ਬੀਜੇਪੀ ਸਿੱਖਾਂ ਨੂੰ ਅੱਗੇ ਲਿਆ ਕੇ ਪੰਜਾਬ ਵਿਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖਾਲਸਾ ਨੇ ਕਾਫੀ ਸਮਾਂ ਸਿੱਖ ਮਸਲਿਆਂ ਦੀ ਵੀ ਪੈਰਵੀ ਕੀਤੀ।

Punjab why Harinder singh khalsa join BJP

ਚੰਡੀਗੜ੍ਹ: ਸਾਲ 2014 ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਬਣੇ ਹਰਿੰਦਰ ਸਿੰਘ ਖਾਲਸਾ ਨੇ ਬੀਜੇਪੀ ਦਾ ਲੜ ਫੜ ਲਿਆ ਹੈ। ਸੂਤਰਾਂ ਮੁਤਾਬਕ ਬੀਜੇਪੀ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਪੰਜਾਬ ਵਿਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਬੀਜੇਪੀ ਨੇ ਨਵਜੋਤ ਸਿੱਧੂ ਜ਼ਰੀਏ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤੀ ਸਫਲਤਾ ਨਹੀਂ ਮਿਲੀ। ਹੁਣ ਸਵਾਲ ਉੱਠ ਰਹੇ ਹਨ ਕਿ ਕੀ ਖਾਲਸਾ ਬੀਜੇਪੀ ਦੀ ਬੇੜੀ ਪਾਰ ਲਾ ਸਕੇਗਾ।

ਦਿਲਚਸਪ ਗੱਲ ਹੈ ਕਿ ਹਰਿੰਦਰ ਸਿੰਘ ਖਾਲਸਾ ਦਾ ਉਸ ਸਿੱਖ ਵਰਗ ਵਿੱਚ ਵੀ ਚੰਗਾ ਸਤਿਕਾਰ ਸੀ ਜਿਹੜਾ ਬੀਜੇਪੀ ਨਾਲ ਨਫਰਤ ਕਰਦਾ ਹੈ। ਇਸ ਦਾ ਕਾਰਨ ਖਾਲਸਾ ਵੱਲੋਂ ਨਵੰਬਰ 1984 ਵਿਚ ਸਿੱਖ ਕਤਲੇਆਮ ਵੇਲੇ ਆਪਣੇ ਆਈਐਫਐਸ ਅਫਸਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਸੀ। ਉਸ ਵੇਲੇ ਉਹ ਨਾਰਵੇ ਵਿਚ ਭਾਰਤ ਦੇ ਰਾਜਦੂਤ ਸੀ। ਇਸ ਤੋਂ ਇਲਾਵਾ ਖਾਲਸਾ ਨੇ ਕਾਫੀ ਸਮਾਂ ਸਿੱਖ ਮਸਲਿਆਂ ਦੀ ਵੀ ਪੈਰਵੀ ਕੀਤੀ। ਹੁਣ ਖਾਲਸਾ ਦਾ ਇੱਕਦਮ ਬੀਜੇਪੀ ਵਿੱਚ ਸ਼ਾਮਲ ਹੋਣਾ ਕਈਆਂ ਦੀ ਸਮਝ ਤੋਂ ਬਾਹਰ ਹੈ। ਇਸ ਲਈ ਸਿੱਖਾਂ ਦਾ ਇੱਕ ਵਰਗ ਖਾਲਸਾ 'ਤੇ ਤਾਬੜਤੋੜ ਹਮਲੇ ਕਰ ਰਿਹਾ ਹੈ।

ਉਧਰ, ਬੀਜੇਪੀ ਵਿਚ ਸ਼ਾਮਲ ਹੋਣ ਮਗਰੋਂ ਸੋਸ਼ਲ ਮੀਡੀਆ 'ਤੇ ਖਾਲਸਾ ਦੀ ਕਾਫੀ ਅਲੋਚਨਾ ਹੋ ਰਹੀ ਹੈ। ਖਾਲਸਾ ਉੱਪਰ ਮੌਕਾਪ੍ਰਸਤੀ ਦੇ ਇਲਜ਼ਾਮ ਵੀ ਲੱਗ ਰਹੇ ਹਨ। ਉਹ 1996 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਿਕਟ 'ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣੇ। ਇਸ ਮਗਰੋਂ ਉਹ ਕੁਝ ਸਮਾਂ ਗਰਮ ਖਿਆਲੀਆਂ ਨਾਲ ਵੀ ਸੁਰ ਮਿਲਾਉਂਦੇ ਰਹੇ। ਪੰਜਾਬ ਵਿਚ ਆਮ ਆਦਮੀ ਪਾਰਟੀ ਸਰਗਰਮ ਹੋਈ ਤਾਂ ਉਨ੍ਹਾਂ ਨੇ ਝਾੜੂ ਫੜ ਲਿਆ। ਕੁਝ ਸਮੇਂ ਮਗਰੋਂ ਹੀ ਉਨ੍ਹਾਂ ਦਾ ਕੇਜਰੀਵਾਲ ਤੋਂ ਵੀ ਮੋਹ ਭੰਗ ਹੋ ਗਿਆ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਬੀਜੇਪੀ ਵਿਚ ਸ਼ਾਮਲ ਹੋਣ ਮਗਰੋਂ ਖਾਲਸਾ ਦੀ ਵਿਚਾਰਧਾਰਾ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਬੀਜੇਪੀ ਵਿਚ ਜਾਣ ਕਰਕੇ ਸਿੱਖ ਵੋਟਰ ਉਨ੍ਹਾਂ ਤੋਂ ਦੂਰ ਜਾਏਗਾ। ਦੂਜੇ ਪਾਸੇ ਉਨ੍ਹਾਂ ਦੇ ਪਿਛੋਕੜ ਕਰਕੇ ਹਿੰਦੂ ਤੇ ਬੀਜੇਪੀ ਦਾ ਵੋਟ ਬੈਂਕ ਵੀ ਉਨ੍ਹਾਂ 'ਤੇ ਯਕੀਨ ਕਰਨ ਤੋਂ ਕੰਨੀ ਕਤਰਾਏਗਾ। ਇਸ ਲਈ ਖਾਲਸਾ ਬੀਜੇਪੀ ਦੀ ਬੇੜੀ ਪਾਰ ਲਾਉਣਗੇ ਜਾਂ ਨਹੀਂ ਪਰ ਉਨ੍ਹਾਂ ਦੀ ਕਿਰਦਾਰ ਸਵਾਲਾਂ ਦੇ ਘੇਰੇ ਵਿਚ ਜ਼ਰੂਰ ਆ ਗਿਆ ਹੈ।