ਚੰਡੀਗੜ੍ਹ 'ਚ ਜਲਦ ਸ਼ੁਰੂ ਹੋਣਗੇ ਪੰਜ ਮੁਫ਼ਤ ਗੱਤਕਾ ਸਿਖਲਾਈ ਕੇਂਦਰ
ਸਕੂਲਾਂ-ਕਾਲਜਾਂ ਦੇ ਗੱਤਕਾ ਮੁਕਾਬਲੇ ਕਰਵਾਉਣ ਦੀਆਂ ਤਿਆਰੀਆਂ
ਚੰਡੀਗੜ੍ਹ: ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਨਿਯਮਾਂ ਮੁਤਾਬਿਕ ਗੱਤਕਾ ਖੇਡ ਦੀ ਮੁਫ਼ਤ ਸਿਖਲਾਈ ਦੇਣ ਲਈ ਵੱਖ-ਵੱਖ ਸੈਕਟਰਾਂ ਵਿੱਚ ਪੰਜ ਗੱਤਕਾ ਸਿਖਲਾਈ ਕੇਂਦਰ ਚਾਲੂ ਕਰਨ ਤੋਂ ਇਲਾਵਾ ਜਲਦ ਹੀ ਸਕੂਲਾਂ ਅਤੇ ਕਾਲਜਾਂ ਦੇ ਗੱਤਕਾ ਮੁਕਾਬਲੇ ਕਰਵਾਏ ਜਾਣਗੇ ਅਤੇ ਸੈਕਟਰ 34 ਵਿਖੇ 'ਚੌਥੀ ਟਰਾਈ ਸਿਟੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ' ਕਰਵਾਈ ਜਾਵੇਗੀ। ਇਹ ਫੈਸਲੇ ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੀ ਕਾਰਜਕਾਰਨੀ ਦੇ ਸਾਲਾਨਾ ਇਜਲਾਸ ਦੌਰਾਨ ਲਏ ਗਏ ਜਿਸ ਵਿਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਹੋਰ ਪੜ੍ਹੋ: ਪੰਜਾਬ ਪੁਲਿਸ ਨੇ ਇਕ ਹੋਰ ਅਤਿਵਾਦੀ ਹਮਲਾ ਕੀਤਾ ਨਾਕਾਮ, 2 ਹੈਂਡ ਗ੍ਰਨੇਡ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
ਇਜਲਾਸ ਉਪਰੰਤ ਗੱਲਬਾਤ ਕਰਦਿਆਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ ਅਤੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਨੇ ਦੱਸਿਆ ਕਿ ਇਸ ਸਲਾਨਾ ਇਜਲਾਸ ਵਿੱਚ ਗੱਤਕਾ ਸੰਸਥਾ ਵੱਲੋਂ ਪਿਛਲੇ ਅਰਸੇ ਦੌਰਾਨ ਵਿਰਾਸਤੀ ਖੇਡ ਗੱਤਕਾ ਨੂੰ ਹਰਮਨ ਪਿਆਰਾ ਬਨਾਉਣ ਲਈ ਜਾਰੀ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਵਿੱਚ ਮੁਫ਼ਤ ਗੱਤਕਾ ਸਿਖਲਾਈ ਤੇ ਸੂਬਾ ਪੱਧਰੀ ਚੈਂਪੀਅਨਸ਼ਿੱਪ ਕਰਵਾਉਣ ਸਮੇਤ ਵਿਰਸਾ ਸੰਭਾਲ ਮੁਕਾਬਲੇ ਕਰਵਾਉਣ ਦੀ ਰੂਪ-ਰੇਖਾ ਵੀ ਉਲੀਕੀ ਗਈ।
ਹੋਰ ਪੜ੍ਹੋ: ਭਾਜਪਾ ਨੂੰ ਝਟਕਾ! ਬੰਗਾਲ ਵਿਚ ਇਕ ਹੋਰ ਭਾਜਪਾ ਵਿਧਾਇਕ ਟੀਐਮਸੀ 'ਚ ਸ਼ਾਮਲ
ਉਹਨਾਂ ਦੱਸਿਆ ਕਿ ਕੋਵਿਡ ਦੀ ਮਹਾਂਮਾਰੀ ਕਾਰਨ ਸਾਰੇ ਗੱਤਕਾ ਟ੍ਰੇਨਿੰਗ ਸੈਂਟਰਾਂ ਵਿਚ ਮੁਫ਼ਤ ਗੱਤਕਾ ਸਿਖਲਾਈ ਰੋਕ ਦਿੱਤੀ ਗਈ ਸੀ ਪਰ ਹੁਣ ਅਕਤੂਬਰ ਮਹੀਨੇ ਤੋਂ ਸੈਕਟਰ 40, ਸੈਕਟਰ 49, ਸੈਕਟਰ 22, ਸੈਕਟਰ 28/ਮਨੀਮਾਜਰਾ ਅਤੇ ਪੰਜਾਬ ਯੂਨੀਵਰਸਿਟੀ ਵਿਖੇ ਮੁਫ਼ਤ ਗੱਤਕਾ ਸਿਖਲਾਈ ਕੇਂਦਰ ਦੁਬਾਰਾ ਸ਼ੁਰੂ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਸਕੂਲਾਂ ਅਤੇ ਕਾਲਜਾਂ ਦੀਆਂ ਗੱਤਕਾ ਟੀਮਾਂ ਦੇ ਅੰਤਰ-ਸਕੂਲ ਅਤੇ ਅੰਤਰ-ਕਾਲਜ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਚੌਥੀ ਇੰਟਰਸਿਟੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ ਵੀ ਜਨਵਰੀ ਮਹੀਨੇ ਕਰਵਾਈ ਜਾਵੇਗੀ ਜਿਸ ਵਿਚ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪੰਚਕੂਲਾ ਸਥਿਤ ਚੋਟੀ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।
ਹੋਰ ਪੜ੍ਹੋ: 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ 'ਘਰ ਵਾਪਸੀ', ਤਾਲਿਬਾਨ ਨੇ ਮਨਾਇਆ ਜਸ਼ਨ
ਹਰਦੀਪ ਸਿੰਘ ਬੁਟਰੇਲਾ ਤੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਜਿਸ ਵਿੱਚ ਸਰਬ-ਸੰਮਤੀ ਨਾਲ ਸੁਖਜਿੰਦਰ ਸਿੰਘ ਯੋਗੀ ਅਤੇ ਅਜੀਤ ਸਿੰਘ ਸੁਪਰਡੈਂਟ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਸੈਣੀ ਮੀਤ ਪ੍ਰਧਾਨ, ਇੰਜੀਨੀਅਰ ਰਾਜਦੀਪ ਸਿੰਘ ਜਨਰਲ ਸਕੱਤਰ, ਰਣਜੀਤ ਸਿੰਘ ਜੰਮੂ ਸਹਾਇਕ ਸਕੱਤਰ, ਸਿਮਰਨਜੀਤ ਸਿੰਘ ਵਿੱਤ-ਸਕੱਤਰ, ਗੁਰਚਰਨ ਸਿੰਘ ਅਤੇ ਬੀਬੀ ਚਰਨਜੀਤ ਕੌਰ ਦੋਵੇਂ ਸੰਯੁਕਤ ਸਕੱਤਰ, ਮਨਿੰਦਰ ਸਿੰਘ ਸਟੇਟ ਕੋਆਰਡੀਨੇਟਰ, ਯੋਗਰਾਜ ਸਿੰਘ ਤੇ ਇੰਦਰਜੀਤ ਸਿੰਘ ਦੋਵੇਂ ਸੀਨੀਅਰ ਸਟੇਟ ਕੋਚ ਵਜੋਂ ਚੁਣੇ ਗਏ।
ਹੋਰ ਪੜ੍ਹੋ: ਕਪੂਰਥਲਾ ਪੁਲਿਸ ਵੱਲੋਂ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 100 ਕਰੋੜ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ
ਬੀਬੀ ਚਰਨਜੀਤ ਕੌਰ ਨੂੰ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਇਸਤਰੀ ਵਿੰਗ ਦੀ ਕੋਆਰਡੀਨੇਟਰ ਵੀ ਥਾਪਿਆ ਗਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਰਾਜ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਜ਼ੋਨਲ ਕੋਆਰਡੀਨੇਟਰ ਵੀ ਜਲਦ ਨਿਯੁਕਤ ਕੀਤੇ ਜਾਣਗੇ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਅਹਿਦ ਕੀਤਾ ਕਿ ਉਹ ਗੱਤਕਾ ਖੇਡ ਦੀ ਤਰੱਕੀ ਲਈ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲਾ ਗੱਤਕਾ ਐਸੋਸੀਏਸ਼ਨ ਸ਼ਾਹਿਬਜਾਦਾ ਅਜੀਤ ਸਿੰਘ ਨਗਰ ਦੇ ਪ੍ਰਧਾਨ ਕੰਵਰ ਹਰਬੀਰ ਸਿੰਘ ਢੀਂਡਸਾ, ਮੀਤ ਪ੍ਰਧਾਨ ਲਖਵੀਰ ਸਿੰਘ, ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਰਾੳ ਵੀ ਹਾਜਰ ਸਨ।