ਭਾਜਪਾ ਨੂੁੰ ਲੱਗਿਆ ਕਿਸਾਨੀ ਸੰਘਰਸ਼ ਦਾ ਸੇਕ, ਹਰਿਆਣਾ ਦੀਆਂ ਮਿਉਂਸਪਲ ਚੋਣਾਂ 'ਚ ਮਿਲੀ ਕਰਾਰੀ ਹਾਰ
ਸੋਨੀਪਤ ਵਿਚ ਕਾਂਗਰਸ ਨੇ 14 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਚੋਣ
ਚੰਡੀਗੜ੍ਹ : ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸੇਕ ਸੱਤਾਧਾਰੀ ਧਿਰ ਨੂੰ ਪਹੁੰਚਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਵਿਚ ਹਾਲ ਹੀ ਵਿਚ ਹੋਈਆਂ ਮਿਊਂਸਪਲ ਚੋਣਾਂ ਦੇ ਨਤੀਜਿਆਂ ਨੇ ਸੱਤਾਧਾਰੀ ਧਿਰ ਨੂੰ ਕਿਸਾਨਾਂ ਦੇ ਗੁੱਸੇ ਦਾ ਅਹਿਸਾਸ ਕਰਵਾ ਦਿਤਾ ਹੈ। ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਨੂੰ ਇਕ ਤਕੜਾ ਝਟਕਾ ਲੱਗਿਆ ਹੈ। ਕਿਸਾਨੀ ਘੋਲ ਸਦਕਾ ਸੱਤਾਧਾਰੀ ਗੱਠਜੋੜ ਨੂੰ ਸੋਨੀਪਤ ਅਤੇ ਅੰਬਾਲਾ ਵਿਚ ਮੇਅਰ ਦੇ ਅਹੁਦੇ ਤੋਂ ਹੱਥ ਧੋਣਾ ਪਿਆ ਹੈ। ਵਿਧਾਨ ਸਭਾ ਚੋਣਾਂ ਤੋਂ ਇਕ ਸਾਲ ਦੇ ਅਰਸੇ ਬਾਅਦ ਹੀ ਹੋਈ ਇਸ ਕਰਾਰੀ ਹਾਰ ਨੂੰ ਸੱਤਾਧਾਰੀ ਧਿਰ ਦੀ ਘਟਦੀ ਲੋਕਪਿ੍ਰਅਤਾ ਵਜੋਂ ਵੇਖਿਆ ਜਾ ਰਿਹਾ ਹੈ।
ਇੰਨਾ ਹੀ ਨਹੀਂ ਉਪ ਮੁੱਖ ਮੰਤਰੀ ਦੁਸਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਆਪਣੇ ਸਥਾਨਕ ਗੜ੍ਹ, ਉਕਲਾਣਾ, ਹਿਸਾਰ ਅਤੇ ਰੇਵਾੜੀ ਦੇ ਧਾਰੂਹੇਰਾ ਵਿਚ ਚੋਣ ਹਾਰ ਗਈ ਹੈ। ਸੋਨੀਪਤ ਵਿਚ ਕਾਂਗਰਸ ਨੇ ਇਹ ਚੋਣ 14 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਈ ਹੈ। ਨਿਖਿਲ ਮਦਾਨ ਸੋਨੀਪਤ ਦੇ ਪਹਿਲੇ ਮੇਅਰ ਹੋਣਗੇ। ਕਾਂਗਰਸ ਸਮੇਤ ਦੂਜੀਆਂ ਵਿਰੋਧੀ ਧਿਰਾਂ ਮੁਤਾਬਕ ਸੱਤਾਧਾਰੀ ਧਿਰ ਦੀ ਇਸ ਹਾਰ ਲਈ ਖੇਤੀ ਕਾਨੂੰਨ ਜ਼ਿੰਮੇਵਾਰ ਹਨ।
ਕਾਬਲੇਗੌਰ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਅੰਦਰ ਸੱਤਾਧਾਰੀ ਧਿਰ ਖਿਲਾਫ਼ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਭਾਜਪਾ ਆਗੂਆਂ ਵਲੋਂ ਕਿਸਾਨੀ ਸੰਘਰਸ਼ ’ਚ ਹਰਿਆਣਾ ਦੇ ਕਿਸਾਨਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਨ ਦੇ ਨਾਲ-ਨਾਲ ਸੰਘਰਸ਼ੀ ਧਿਰਾਂ ’ਤੇ ਤਰ੍ਹਾਂ-ਤਰ੍ਹਾਂ ਦੇ ਭੜਕਾਊ ਇਲਜ਼ਾਮ ਲਾਉਣ ਤੋਂ ਕਿਸਾਨ ਡਾਢੇ ਪ੍ਰੇਸ਼ਾਨ ਸਨ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੱਤਾਧਾਰੀ ਧਿਰ ਨੂੰ ਮਿਉਂਸਪਲ ਚੋਣਾਂ ’ਚ ਸਹਿਯੋਗ ਨਾ ਦੇਣ। ਹੁਣ ਨਤੀਜਾ ਆਉਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਕ ਵਾਰ ਫਿਰ ਭਾਜਪਾ ਨੂੰ ਹਰਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ।
ਹਾਲਾਂਕਿ, ਸਥਾਨਕ ਸੰਸਥਾ ਚੋਣਾਂ ਵਿਚ ਪੰਚਕੂਲਾ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿਚ ਭਾਜਪਾ ਨੂੰ ਜਿੱਤ ਮਿਲੀ। ਇਸ ਦੇ ਨਾਲ ਹੀ ਭਾਜਪਾ ਨੇ ਰੇਵਾੜੀ ਮਿਉਂਸਪਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਵੀ ਜਿੱਤਿਆ ਹੈ ਪਰ ਕਿਸਾਨਾਂ ਨਾਲ ਖਿੱਚੋਤਾਣ ਦੌਰਾਨ ਹੋਈਆਂ ਇਨ੍ਹਾਂ ਚੋਣਾਂ ’ਚ ਹੋਈ ਹਾਰ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਅੰਬਾਲਾ ਵਿਚ ਹਰਿਆਣਾ ਜਨ ਚੇਤਨਾ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਜਦੋਂ ਕਿ ਤਿੰਨ ਆਜ਼ਾਦ ਉਮੀਦਵਾਰਾਂ ਨੇ ਸਾਂਪਲਾ, ਧਾਰੂਹੇਰਾ ਅਤੇ ਉਕਲਾਣਾ ਦੀਆਂ ਮਿਉਂਸਪੈਲਟੀ ਦੀਆਂ ਚੋਣਾਂ ਜਿੱਤੀਆਂ ਹਨ।
ਰੋਹਤਕ ਵਿਚ ਸਾਂਪਲਾ ਨਗਰ ਪਾਲਿਕਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਪੂਜਾ ਨੇ ਚੇਅਰਮੈਨ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਸੋਨੂੰ ਨੂੰ ਹਰਾਇਆ। ਆਜ਼ਾਦ ਉਮੀਦਵਾਰ ਕਾਂਗਰਸ ਪਾਰਟੀ ਦਾ ਵਰਕਰ ਹੈ, ਪਰ ਕਾਂਗਰਸ ਨੇ ਇੱਥੇ ਚੋਣ ਨਿਸ਼ਾਨ ’ਤੇ ਨਹੀਂ ਲੜੀ। ਜਦੋਂ ਕਿ ਉਕਲਾਣਾ ਵਿਚ ਨਗਰ ਪਾਲਿਕਾ ਦੇ ਚੇਅਰਮੈਨ ਲਈ ਸੁਤੰਤਰ ਸੁਸ਼ੀਲ ਸਾਹੂ ਜੇਤੂ ਰਹੇ ਹਨ ਜਿਸ ਨੇ ਜੇਜੇਪੀ-ਭਾਜਪਾ ਉਮੀਦਵਾਰ ਮਹਿੰਦਰ ਸੋਨੀ ਨੂੰ ਹਰਾਇਆ ਹੈ। ਇਸੇ ਤਰ੍ਹਾਂ ਮੇਅਰ ਦੇ ਅਹੁਦੇ ਲਈ ਪੰਚਕੂਲਾ ਨਗਰ ਨਿਗਮ ’ਚ ਮੇਅਰ ਦੇ ਅਹੁਦੇ ’ਤੇ ਭਾਜਪਾ ਦੇ ਕੁਲਭੂਸਣ ਗੋਇਲ ਚੋਣ ਜਿੱਤ ਗਏ ਹਨ। ਸੋਨੀਪਤ ਨਗਰ ਨਿਗਮ ਵਿਚ ਕਾਂਗਰਸ ਦੇ ਨਿਖਿਲ ਮਦਾਨ, ਅੰਬਾਲਾ ਨਰਗ ਨਿਗਮ ’ਚ ਹਰਿਆਣਾ ਜਨ ਚੇਤਨਾ ਪਾਰਟੀ ਸਕਤੀ ਰਾਣੀ ਸ਼ਰਮਾ, ਉਕਲਾਣਾ ਮਿਉਂਸਪੈਲਿਟੀ ’ਚ ਸੁਤੰਤਰ ਸੁਸੀਲ ਕੁਮਾਰ ਸਾਹੂ, ਧਾਰੂਹੇੜਾ ਨਗਰ ਪਾਲਿਕਾ ’ਚ ਆਜ਼ਾਦ ਉਮੀਦਵਾਰ ਕੰਵਰ ਸਿੰਘ ਨੇ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਸਾਂਪਲਾ ਮਿਉਂਸਪੈਲਿਟੀ ਤੋਂ ਸੁਤੰਤਰ ਪੂਜਾ ਨੂੰ ਚੇਅਰਪਰਸਨ ਵਜੋਂ ਜਿੱਤਿਆ ਹੈ। ਰੇਵਾੜੀ ਨਗਰ ਕੌਂਸਲ ’ਚ ਪ੍ਰਧਾਨ ਦੇ ਅਹੁਦੇ ’ਤੇ ਭਾਜਪਾ ਦੀ ਪੂਨਮ ਯਾਦਵ ਨੇ ਜਿੱਤ ਹਾਸਲ ਕੀਤੀ ਹੈ।