ਹੁਣ OTT ਪਲੇਟਫਾਰਮਾਂ ਨੂੰ ਵੀ ਦਿਖਾਉਣੀ ਪਵੇਗੀ ਤੰਬਾਕੂ ਵਿਰੋਧੀ ਚਿਤਾਵਨੀ, ਪਾਲਣਾ ਨਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਜਾਰੀ

Image: For representation purpose only



ਨਵੀਂ ਦਿੱਲੀ: ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਕੇਂਦਰੀ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ 2004 ਦੇ ਤਹਿਤ ਸੰਸ਼ੋਧਤ ਨਿਯਮਾਂ ਨੂੰ ਨੋਟੀਫਾਈ ਕੀਤਾ ਅਤੇ ਓਟੀਟੀ (ਓਵਰ ਦ ਟਾਪ) ਪ੍ਰੋਗਰਾਮਾਂ ਲਈ ਥਿਏਟਰ ਵਿਚ ਫ਼ਿਲਮਾਂ ਤੇ ਟੀਵੀ ਪ੍ਰੋਗਰਾਮਾਂ ਵਾਂਗ ਤੰਬਾਕੂ ਵਿਰੁਧ ਚਿਤਾਵਨੀ ਜਾਰੀ ਕਰਨਾ ਲਾਜ਼ਮੀ ਕਰ ਦਿਤਾ ਹੈ।

ਇਹ ਵੀ ਪੜ੍ਹੋ: ਮਾਤਾ-ਪਿਤਾ ਦੀਆਂ ਤਸਵੀਰਾਂ ਲੈ ਕੇ ਘਰ ਦੇ ਬਾਹਰ ਬੈਠਣ ਨੂੰ ਮਜਬੂਰ ਹੋਏ ਬੇਬਸ ਭੈਣ-ਭਰਾ

ਨੋਟੀਫਿਕੇਸ਼ਨ ਅਨੁਸਾਰ, ਆਨਲਾਈਨ ਸਮੱਗਰੀ ਵਿਚ ਤੰਬਾਕੂ ਉਤਪਾਦਾਂ ਜਾਂ ਉਹਨਾਂ ਦੀ ਵਰਤੋਂ ਨੂੰ ਦਿਖਾਉਣ ਵੇਲੇ, ਪ੍ਰਸਾਰਕਾਂ ਨੂੰ ਪ੍ਰੋਗਰਾਮ ਦੇ ਸ਼ੁਰੂ ਅਤੇ ਮੱਧ ਵਿਚ ਘੱਟੋ-ਘੱਟ 30 ਸਕਿੰਟਾਂ ਲਈ ਤੰਬਾਕੂ ਵਿਰੁਧ ਸਿਹਤ ਚਿਤਾਵਨੀਆਂ ਜਾਰੀ ਕਰਨੀਆਂ ਹੋਣਗੀਆਂ।  ਜਦ ਪ੍ਰੋਗਰਾਮ ਦੌਰਾਨ ਤੰਬਾਕੂ ਉਤਪਾਦ ਜਾਂ ਉਹਨਾਂ ਦੀ ਵਰਤੋਂ ਦਿਖਾਈ ਜਾਂਦੀ ਹੈ, ਤਾਂ ਸਕ੍ਰੀਨ ਦੇ ਹੇਠਾਂ ਇਕ ਸੰਦੇਸ਼ ਵਜੋਂ ਤੰਬਾਕੂ ਵਿਰੋਧੀ ਸਿਹਤ ਚਿਤਾਵਨੀ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਲੈ ਕੇ ਹਾਈਕੋਰਟ ਦਾ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ 

ਇਸ ਤੋਂ ਇਲਾਵਾ, ਪ੍ਰੋਗਰਾਮ ਦੇ ਸ਼ੁਰੂ ਅਤੇ ਮੱਧ ਵਿਚ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਘੱਟੋ-ਘੱਟ 20 ਸਕਿੰਟ ਦਾ ਆਡੀਓ-ਵਿਜ਼ੂਅਲ ਬੇਦਾਅਵਾ ਦਿਖਾਉਣਾ ਹੋਵੇਗਾ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: 'ਜੇ ਵਰਤੀ ਕੁਤਾਹੀ ਤਾਂ ਕਰੋ ਮੁਅੱਤਲ', ਸਿੱਖਿਆ ਬੋਰਡ ‘ਚ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲਿਆਂ ਦੀ ਨਹੀਂ ਖੈਰ

ਇਹ ਫ਼ੈਸਲਾ ਤੰਬਾਕੂ ਦੇ ਸੇਵਨ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਨੂੰ ਦੇਖਦੇ ਹੋਏ ਲਿਆ ਗਿਆ ਹੈ। ਹਾਲਾਂਕਿ ਇਹ ਪਹਿਲਾਂ ਹੀ ਥੀਏਟਰਾਂ ਅਤੇ ਟੀਵੀ ਚੈਨਲਾਂ ਲਈ ਲਾਜ਼ਮੀ ਹੈ। ਟੀਵੀ ਅਤੇ ਥੀਏਟਰਾਂ ਵਿਚ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਘੱਟੋ-ਘੱਟ 30 ਸਕਿੰਟਾਂ ਲਈ ਤੰਬਾਕੂ ਵਿਰੋਧੀ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ, ਪਰ ਓਟੀਟੀ ਲਈ ਇਹ ਲਾਜ਼ਮੀ ਨਹੀਂ ਸੀ।