ਜਨਮ ਦਿਨ ਮੁਬਾਰਕ ਹੋਵੇ ਮੰਮੀ, ਮੈਂ ਦੁਖੀ ਹਾਂ- ਪਰਚੇ 'ਤੇ ਇੰਨਾ ਸੁਨੇਹਾ ਛੱਡ ਬੇਟੇ ਨੇ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਪੁਰ ਹਵਾਈ ਅੱਡੇ 'ਤੇ ਗਰਾਊਂਡ ਸਟਾਫ਼ ਵਜੋਂ ਕੰਮ ਕਰਦਾ ਸੀ ਮ੍ਰਿਤਕ ; ਪਿਛਲੇ 2 ਹਫ਼ਤੇ ਤੋਂ ਪੀਲੀਏ ਨਾਲ ਪੀੜਤ ਸੀ

Private airline's employee commits suicide in Nagpur

ਨਾਗਪੁਰ : ਨਿੱਜੀ ਜਹਾਜ਼ ਕੰਪਨੀ ਗੋ-ਏਅਰ ਦੇ 19 ਸਾਲਾ ਇਕ ਮੁਲਾਜ਼ਮ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਪੀੜਤ ਮੰਥਨ ਚੌਹਾਨ ਮੁੰਬਈ ਸਥਿਤ ਏਅਰਲਾਈਨ ਦਾ ਨਾਗਪੁਰ ਹਵਾਈ ਅੱਡੇ 'ਤੇ ਗਰਾਊਂਡ ਸਟਾਫ਼ ਸੀ ਅਤੇ ਅਪਣੀ ਮਾਂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦੇਣ ਤੋਂ ਬਾਅਦ ਵੀਰਵਾਰ ਦੁਪਹਿਰ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੀ ਮਾਂ ਮਹਿਲਾ ਪੁਲਿਸ ਕਰਮਚਾਰੀ ਹੈ। 

ਪੁਲਿਸ ਨੇ ਦਸਿਆ ਕਿ ਚੌਹਾਨ ਨੇ ਦੁਪਹਿਰ ਬਾਅਦ ਕਰੀਬ 2.45 ਵਜੇ ਅਜਨੀ ਥਾਣਾ ਖੇਤਰ ਅਧੀਨ ਚੰਦਰਮਣੀ ਨਗਰ ਵਿਖੇ ਅਪਣੇ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸਬ ਪੁਲਿਸ ਇੰਸਪੈਕਟਰ (ਅਜਨੀ) ਕੈਲਾਸ਼ ਮਗਰ ਨੇ ਚੌਹਾਨ ਦੇ ਪਿਤਾ ਦੇ ਹਵਾਲੇ ਤੋਂ ਦਸਿਆ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਦੇ ਬੇਟੇ ਨੇ ਖੁਦਕੁਸ਼ੀ ਕਿਉਂ ਕੀਤੀ। ਸੰਭਵ ਹੈ ਕਿ ਕੰਮ ਦੇ ਦਬਾਅ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੋਵੇ। ਪਿਛਲੇ ਕਰੀਬ 2 ਹਫ਼ਤਿਆਂ ਤੋਂ ਪੀਲੀਏ ਨਾਲ ਪੀੜਤ ਰਹਿਣ ਕਾਰਨ ਉਹ ਛੁੱਟੀ 'ਤੇ ਸੀ। 

ਉਨ੍ਹਾਂ ਦਸਿਆ,''ਹਾਦਸੇ ਵਾਲੀ ਜਗ੍ਹਾ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਉਥੋਂ ਕਾਗ਼ਜ਼ ਦਾ ਇਕ ਟੁੱਕੜਾ ਬਰਾਮਦ ਹੋਇਆ, ਜਿਸ 'ਤੇ 'ਜਨਮ ਦਿਨ ਮੁਬਾਰਕ ਹੋਵੇ ਮੰਮੀ, ਮੈਂ ਦੁਖੀ ਹਾਂ' ਲਿਖਿਆ ਹੈ। ਜ਼ਿਕਰਯੋਗ ਹੈ ਕਿ ਮੰਥਨ ਦੀ ਮਾਂ ਦਾ ਵੀਰਵਾਰ ਨੂੰ ਜਨਮ ਦਿਨ ਸੀ।'' ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।