PM ਮੋਦੀ ਦਾ IPS ਅਧਿਕਾਰੀਆਂ ਨੂੰ ਸੁਨੇਹਾ, ‘ਲੋਕਾਂ ਵਿਚ ਪੁਲਿਸ ਪ੍ਰਤੀ ਨਕਾਰਾਤਮਕ ਧਾਰਨਾ ਨੂੰ ਬਦਲੋ’
ਪ੍ਰਧਾਨ ਮੰਤਰੀ ਨੇ ਕਿਹਾ, " ਤੁਹਾਡੇ ਹਰ ਕੰਮ ਵਿਚ ਰਾਸ਼ਟਰ ਪਹਿਲਾਂ, ਹਮੇਸ਼ਾਂ ਪਹਿਲਾਂ ਦੀ ਭਾਵਨਾ ਦਿਖਣੀ ਚਾਹੀਦੀ ਹੈ।"
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹਨਾਂ ਦੇ ਹਰੇਕ ਕੰਮ ਵਿਚ "ਰਾਸ਼ਟਰ ਪਹਿਲਾਂ, ਹਮੇਸ਼ਾਂ ਪਹਿਲਾਂ" ਦੀ ਭਾਵਨਾ ਦਿਖਾਈ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਪੁਲਿਸ ਬਾਰੇ ਲੋਕਾਂ ਦੀ ਨਕਾਰਾਤਮਕ ਧਾਰਨਾ ਨੂੰ ਬਦਲਣ ਲਈ ਵੀ ਕੰਮ ਕਰਨਾ ਚਾਹੀਦਾ ਹੈ। ਪੀਐਮ ਮੋਦੀ ਨੇ ਆਈਪੀਐਸ ਪ੍ਰੋਬੇਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਫੀਲਡ ਵਿਚ ਰਹਿੰਦੇ ਸਮੇਂ ਜੋ ਵੀ ਫੈਸਲੇ ਲੈਣ ਉਹ ਦੇਸ਼ ਦੇ ਹਿੱਤ ਵਿਚ ਹੋਣੇ ਚਾਹੀਦੇ ਹਨ ਅਤੇ ਉਹਨਾਂ ਦਾ ਰਾਸ਼ਟਰੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ।
ਹੋਰ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ: 2 ਅਗਸਤ ਤੋਂ ਸਾਰੀਆਂ ਜਮਾਤਾਂ ਲਈ ਖੁੱਲ੍ਹਣਗੇ ਸਕੂਲ
ਉਹਨਾਂ ਕਿਹਾ, “ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਤੁਸੀਂ ਇਕ ਭਾਰਤ, ਸਭ ਤੋਂ ਵਧੀਆ ਭਾਰਤ ਦੇ ਵੀ ਝੰਡਾ ਬਰਦਾਰ ਹੋ।” ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਖੇ ਵੀਡੀਓ ਕਾਨਫਰੰਸ ਰਾਹੀਂ ਆਈਪੀਐਸ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, " ਤੁਹਾਡੇ ਹਰ ਕੰਮ ਵਿਚ ਰਾਸ਼ਟਰ ਪਹਿਲਾਂ, ਹਮੇਸ਼ਾਂ ਪਹਿਲਾਂ ਦੀ ਭਾਵਨਾ ਦਿਖਣੀ ਚਾਹੀਦੀ ਹੈ।" ਮੋਦੀ ਨੇ ਕਿਹਾ ਕਿ ਲੋਕਾਂ ਵਿਚ ਪੁਲਿਸ ਪ੍ਰਤੀ ਨਕਾਰਾਤਮਕ ਧਾਰਨਾ ਆਪਣੇ ਆਪ ਵਿਚ ਇਕ ਵੱਡੀ ਚੁਣੌਤੀ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਦੌਰਾਨ ਇਹ ਧਾਰਨਾ ਥੋੜੀ ਬਦਲ ਗਈ ਜਦੋਂ ਲੋਕਾਂ ਨੇ ਪੁਲਿਸ ਕਰਮਚਾਰੀਆਂ ਨੂੰ ਮਦਦ ਕਰਦੇ ਵੇਖਿਆ, ਪਰ ਹੁਣ ਸਥਿਤੀ ਦੁਬਾਰਾ ਪੁਰਾਣੀ ਹੋ ਗਈ ਹੈ।
ਹੋਰ ਪੜ੍ਹੋ: ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਝਟਕਾ, ATM ’ਚੋਂ ਪੈਸੇ ਕਢਵਾਉਣ ’ਤੇ ਦੇਣੀ ਪਵੇਗੀ ਜ਼ਿਆਦਾ ਫੀਸ
ਉਹਨਾਂ ਕਿਹਾ, “ਸਾਡੇ ਪੁਲਿਸ ਕਰਮਚਾਰੀਆਂ ਨੇ ਦੇਸ਼ ਦੀ ਸੁਰੱਖਿਆ, ਅਮਨ -ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਅਤੇ ਅਤਿਵਾਦ ਨਾਲ ਲੜਨ ਲਈ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ। ਉਹ ਕਈ ਦਿਨਾਂ ਤੋਂ ਘਰ ਨਹੀਂ ਜਾਂਦੇ, ਉਹ ਤਿਉਹਾਰਾਂ ਮੌਕੇ ਵੀ ਘਰ ਨਹੀਂ ਜਾ ਸਕਦੇ, ਪਰ ਜਦੋਂ ਪੁਲਿਸ ਦੇ ਅਕਸ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੀ ਧਾਰਨਾ ਵੱਖਰੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿਚ ਭਾਰਤ ਨੇ ਇਕ ਬਿਹਤਰ ਪੁਲਿਸ ਸੇਵਾ ਦੇ ਨਿਰਮਾਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹਾਲ ਹੀ ਦੇ ਸਾਲਾਂ ਵਿਚ ਪੁਲਿਸ ਸਿਖਲਾਈ ਦੇ ਬੁਨਿਆਦੀ ਢਾਂਚੇ ਵਿਚ ਵੀ ਬਹੁਤ ਸੁਧਾਰ ਹੋਇਆ ਹੈ।
ਹੋਰ ਪੜ੍ਹੋ: ਟੋਕੀਉ ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 4-3 ਨਾਲ ਦਿੱਤੀ ਮਾਤ
ਉਹਨਾਂ ਕਿਹਾ, “1930 ਤੋਂ 1947 ਵਿਚਾਲੇ ਜਿਸ ਤਰ੍ਹਾਂ ਦੇਸ਼ ਦੇ ਨੌਜਵਾਨ ਦੇਸ਼ ਵਿਚ ਸਾਹਮਣੇ ਆਏ, ਸਮੁੱਚੀ ਨੌਜਵਾਨ ਪੀੜ੍ਹੀ ਇਕ ਟੀਚੇ ਲਈ ਇੱਕਜੁਟ ਹੋ ਗਈ, ਅੱਜ ਅਸੀਂ ਤੁਹਾਡੇ ਤੋਂ ਵੀ ਇਸੇ ਭਾਵਨਾ ਦੀ ਉਮੀਦ ਕਰਦੇ ਹਾਂ। ਸੁਤੰਤਰਤਾ ਸੰਗਰਾਮ ਵਿਚ ਲੋਕ 'ਸਵਰਾਜ' ਲਈ ਲੜੇ, ਅੱਜ ਤੁਹਾਨੂੰ ਆਪਣੇ ਆਪ ਨੂੰ 'ਸੂਰਾਜ' ਪ੍ਰਤੀ ਸਮਰਪਿਤ ਕਰਨਾ ਹੋਵੇਗਾ। ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਅਜਿਹੇ ਸਮੇਂ ਕਰ ਰਹੇ ਹੋ ਜਦੋਂ ਭਾਰਤ ਹਰ ਖੇਤਰ, ਹਰ ਪੱਧਰ ਤੇ ਬਦਲਾਅ ਦੇ ਦੌਰ ਵਿਚੋਂ ਲੰਘ ਰਿਹਾ ਹੈ।
ਹੋਰ ਪੜ੍ਹੋ: ਤਲਵੰਡੀ ਸਾਬੋ 'ਚ ਕਿਸਾਨਾਂ ਨੇ ਕੀਤਾ Vijay Sampla ਦਾ ਵਿਰੋਧ, ਹੋਈ ਧੱਕਾ-ਮੁੱਕੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਤੁਹਾਡੇ ਕਰੀਅਰ ਦੇ ਆਉਣ ਵਾਲੇ 25 ਸਾਲ ਭਾਰਤ ਦੇ ਵਿਕਾਸ ਦੇ ਸਭ ਤੋਂ ਮਹੱਤਵਪੂਰਨ 25 ਸਾਲ ਵੀ ਬਣਨ ਵਾਲੇ ਹਨ, ਇਸ ਲਈ ਤੁਹਾਡੀ ਤਿਆਰੀ, ਤੁਹਾਡੀ ਮਨੋਦਸ਼ਾ ਇਸ ਵੱਡੇ ਟੀਚੇ ਦੇ ਅਨੁਕੂਲ ਹੋਣੀ ਚਾਹੀਦੀ ਹੈ।" ਮੋਦੀ ਨੇ ਪ੍ਰੋਗਰਾਮ ਦੌਰਾਨ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਵੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ। ਹੈਦਰਾਬਾਦ ਵਿਚ ਸਥਿਤ ਇਹ ਅਕੈਡਮੀ ਦੇਸ਼ ਵਿਚ ਪੁਲਿਸ ਸਿਖਲਾਈ ਦੀ ਪ੍ਰਮੁੱਖ ਸੰਸਥਾ ਹੈ। ਇੱਥੇ ਸ਼ੁਰੂਆਤੀ ਪੱਧਰ 'ਤੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।