ ਤਕ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ। ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਸਿੱਧੂ ਨੂੰ ਪਾਰਟੀ ਅੰਦਰਲੀ ਮੁਖਾਲਫ਼ਿਤ ਕਾਰਨ ਮੰਤਰੀ ਪਦ ਤਕ ਛੱਡਣਾ ਪਿਆ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਲਗਾਤਾਰ ਜਾਰੀ ਲੰਮੀ ਸਿਆਸੀ ਖਾਮੋਸ਼ੀ ਤੋਂ ਵੀ ਉਨ੍ਹਾਂ ਦੇ ਕਿਸੇ ਵੀ ਪਲ ਵੱਡਾ ਧਮਾਕਾ ਕਰਨ ਦੇ ਸੰਕੇਤ ਮਿਲ ਰਹੇ ਹਨ।

ਇਸੇ ਦੌਰਾਨ ਸੋਸ਼ਲ ਮੀਡੀਆਂ ਦੇ ਇਕ ਹਿੱਸੇ ਵਲੋਂ ਵੀ ਸਿੱਧੂ ਦੇ ਆਮ ਆਦਮੀ ਪਾਰਟੀ ਵੱਲ ਝੁਕਾਓ ਦੇ ਦਾਅਵੇ ਕੀਤੇ ਜਾ ਰਹੇ ਹਨ। ਸਿਆਸੀ ਕਨਸੋਆ ਮੁਤਾਬਕ ਸਿੱਧੂ ਵਲੋਂ ਆਮ ਆਦਮੀ ਪਾਰਟੀ ਵੱਲ ਰੁਖ ਕਰ ਕੇ ਵੱਡਾ ਧਮਾਕਾ ਕੀਤਾ ਜਾ ਸਕਦਾ ਹੈ। ਸਿੱਧੂ ਨੂੰ ਆਮ ਤੌਰ 'ਤੇ ਇਕ ਹਾਜ਼ਰ-ਜਵਾਬ ਨੇਤਾ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਸ਼ਾਇਰੋ-ਸ਼ਾਇਰੀ ਵਾਲੀਆਂ ਸਿਆਸੀ ਕਲਾਬਾਜ਼ੀਆਂ ਨੂੰ ਵੱਡੀ ਗਿਣਤੀ ਲੋਕ ਡਾਢਾ ਪਸੰਦ ਕਰਦੇ ਹਨ। ਅਜਿਹੇ ਆਗੂ ਦਾ ਏਨੀ ਦੇਰ ਤਕ ਚੁੱਪ ਰਹਿਣਾ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ। ਉਨ੍ਹਾਂ ਵਲੋਂ ਆਉਂਦੇ ਸਮੇਂ 'ਚ ਚੁੱਕੇ ਜਾਣ ਵਾਲੇ ਕਦਮਾਂ ਅਤੇ ਕਹੇ ਜਾਣ ਵਾਲੇ ਲਫ਼ਜ਼ਾਂ ਵੱਲ ਸਭ ਦੀ ਨਜ਼ਰ ਹੈ।