1.14 ਕਰੋੜ ਰੁਪਏ ਦੇ ਹਾਥੀ ਅਤੇ ਬਾਘ ਦੇ ਦੰਦਾਂ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲੀਜੈਂਸ (ਡੀਆਰਆਈ) ਦੀ ਟੀਮ ਨੇ ਕੋਲਕਾਤਾ ਵਿਚ 1.14 ਕਰੋੜ ਰੁਪਏ ਦੇ ਹਾਥੀ ਅਤੇ ਬਾਘ ਦੇ ਦੰਦ ਸਮੇਤ ਤਿੰਨ ਤਸਕਰਾਂ ਦੀ ਗ੍ਰਿਫ਼ਤਾਰੀ ਕੀਤੀ ਹੈ

Tusks and Tiger teeth recovered

ਕੋਲਕਾਤਾ: ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲੀਜੈਂਸ (ਡੀਆਰਆਈ) ਦੀ ਟੀਮ ਨੇ ਕੋਲਕਾਤਾ ਵਿਚ 1.14 ਕਰੋੜ ਰੁਪਏ ਦੇ ਹਾਥੀ ਅਤੇ ਬਾਘ ਦੇ ਦੰਦ ਸਮੇਤ ਤਿੰਨ ਤਸਕਰਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਇਹਨਾਂ ਦੀ ਪਛਾਣ ਹਬੀਬੁਲ੍ਹਾ, ਉਸ ਦੀ ਪਤਨੀ ਮੁਸਿਲਮਾ ਬੇਗਮ ਅਤੇ ਜਵਾਈ ਆਦਿਲ ਹੂਸੈਨ ਦੇ ਤੌਰ ‘ਤੇ ਹੋਈ ਹੈ। ਇਹਨਾਂ ਵਿਚੋਂ ਹਬੀਬੁਲ੍ਹਾ ਕੋਲਕਾਤਾ ਦੇ ਕਰਯਾ ਥਾਣਾ ਇਲਾਕੇ ਦਾ ਨਿਵਾਸੀ ਹੈ ਜਦਕਿ ਉਸ ਦਾ ਜਵਾਈ ਪਾਰਕ ਸਰਕਸ ਦਾ ਨਿਵਾਸੀ ਹੈ।

ਹਬੀਬੁਲ੍ਹਾ ਕੋਲਕਾਤਾ ਵਿਚ ਬੈਠ ਕੇ ਨੇਪਾਲ, ਭੂਟਾਨ, ਮਿਆਂਮਾਰ, ਚੀਨ ਵਰਗੇ ਦੇਸ਼ਾਂ ਵਿਚ ਹਾਥੀ ਦੇ ਦੰਦ, ਬਾਘ ਦੇ ਦੰਦ ਅਤੇ ਚਮੜੀ ਤੇ ਹੋਰ ਜਾਨਵਰਾਂ ਦੇ ਅੰਗਾਂ ਦੀ ਤਸਕਰੀ ਕਰਨ ਵਾਲੇ ਗੈਂਗ ਦਾ ਮੁਖੀ ਹੈ। ਉਸ ਦੇ ਵਿਰੁੱਧ ਡੀਆਰਆਈ ਨੇ ਕੋਲਕਾਤਾ, ਸਿਲੀਗੁੜੀ ਅਤੇ ਗੁਵਾਹਟੀ ਵਿਚ ਕਈ ਮਾਮਲੇ ਪਹਿਲਾਂ ਤੋਂ ਦਰਜ ਕਰ ਕੇ ਰੱਖੇ ਸਨ। ਉਸ ‘ਤੇ 6.014 ਕਰੋੜ ਰੁਪਏ ਦੇ ਹਾਥੀ ਦੇ ਦੰਦਾ ਦੀ ਤਸਕਰੀ ਦਾ ਇਲਜ਼ਾਮ ਹੈ। ਉਸ ਨੇ ਕੁੱਲ 48.794 ਕਿਲੋ ਹਾਥੀ ਦੇ ਦੰਦਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਡੀਆਰਆਈ ਨੇ ਨਾਕਾਮ ਕਰ ਦਿੱਤਾ ਹੈ। ਉਸ ਦੇ ਕਈ ਸਾਥੀਆਂ ਨੂੰ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਡੀਆਰਆਈ ਦੇ ਪੂਰਬੀ ਖੇਤਰੀ ਡਿਪਟੀ ਡਾਇਰੈਕਟਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 28 ਜੁਲਾਈ ਦੀ ਰਾਤ ਸਿਯਾਲਦੇਹ ਸਟੇਸ਼ਨ ‘ਤੇ ਹਾਥੀ ਦੇ ਦੰਦਾਂ ਦੀ ਤਸਕਰੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸਟੇਸ਼ਨ ‘ਤੇ ਡੀਆਰਆਈ ਦੀ ਟੀਮ ਪਹੁੰਚ ਗਈ ਸੀ। ਇਸ ਦੇ ਨਾਲ ਹੀ ਉਹਨਾਂ ਨੇ ਮੌਕੇ ‘ਤੇ ਪਹੁੰਚ ਕੇ ਹਬੀਬੁਲ੍ਹਾ ਅਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ।

ਇਸ ਤੋਂ ਬਾਅਦ ਡੀਆਰਆਈ ਦੀ ਟੀਮ ਨੇ ਉਹਨਾਂ ਦੇ ਜਵਾਈ ਦੇ ਘਰ ਛਾਪਾ ਮਾਰਿਆ ਜਿਸ ਦੌਰਾਨ ਉਸ ਦੇ ਘਰ ਵਿਚੋਂ  ਬਾਘ ਦੇ ਪੰਜ ਦੰਦ ਅਤੇ ਹਾਥੀ ਦੇ ਦੰਦਾਂ ਦੇ 29 ਟੁਕੜੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇਹਨਾਂ ਨੂੰ ਕੱਟਣ ਵਾਲੀਆਂ ਮਸ਼ੀਨਾਂ ਅਤੇ 48 ਹਜ਼ਾਰ ਰੁਪਏ ਦੀ ਨਗਦੀ ਵੀ ਜ਼ਬਤ ਕੀਤੀ ਗਈ ਹੈ। ਕੁੱਲ ਦੋ ਦਿਨਾਂ ਦੀ ਕਾਰਵਾਈ ਦੌਰਾਨ 11.96 ਕਿਲੋ ਹਾਥੀ ਦੇ ਦੰਦ ਮਿਲੇ ਹਨ ਜਦਕਿ ਬਾਘ ਦੇ ਪੰਜ ਦੰਦ ਬਰਾਮਦ ਹੋਏ ਹਨ। ਇਹਨਾਂ ਦੀ ਕੌਮਾਂਤਰੀ ਬਜ਼ਾਰ ਵਿਚ ਕੁੱਲ ਕੀਮਤ 1.147 ਕਰੋੜ ਰੁਪਏ ਹੈ। ਬਾਘ ਦੇ ਦੰਦਾਂ ਦੀ ਮੰਗ ਸਭ ਤੋਂ ਜ਼ਿਆਦਾ ਚੀਨ ਅਤੇ ਮਿਆਂਮਾਰ ਵਿਚ ਹੈ ਜਦਕਿ ਹਾਥੀ ਦੇ ਦੰਦਾਂ ਦੀ ਤਸਕਰੀ ਨੇਪਾਲ ਅਤੇ ਬੰਗਲਾਦੇਸ਼ ਵਿਚ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।