ਰਾਸ਼ਟਰਪਤੀ ਦਾ ਭਾਸ਼ਨ : ਸੱਤਾ ਧਿਰ ਦੀ ਬੱਲੇ-ਬੱਲੇ, ਬਾਕੀ ਸਭ...!?

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰ 'ਤੇ ਮੈਂਬਰਾਂ ਨੇ ਬਾਹਾਂ 'ਤੇ ਬੰਨ੍ਹੀਆਂ ਕਾਲੀਆਂ ਪੱਟੀਆਂ

file photo

ਨਵੀਂ ਦਿੱਲੀ : ਸੰਸਦ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਕਾਂਗਰਸ ਅਤੇ ਵਿਰੋਧੀ ਧਿਰਾਂ ਦੇ ਮੈਂਬਰ ਸਾਂਝੀ ਬੈਠਕ ਵਿਚ ਰਾਸ਼ਟਰਪਤੀ ਦੇ ਭਾਸ਼ਨ ਦੌਰਾਨ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਤਿਹਾਸਕ ਕੇਂਦਰੀ ਕੰਪਲੈਕਸ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਸਵੇਰ ਸਮੇਂ ਕਾਲੀਆਂ ਪੱਟੀਆਂ ਬੰਨ੍ਹ ਕੇ ਸੰਸਦ ਦੇ ਵਿਹੜੇ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਧਰਨਾ ਦਿਤਾ।

ਸੰਸਦ ਵਿਚ ਰਾਸ਼ਟਰਪਤੀ ਦੁਆਰਾ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਜ਼ਿਕਰ ਦੌਰਾਨ ਪ੍ਰਧਾਨ ਮੰਤਰੀ ਸਮੇਤ ਸੱਤਾ ਧਿਰ ਦੇ ਮੈਂਬਰਾਂ ਨੇ ਕੁੱਝ ਦੇਰ ਤਕ ਮੇਜ਼ਾਂ ਥਪਥਪਾ ਕੇ ਇਸ ਦਾ ਸਵਾਗਤ ਕੀਤਾ ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ 'ਸ਼ਰਮ ਕਰੋ' ਦੇ ਨਾਹਰੇ ਲਾਏ। ਇਸ 'ਤੇ ਵਿਰੋਧੀ ਧਿਰ 'ਤੇ ਮੈਂਬਰਾਂ ਨੇ ਕਾਫ਼ੀ ਰੌਲਾ-ਰੱਪਾ ਪਾਇਆ। ਕੁੱਝ ਸਮੇਂ ਲਈ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਸਫ਼ੈਦ ਕਪੜਾ ਵਿਖਾਇਆ ਜਿਸ 'ਤੇ ਲਿਖਿਆ ਸੀ, 'ਨੋ ਸੀਏਏ, ਨੋ ਐਨਆਰਸੀ'।

ਭਾਸ਼ਨ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਅਪਣੀ ਤੈਅ ਸੀਟ ਦੀ ਬਜਾਏ ਪੰਜਵੀਂ ਕਤਾਰ ਵਿਚ ਬੈਠੇ ਹੋਏ ਸਨ। ਉਨ੍ਹਾਂ ਨਾਲ ਗ਼ੁਲਾਮ ਨਬੀ ਆਜ਼ਾਦ, ਸ਼ਸ਼ੀ ਥਰੂਰ, ਮਨੀਸ਼ ਤਿਵਾੜੀ ਅਤੇ ਬੇਨੀ ਬੇਹਨਾਨ ਬੈਠੇ ਸਨ। ਕਾਂਗਰਸ ਮੈਂਬਰ ਅਧੀਰ ਰੰਜਨ ਚੌਧਰੀ ਸਮੇਤ ਕਈ ਕਾਂਗਰਸ ਮੈਂਬਰ ਕਾਲੀਆਂ ਪੱਟੀਆਂ ਬੰਨ੍ਹ ਕੇ ਆਏ ਸਨ ਅਤੇ ਪਿਛਲੀਆਂ ਕਤਾਰਾਂ ਵਿਚ ਬੈਠੇ ਸਨ।

ਜਦ ਰਾਸ਼ਟਰਪਤੀ ਨੇ ਸੀਏਏ ਦਾ ਜ਼ਿਕਰ ਕੀਤਾ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਦੇ ਨਾਹਰਿਆਂ ਵਿਚਾਲੇ ਸੱਤਾਧਿਰ ਦੇ ਮੈਂਬਰਾਂ ਨੇ ਲਗਭਗ ਇਕ ਮਿੰਟ ਤਕ ਮੇਜਾਂ ਥਪਥਪਾ ਕੇ ਇਸ ਦਾ ਸਵਾਗਤ ਕੀਤਾ। ਇਕ ਘੰਟੇ ਤੋਂ ਜ਼ਿਆਦਾ ਚਲੇ ਰਾਸ਼ਟਰਪਤੀ ਭਾਸ਼ਨ ਦੌਰਾਨ ਸੱਤਾਧਿਰ ਦੇ ਮੈਂਬਰਾਂ ਨੇ 110 ਵਾਰ ਮੇਜ਼ ਥਪਥਪਾ ਕੇ ਵੱਖ ਵੱਖ ਜ਼ਿਕਰਾਂ ਦਾ ਸਵਾਗਤ ਕੀਤਾ।