ਬੱਚੇ ਨੂੰ ਮਾਂ ਨਾਲ ਮਿਲਵਾਉਣ ਲਈ ਜੱਜ ਨੇ ਰਾਤ ਨੂੰ ਖੋਲ੍ਹੀ ਅਦਾਲਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮਤੌਰ ‘ਤੇ ਵੱਡੀਆਂ ਘਟਨਾਵਾਂ ਨੂੰ ਲੈ ਕੇ ਅਦਾਲਤਾਂ ਦੇ ਰਾਤ ਦੇ ਸਮੇਂ ਖੁੱਲ੍ਹਣ ਦੀਆਂ ਖ਼ਬਰਾਂ ਤਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ।

Photo

ਨਵੀਂ ਦਿੱਲੀ: ਆਮਤੌਰ ‘ਤੇ ਵੱਡੀਆਂ ਘਟਨਾਵਾਂ ਨੂੰ ਲੈ ਕੇ ਅਦਾਲਤਾਂ ਦੇ ਰਾਤ ਦੇ ਸਮੇਂ ਖੁੱਲ੍ਹਣ ਦੀਆਂ ਖ਼ਬਰਾਂ ਤਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ। ਪਰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਪੁੱਤਰ ਨੂੰ ਮਾਂ ਨਾਲ ਮਿਲਾਉਣ ਲਈ ਰਾਤ ਨੂੰ ਅਦਾਲਤ ਖੁੱਲ੍ਹੀ। ਦਰਅਸਲ ਮਾਮਲਾ ਸਾਗਰ ਦੇ ਕੇਂਦਰੀ ਜੇਲ੍ਹ ਦਾ ਹੈ, ਜਿੱਥੇ ਭੋਪਾਲ ਦਾ ਇਕ ਪਰਿਵਾਰ ਜੇਲ੍ਹ ਵਿਚ ਬੰਦ ਹੈ।

ਜੇਲ੍ਹ ਵਿਚ ਭੇਜੀ ਗਈ ਔਰਤ ਦਾ ਲਗਭਗ ਚਾਰ ਸਾਲ ਦਾ ਬੱਚਾ ਬੁੱਧਵਾਰ ਦੀ ਰਾਤ ਨੂੰ ਅਪਣੀ ਮਾਂ ਨੂੰ ਮਿਲਣ ਲਈ ਕਾਫੀ ਰੋਇਆ, ਰਾਤ ਤੱਕ ਉਹ ਜੇਲ੍ਹ ਦੇ ਬਾਹਰ ਹੀ ਬੈਠ ਕੇ ਰੋਂਦਾ ਰਿਹਾ। ਜੇਲ੍ਹ ਵਿਚ ਬੰਦ ਔਰਤ ਦੇ ਪਰਿਵਾਰਕ ਮੈਂਬਰ ਰਹਿਮਾਨ ਅਲੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਚਾਰ ਸਾਲ ਦਾ ਬੱਚਾ ਅਪਣੀ ਮਾਂ ਨੂੰ ਮਿਲਣ ਲਈ ਤੜਫ ਰਿਹਾ ਹੈ।

ਜੇਲ੍ਹ ਅਧਿਕਾਰੀਆਂ ਨੇ ਅਪਣੀ ਮਜਬੂਰੀ ਦੱਸੀ ਕਿ ਬੱਚੇ ਦੀ ਮਾਂ ਨਾਲ ਮੁਲਾਕਾਤ ਸੰਭਵ ਨਹੀਂ ਹੈ। ਦੱਸਿਆ ਗਿਆ ਹੈ ਕਿ ਇਸ ਪੂਰੇ ਘਟਨਾਕ੍ਰਮ ਤੋਂ ਜੇਲਰ ਨਾਗੇਂਦਰ ਸਿੰਘ ਚੌਧਰੀ ਨੇ ਸੁਪਰਡੈਂਟ ਸੰਤੋਸ਼ ਸਿੰਘ ਸੋਲੰਕੀ ਨੂੰ ਜਾਣੂ ਕਰਵਾਇਆ। ਸੰਤੋਸ਼ ਸਿੰਘ ਨੇ ਇਸ ਸਥਿਤੀ ਨਾਲ ਵਿਸ਼ੇਸ਼ ਜੱਜ ਡੀਕੇ ਨਾਗਰੇ ਨੂੰ ਜਾਣੂ ਕਰਵਾਇਆ।

ਨਾਗਰੇ ਨੇ ਬੱਚੇ ਦੀ ਮਾਂ ਵੱਲੋਂ ਇਕ ਅਰਜ਼ੀ ਅਦਾਲਤ ਵਿਚ ਦੇਣ ਲਈ ਕਿਹਾ। ਜੱਜ ਰਾਤ ਸਾਢੇ ਅੱਠ ਵਜੇ ਅਦਾਲਤ ਪਹੁੰਚੇ, ਉਹਨਾਂ ਨੂੰ ਔਰਤ ਵੱਲੋਂ ਅਰਜੀ ਦਿੱਤੀ ਗਈ। ਇਸ ਤੋਂ ਬਾਅਦ ਜੱਜ ਨੇ ਬੱਚੇ ਨੂੰ ਜੇਲ੍ਹ ਵਿਚ ਦਾਖਲ ਕਰਨ ਦੀ ਇਜਾਜ਼ਤ ਦੇ ਦਿੱਤੀ। ਜੇਲ ਅਧਿਕਾਰੀ ਸੋਲੰਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੇ ਨੌਕਰੀਕਾਲ ਦੌਰਾਨ ਇਹ ਪਹਿਲਾ ਅਜਿਹਾ ਮੌਕਾ ਆਇਆ ਹੈ।

ਜਿਸ ਵਿਚ ਰਾਤ ਨੂੰ ਕੋਰਟ ਖੁਲਵਾਉਣ ਲਈ ਅਰਜੀ ਦਿੱਤੀ ਗਈ ਹੋਵੇ। ਜ਼ਿਕਰਯੋਗ ਹੈ ਕਿ ਬੱਚੇ ਦੇ ਮਾਤਾ-ਪਿਤਾ ਭੋਪਾਲ ਦੇ ਰਹਿਣ ਵਾਲੇ ਹਨ। ਦੋਵੇਂ ਫਿਲਹਾਲ ਸਾਗਰ ਜੇਲ੍ਹ ਵਿਚ ਬੰਦ ਹਨ। ਮਾਤਾ-ਪਿਤਾ ‘ਤੇ ਧਾਰਾ 363, 366, 376 ‘ਤੇ ਮਾਮਲਾ ਦਰਜ ਕੀਤਾ ਹੈ। ਉਹ ਮਕਾਨ ਦੇ ਵਿਵਾਦ ਦੇ ਚਲਦਿਆਂ ਜੇਲ੍ਹ ਵਿਚ ਬੰਦ ਹਨ।