NCRB ਰਿਪੋਰਟ: 2021 ’ਚ 45,026 ਔਰਤਾਂ ਨੇ ਕੀਤੀ ਖੁਦਕੁਸ਼ੀ, ਘਰੇਲੂ ਔਰਤਾਂ ਦੀ ਗਿਣਤੀ ਸਭ ਤੋਂ ਵੱਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਰੇਲੂ ਔਰਤਾਂ ਵੱਲੋਂ ਸਭ ਤੋਂ ਵੱਧ ਖੁਦਕੁਸ਼ੀਆਂ ਤਾਮਿਲਨਾਡੂ (3,221), ਮੱਧ ਪ੍ਰਦੇਸ਼ (3,055) ਅਤੇ ਮਹਾਰਾਸ਼ਟਰ (2,861) ਵਿਚ ਦਰਜ ਹੋਈਆਂ।

45,026 females died by suicide in 2021



ਨਵੀਂ ਦਿੱਲੀ: ਦੇਸ਼ ਵਿਚ 2021 ਦੌਰਾਨ ਘੱਟੋ-ਘੱਟ 45,026 ਔਰਤਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਘਰੇਲੂ ਔਰਤਾਂ ਸਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ 2021 'ਚ ਦੇਸ਼ ਭਰ 'ਚ ਕੁੱਲ 1,64,033 ਲੋਕਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ 'ਚੋਂ 1,18,979 ਮਰਦ ਸਨ। ਅੰਕੜਿਆਂ ਅਨੁਸਾਰ, "ਆਤਮਹੱਤਿਆ ਕਰਨ ਵਾਲੀਆਂ ਔਰਤਾਂ ਜ਼ਿਆਦਾਤਰ (23,178) ਘਰੇਲੂ ਔਰਤਾਂ, ਉਸ ਤੋਂ ਬਾਅਦ ਵਿਦਿਆਰਥਣਾਂ (5,693) ਅਤੇ ਦਿਹਾੜੀਦਾਰ (4,246) ਸਨ।"

ਘਰੇਲੂ ਔਰਤਾਂ ਵੱਲੋਂ ਸਭ ਤੋਂ ਵੱਧ ਖੁਦਕੁਸ਼ੀਆਂ ਤਾਮਿਲਨਾਡੂ (3,221), ਮੱਧ ਪ੍ਰਦੇਸ਼ (3,055) ਅਤੇ ਮਹਾਰਾਸ਼ਟਰ (2,861) ਵਿਚ ਦਰਜ ਹੋਈਆਂ। ਇਹ 2021 ਦੌਰਾਨ ਘਰੇਲੂ ਔਰਤਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਦਾ ਕ੍ਰਮਵਾਰ 13.9 ਫ਼ੀਸਦੀ, 13.2 ਫ਼ੀਸਦੀ ਅਤੇ 12.3 ਫ਼ੀਸਦੀ ਹਨ। ਖੁਦਕੁਸ਼ੀ ਕਰਨ ਵਾਲਿਆਂ ਵਿਚੋਂ 66.9 ਫੀਸਦੀ (1,64,033 ਵਿਚੋਂ 1,09,749) ਵਿਆਹੁਤਾ ਸਨ, ਜਦਕਿ 24.0 ਫੀਸਦੀ ਕੁਆਰੀਆਂ (39,421) ਸਨ। 2021 ਦੌਰਾਨ ਕੁੱਲ ਖੁਦਕੁਸ਼ੀ ਪੀੜਤਾਂ ਵਿਚੋਂ ਵਿਧਵਾ, ਤਲਾਕਸ਼ੁਦਾ, ਜੀਵਨ ਸਾਥੀ ਤੋਂ ਵੱਖ ਰਹਿਣ ਵਾਲਿਆਂ ਦਾ ਅੰਕੜਾ ਕ੍ਰਮਵਾਰ 1.5 ਪ੍ਰਤੀਸ਼ਤ (2,485), 0.5 ਪ੍ਰਤੀਸ਼ਤ (788) ਅਤੇ 0.5 ਪ੍ਰਤੀਸ਼ਤ (871) ਸੀ।

ਸਾਲ 2021 ਵਿਚ ਖੁਦਕੁਸ਼ੀ ਪੀੜਤ ਔਰਤਾਂ ਦਾ ਅਨੁਪਾਤ 72.5:27.4 ਸੀ, ਜੋ ਕਿ ਸਾਲ 2020 (70.9:29.1) ਨਾਲੋਂ ਵੱਧ ਹੈ। ਇਸ ਦੇ ਨਾਲ ਹੀ ਵਿਆਹ ਨਾਲ ਸਬੰਧਤ ਮੁੱਦਿਆਂ (ਖਾਸ ਕਰਕੇ ਦਾਜ ਦੇ ਮੁੱਦੇ), ਨਪੁੰਸਕਤਾ ਅਤੇ ਬਾਂਝਪਨ ਵਿਚ ਖੁਦਕੁਸ਼ੀ ਕਰਨ ਵਾਲੀਆਂ ਔਰਤਾਂ ਦਾ ਅਨੁਪਾਤ ਜ਼ਿਆਦਾ ਸੀ।

NCRB ਅਨੁਸਾਰ ਪਰਿਵਾਰਕ ਸਮੱਸਿਆਵਾਂ (3,233), ਪ੍ਰੇਮ ਸਬੰਧ (1,495) ਅਤੇ ਬੀਮਾਰੀ (1,408) 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਖੁਦਕੁਸ਼ੀ ਦੇ ਮੁੱਖ ਕਾਰਨ ਹਨ। ਅੰਕੜਿਆਂ ਅਨੁਸਾਰ 2021 ਵਿਚ ਕੁੱਲ 28 ਟਰਾਂਸਜੈਂਡਰਾਂ ਨੇ ਵੀ ਖੁਦਕੁਸ਼ੀ ਕੀਤੀ ਹੈ। ਅੰਕੜਿਆਂ ਮੁਤਾਬਕ ਸਾਲ 2021 'ਚ ਖੁਦਕੁਸ਼ੀ ਦੇ ਮੁੱਖ ਕਾਰਨ ਪਰਿਵਾਰਕ ਸਮੱਸਿਆਵਾਂ ਅਤੇ ਬੀਮਾਰੀਆਂ ਸਨ। ਇਸ ਦੀਆਂ ਦਰਾਂ ਕ੍ਰਮਵਾਰ 33.2 ਫੀਸਦੀ ਅਤੇ 18.6 ਫੀਸਦੀ 'ਤੇ ਰਹੀਆਂ।