ਕੀ ਕਾਂਗਰਸ ’ਚ ਸੱਭ ਠੀਕ ਹੈ? ਵੜਿੰਗ ਤੇ ਜਾਖੜ ਦੀ ਤੜਿੰਗ ਅਤੇ ਸਿੱਧੂ-ਮਜੀਠੀਆ ਦੀ ਜੱਫੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਲੀਡਰਾਂ ਦੇ ਬਦਲਦੇ ਰੰਗਾਂ ਬਾਰੇ ਸਪੋਕਸਮੈਨ ਦੀ ਡਿਬੇਟ ’ਚ ਤਿੱਖੀ ਬਹਿਸ

Punjab Politics

ਕਿਸੇ ਨੂੰ ਖ਼ੁਸ਼ ਹੋ ਕੇ ਮਿਲਣਾ ਸ਼ਿਸ਼ਟਾਚਾਰ ਦੀ ਨਿਸ਼ਾਨੀ, ਆਗੂਆਂ ਦੀ ਜੱਫੀ ਨੂੰ ਨਹੀਂ ਦੇਣੀ ਚਾਹੀਦੀ ਸਿਆਸੀ ਰੰਗਤ : ਅਰਸ਼ਪ੍ਰੀਤ ਖਡਿਆਲ
ਸਿੱਧੂ- ਮਜੀਠੀਆ ਦੀ ਜੱਫੀ ਨੂੰ ‘ਆਪ’ ਨੇ ਮੁੱਦਾ ਨਹੀਂ ਬਣਾਇਆ। ਦੋਵਾਂ ਪਾਰਟੀਆਂ ਨੇ ਪੰਜਾਬ ’ਤੇ ਰਾਜ ਕਰ ਲਿਆ। ਕਾਂਗਰਸ ਬਹੁਤ ਜਲਦ ਪੰਜਾਬ ਮੁਕਤ ਹੋਣ ਜਾ ਰਹੀ ਹੈ : ਐਡਵੋਕੇਟ ਨਵਦੀਪ ਜੀਦਾ
ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੀ ਜੱਫੀ ਨਾਲ ਪੰਜਾਬ ਦਾ ਕੀ ਭਲਾ ਹੋ ਗਿਆ ਤੇ ਕੀ ਨੁਕਸਾਨ ਹੋ ਗਿਆ? ਸਾਨੂੰ ਕੀ, ਜੱਫੀਆਂ ਪਾਉਣ ਚਾਹੇ ਨਾ ਪਾਉਣ : ਅਮਨਜੋਤ ਕੌਰ ਰਾਮੂਵਾਲੀਆ 

ਚੰਡੀਗੜ੍ਹ (ਕੋਮਲਜੀਤ ਕੌਰ, ਗਗਨਦੀਪ ਕੌਰ, ਨਵਜੋਤ ਸਿੰਘ ਧਾਲੀਵਾਲ) : ਕਹਿੰਦੇ ਹਨ ਕਿ ਰਾਜਨੀਤੀ ਵਿਚ ਨਾ ਤਾਂ ਸਥਾਈ ਦੁਸ਼ਮਣੀ ਹੁੰਦੀ ਹੈ ਅਤੇ ਨਾ ਹੀ ਦੋਸਤੀ ਹੁੰਦੀ ਹੈ। ਦੁਸ਼ਮਣੀ-ਪਿਆਰ ਕਿਸੇ ਵੀ ਸਮੇਂ ਬਦਲ ਸਕਦੇ ਹਨ। ਇਸ ਦੀ ਜਿਊਂਦੀ ਜਾਗਦੀ ਮਿਸਾਲ ਕਲ ਜਲੰਧਰ ਵਿਚ ਹੋਈ ਸਰਬ ਪਾਰਟੀ ਮੀਟਿੰਗ ਵਿਚ ਵੇਖਣ ਨੂੰ ਮਿਲੀ। ਇਕ-ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇਕ-ਦੂਜੇ ਨੂੰ ਜੱਫ਼ੀਆਂ ਪਾਉਂਦੇ ਨਜ਼ਰ ਆਏ। ਵਿਧਾਨ ਸਭਾ ’ਚ ਇਕ-ਦੂਜੇ ਤੋਂ ਦੂਰੀ ਬਣਾ ਕੇ ਰਖਣ ਵਾਲੇ ਅਤੇ ਇਕ-ਦੂਜੇ ਵਿਰੁਧ ਭੱਦੀ ਬਿਆਨਬਾਜ਼ੀ ਕਰਨ ਵਾਲੇ ਲੋਕ ਸਰਬ ਪਾਰਟੀ ਮੀਟਿੰਗ ’ਚ ਦੋਸਤੀ ਦਾ ਹੱਥ ਵਧਾਉਂਦੇ ਨਜ਼ਰ ਆਏ।

ਕੀ ਕਾਂਗਰਸ ਵਿਚ ਸੱਭ ਠੀਕ ਹੈ? ਇਹ ਗੱਲ ਕਹਿਣ ਤੋਂ ਬਾਅਦ ਕਾਂਗਰਸੀਆਂ ਦੇ ਮਨਾਂ ’ਚ ਇਹ ਗੱਲ ਜ਼ਰੂਰ ਆਵੇਗੀ ਕਿ ਸਾਨੂੰ ਇੰਨੀ ਫ਼ਿਕਰ ਕਿਉਂ ਹੈ, ਕਿਉਂਕਿ ਕਾਂਗਰਸ ਅਪਣੇ-ਆਪ ਨੂੰ ਸੈਕੂਲਰ ਜਮਾਤ ਦਸਦੀ ਹੈ, ਮੁੱਖ ਵਿਰੋਧੀ ਧਿਰ ਵਿਚ ਸ਼ਾਮਲ ਹੈ। 10 ਸਾਲ ਦੇ ਰਾਜ ਤੋਂ ਬਾਅਦ ਜਿਸ ਤਰ੍ਹਾਂ 9 ਸਾਲ ਦੀਆਂ ਗੱਲਾਂ ਦੇ ਵੇਰਵੇ ਕਾਂਗਰਸ ਵਲੋਂ ਪੇਸ਼ ਕੀਤੇ ਜਾ ਰਹੇ ਹਨ, ਕਿ ਕਿਸ ਤਰ੍ਹਾਂ ਰਾਜ ਭਾਗ ਲੋਕਾਂ ਨੂੰ ਦਿਤਾ ਗਿਆ। ਅਸੀਂ ਉਸ ਜਮਾਤ ਦੀ ਫ਼ਿਕਰ ਕਰਦੇ ਹੋਏ ਹੀ ਇਹ ਗੱਲ ਕਰ ਰਹੇ ਹਾਂ ਕਿ ਕਾਂਗਰਸ ’ਚ ਸੱਭ ਕੁੱਝ ਠੀਕ ਹੈ। ਰਾਜਾ ਵੜਿੰਗ, ਜਾਖੜਾਂ ਨਾਲ ਟਵੀਟ ਵਾਰ ਕਰ ਰਹੇ ਹਨ। ਪਹਿਲਾਂ ਸੁਨੀਲ ਜਾਖੜ ਵਲੋਂ ਬਿਆਨ ਦਿਤਾ ਜਾਂਦਾ ਹੈ, ਫਿਰ ਸੰਦੀਪ ਜਾਖੜ ਵਲੋਂ ਟਵੀਟ ਕੀਤਾ ਜਾਂਦਾ ਹੈ, ਇੰਨਾ ਹੀ ਨਹੀਂ ਫਿਰ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦੋਵਾਂ ਦੀਆਂ ਨਜ਼ਦੀਕੀਆਂ ਕੀ ਦਰਸਾ ਰਹੀਆਂ ਹਨ? ਕਿਤੇ ਕਾਂਗਰਸ ਲਈ ਵੱਡੀ ਮੁਸ਼ਕਲ ਤਾਂ ਨਹੀਂ ਖੜੀ ਹੋਣ ਵਾਲੀ? ਕਿਉਂਕਿ ਨਵਜੋਤ ਸਿੱਧੂ ਜਦੋਂ ਤੋਂ ਜੇਲ ਤੋਂ ਬਾਹਰ ਆਏ ਹਨ ਬਿਨਾ ਕਿਸੇ ਅਹੁਦੇ ਤੋਂ ਘੁੰਮ ਰਹੇ ਹਨ ਤੇ ਕਿਹਾ ਜਾਂਦਾ ਹੈ ਕਿ ਨਵਜੋਤ ਸਿੱਧੂ ਬਗ਼ੈਰ ਕਿਸੇ ਅਹੁਦੇ ਦੇ ਜ਼ਿਆਦਾ ਸਮਾਂ ਰਹਿੰਦੇ ਨਹੀਂ ਹਨ।
ਇਸ ਸਬੰਧੀ ‘ਦ ਸਪੋਕਸਮੈਨ ਡਿਬੇਟ’ ਵਿਚ ਖ਼ਾਸ ਚਰਚਾ ਕੀਤੀ ਗਈ। ਇਸ ਦੌਰਾਨ ਭਾਜਪਾ ਆਗੂ ਅਮਨਜੋਤ ਕੌਰ ਰਾਮੂਵਾਲੀਆ, ਕਾਂਗਰਸ ਆਗੂ ਅਰਸ਼ਪ੍ਰੀਤ ਖਡਿਆਲ ਤੇ ‘ਆਪ’ ਆਗੂ ਐਡਵੋਕੇਟ ਨਵਦੀਪ ਜੀਦਾ ਨੇ ਅਪਣੀ ਗੱਲ ਰੱਖੀ।

ਸਵਾਲ : ਕੀ ਕਾਂਗਰਸ ’ਚ ਸੱਭ ਕੁੱਝ ਠੀਕ ਹੈ?
ਜਵਾਬ (ਅਰਸ਼ਪ੍ਰੀਤ ਖਡਿਆਲ) :
ਹਾਂਜੀ, ਕਾਂਗਰਸ ’ਚ ਸੱਭ ਕੁੱਝ ਠੀਕ ਹੈ ਤੇ ਅੱਗੇ ਵੀ ਠੀਕ ਹੋਵੇਗਾ। ਤੁਸੀਂ ਵੇਖਿਆ ਹੀ ਹੋਵੇਗਾ ਪਹਿਲਾਂ ਕਾਂਗਰਸ ਹਿਮਾਚਲ ’ਚ ਜਿੱਤੀ ਫਿਰ ਕਰਨਾਟਕ ’ਚ ਜਿੱਤੀ ਤੇ ਹੁਣ 2024 ’ਚ ਜਿੱਤਾਂਗੇ। ਕਲ ਜੋ ਸਰਬ ਪਾਰਟੀ ਮੀਟਿੰਗ ਹੋਈ ਉਸ ਵਿਚ ਪਾਰਟੀਆਂ ਨੇ ਹਿੱਸਾ ਲਿਆ, ਮੀਡੀਆ ਦੇ ਕਈ ਅਦਾਰੇ ਇਕੱਠੇ ਹੋਏ। ਸਾਰਿਆਂ ਨੇ ਇਕੋ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇਸ਼ ’ਚ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਲੋਕਤੰਤਤ ਨੂੰ ਡੰਡਾਤੰਤਰ ’ਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਸਰਕਾਰ ਸਵਾਲ ਚੁੱਕ ਰਹੀ ਹੈ ਕਿ ਇਕ-ਦੂਜੇ ਦੇ ਕੱਟੜ ਵਿਰੋਧੀ ਨਵਜੋਤ ਸਿੱਧੂ ਤੇ ਮਜੀਠੀਆ ਨੂੰ ਜੱਫ਼ੀ, ਹੱਥ ਨਹੀਂ ਮਿਲਾਉਣਾ ਚਾਹੀਦਾ ਸੀ ਫਿਰ ‘ਆਪ’ ਰਾਹੁਲ ਗਾਂਧੀ ਤੋਂ ਸਮਾਂ ਕਿਉਂ ਮੰਗ ਰਹੀ ਹੈ ਤੇ ਕਹਿ ਰਹੀ ਹੈ ਕਿ ਸਾਨੂੰ ਕੇਂਦਰੀ ਆਰਡੀਨੈਂਸ ’ਤੇ ਸਮਰਥਨ ਦਿਉ। ਉਦੋਂ ਮਤਭੇਦ ਕਿਥੇ ਚਲੇ ਜਾਂਦੇ ਹਨ। ਕਲ ਮੀਟਿੰਗ ’ਚ ਸਾਰੇ ਲੀਡਰਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ। ਇਸ ’ਤੇ ‘ਆਪ’ ਤੇ ਸੁਨੀਲ ਜਾਖੜ ਰਾਜਨੀਤੀ ਕਰ ਰਹੇ ਹਨ। ਮੈਂ ਗੱਲ ਸਪਸ਼ਟ ਕਰ ਦੇਵਾਂ ਜਿਥੇ ਮਤਭੇਦ ਹਨ ਉਥੇ ਮਤਭੇਦ ਹਨ ਤੇ ਅੱਗੇ ਵੀ ਰਹਿਣਗੇ।

ਸਵਾਲ : ਜਦੋਂ ਅਸੀਂ ਲੋਕਤੰਤਰ ’ਚ ਵਿਰੋਧੀ ਪਾਰਟੀਆਂ ਨੂੰ ਦਬਾਉਂਦੇ ਹਾਂ, ਫਿਰ ਰਾਜ ਭਾਗ ਬਹੁਤੇ ਲੰਮੇ ਨਹੀਂ ਚਲਦੇ
ਜਵਾਬ (ਨਵਦੀਪ ਜੀਦਾ) :
ਖਡਿਆਲ ਸਾਬ੍ਹ ਦਾ ਪਹਿਲਾਂ ਸੱਭ ਤੋਂ ਵੱਡਾ ਮੁੱਦਾ ਹੈ ਕਿ ਪੰਜਾਬ ਵਿਚ ਆਮ ਲੋਕਾਂ ਦੀ ਸਰਕਾਰ ਕਿਵੇਂ ਆ ਗਈ। ਦੂਜੀ ਗੱਲ ਪੰਜਾਬ ਦੇ ਕੀ ਮੁੱਦੇ ਹਨ, ਕਿਸ ਤਰ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਸ ਸੱਭ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੇਖਣਾ ਹੈ। ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਪੰਜਾਬ ’ਚ ਕਿਵੇਂ ਕੰਮ ਹੋ ਰਹੇ ਹਨ। ਤੀਜੀ ਗੱਲ ਸਿੱਧੂ- ਮਜੀਠੀਆ ਦੀ ਜੱਫ਼ੀ ਨੂੰ ‘ਆਪ’ ਨੇ ਮੁੱਦਾ ਨਹੀਂ ਬਣਾਇਆ। ਦੋਵਾਂ ਪਾਰਟੀਆਂ ਨੇ ਪੰਜਾਬ ’ਤੇ ਰਾਜ ਕਰ ਲਿਆ। ਕਾਂਗਰਸ ਬਹੁਤ ਜਲਦ ਪੰਜਾਬ ਮੁਕਤ ਹੋਣ ਜਾ ਰਹੀ ਹੈ। ਇਨ੍ਹਾਂ ਦੇ ਬਹੁਤ ਸਾਰੇ ਲੀਡਰ ਪਹਿਲਾਂ ਹੀ ਭਾਜਪਾ ’ਚ ਚਲੇ ਗਏ ਹਨ।

ਸਵਾਲ : ਜਿਹੜਾ ਰਾਜਾ ਵੜਿੰਗ ਸੁਨੀਲ ਜਾਖੜ ਨਾਲ ਤੜਿੰਗ ਹੋਏ ਹਨ ਇਹ ਕੋਈ ਪਹਿਲੀ ਵਾਰ ਤਾਂ ਨਹੀਂ ਹੋਏ।  ਹੁਣ ਜਾਖੜ ਸਾਬ੍ਹ ਦੇ ਅੰਦਰ ਬੀਜੇਪੀ ਬੋਲਦੀ ਹੈ, ਜਦੋਂ ਵੀ ਕੋਈ ਗੱਲ ਹੁੰਦੀ ਹਾਂ ਤਾਂ ਦੋਵਾਂ ਲੀਡਰਾਂ ਦੇ ਸਿੰਙ ਫਸ ਜਾਂਦੇ ਹਨ।
ਜਵਾਬ (ਅਮਨਜੋਤ ਕੌਰ ਰਾਮੂਵਾਲੀਆ) :
ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੀ ਜੱਫ਼ੀ ਨਾਲ ਪੰਜਾਬ ਦਾ ਕੀ ਭਲਾ ਹੋ ਗਿਆ ਤੇ ਕੀ ਨੁਕਸਾਨ ਹੋ ਗਿਆ? ਸਾਨੂੰ ਕੀ ਜੱਫ਼ੀਆਂ ਪਾਉਣ ਚਾਹੇ ਨਾ ਪਾਉਣ। ਖੜਿਆਲ ਸਾਬ੍ਹ ਨੇ ਕਿਹਾ ਕਿ ਆਜ਼ਾਦੀ ਬੰਦ ਕੀਤੀ ਗਈ ਤੇ ਜਦੋਂ 1984 ’ਚ ਸਾਕਾ ਨੀਲਾ ਤਾਰਾ ਹੋਇਆ ਸੀ ਉਦੋਂ ਤੁਸੀਂ ਕੀ ਕੀਤਾ ਸੀ? ਇਕ ਦੂਜੇ ਨਾਲ ਲੜਨਾ ਕਾਂਗਰਸ ਦੀ ਆਦਤ ਹੈ। ਸੁਨੀਲ ਜਾਖੜ ਜਦੋਂ ਕਾਂਗਰਸ ’ਚ ਸੀ ਉਦੋਂ ਵੀ ਅਪਣੀ ਪਾਰਟੀ ਦੇ ਲੀਡਰਾਂ ਨਾਲ ਲੜਦੇ ਸਨ, ਹੁਣ ਤਾਂ ਉਨ੍ਹਾਂ ਨੇ ਬੋਲਣਾ ਹੀ ਹੈ।

ਸਵਾਲ : ਸੁਨੀਲ ਜਾਖੜ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਤੇ ਵਿਧਾਇਕ ਵੀ ਬਣ ਗਏ ਪਰ ਕਿ ਉਨ੍ਹਾਂ ਦਾ ਦਿਲ ਵੀ ਕਾਂਗਰਸ ਵਿਚ ਹੈ ਜਾਂ ਨਹੀਂ?
ਜਵਾਬ (ਅਰਸ਼ਪ੍ਰੀਤ ਖਡਿਆਲ) :
ਅੱਜ ਜੇਕਰ ਗੱਲ ਕਰੀਏ ਤਾਂ ਪਹਿਲਵਾਨਾਂ ਦਾ ਮੁੱਦਾ ਸੱਭ ਤੋਂ ਵੱਡਾ ਹੈ ਇਸ ਦੇ ਸਾਹਮਣੇ ਕਿਸੇ ਸਿਆਸੀ ਆਗੂ ਦਾ ਇਕ ਟਵੀਟ ਮਾਇਨੇ ਨਹੀਂ ਰਖਦਾ। ਹੁਣ ਤਾਂ ਮੀਡੀਆ ਰੀਪੋਰਟਾਂ ਵਿਚ ਵੀ ਸਾਹਮਣੇ ਆ ਗਿਆ ਹੈ ਕਿ ਬਿ੍ਰਜ ਭੂਸ਼ਣ ਵਿਰੁਧ ਦਰਜ ਹੋਏ ਦੋ ਪਰਚਿਆਂ ਵਿਚ ਛੇੜਛਾੜ ਦੇ 10 ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਰਾਮੂਵਾਲੀਆ ਜੀ ਬੱਚੇ ਕਹਿ ਰਹੇ ਹਨ ਉਨ੍ਹਾਂ ਬੱਚਿਆਂ ਨੂੰ ਨਵੀਂ ਸੰਸਦ ਦੀ ਇਮਾਰਤ ਦੇ ਉਦਘਾਟਨ ਵਾਲੇ ਦਿਨ ਘੜੀਸਦੇ ਹੋਏ ਬੱਸਾਂ ਵਿਚ ਸਟਿਆ ਜਾ ਰਿਹਾ ਸੀ। ਜਿਨ੍ਹਾਂ ਨੇ ਤਮਗ਼ੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਉਨ੍ਹਾਂ ਨੂੰ ਸੜਕਾਂ ’ਤੇ ਧੱਕੇ ਖਾਣੇ ਪੈ ਰਹੇ ਹਨ ਪਰ ਜਿਸ ਭਾਜਪਾ ਆਗੂ ’ਤੇ ਦੋ-ਦੋ ਪਰਚੇ ਹੋਣ ਉਸ ਵਿਰੁਧ ਨਾ ਤਾਂ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਉਸ ਨੂੰ ਅਹੁਦੇ ਤੋਂ ਉਤਾਰਿਆ ਗਿਆ ਹੈ। ਇਕ ਸਾਈਕਲ ਚੋਰੀ ਹੋ ਜਾਣ ’ਤੇ ਵੀ ਮੁਲਜ਼ਮ ਨੂੰ ਹਵਾਲਾਤ ’ਚ ਡੱਕ ਦਿੰਦਾ ਜਾਂਦਾ ਹੈ ਪਰ ਇੰਨੇ ਸੰਗੀਨ ਅਪਰਾਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਿ੍ਰਜ ਭੂਸ਼ਣ ਵਿਰੁਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਬੀ.ਜੇ.ਪੀ. ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਪਹਿਲ ਕਿਉਂ ਨਹੀਂ ਦੇ ਰਹੇ ਅਤੇ ਜਿਸ ਆਗੂ ’ਤੇ ਅਪਰਾਧਕ ਮਾਮਲਾ ਦਰਜ ਹੋਵੇ ਉਸ ਨੂੰ ਗਿ੍ਰਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਧਰ ਜਾਖੜ ਸਾਹਬ ਨੇ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਜਾਂ ਉਨ੍ਹਾਂ ਦੇ ਹੱਕ ਵਿਚ ਕਦੇ ਕੋਈ ਟਵੀਟ ਨਹੀਂ ਕੀਤਾ ਜੇਕਰ ਕੀਤਾ ਹੈ ਤਾਂ ਉਹ ਸਿਰਫ਼ ਸਿਆਸਤ ਬਾਰੇ ਹੈ। ਇਸ ਤੋਂ ਜਾਖੜ ਸਾਹਬ ਅਤੇ ਬੀ.ਜੇ.ਪੀ. ਦੇ ਇਰਾਦੇ ਸਾਫ਼ ਜ਼ਾਹਰ ਹੋ ਰਹੇ ਹਨ ਕਿ ਉਹ ਸਿਆਸਤ ਨੂੰ ਪਹਿਲ ਦੇ ਰਹੇ ਹਨ। ਸਾਡੇ ਦੇਸ਼ ਦਾ ਮਾਣ ਉਨ੍ਹਾਂ ਪਹਿਲਵਾਨਾਂ ਬਾਰੇ ਕੁੱਝ ਨਾ ਸੋਚਣਾ ਬੀ.ਜੇ.ਪੀ. ਲਈ ਬਹੁਤ ਮੰਦਭਾਗਾ ਹੈ। ਇਕ ਵਕੀਲ ਹੋਣ ਦੇ ਨਾਤੇ ਮੈਂ ਇਹ ਸਪਸ਼ਟ ਕਰਦਾ ਹਨ ਕਿ ਅਪਰਾਧਕ ਮਾਮਲਾ ਦਰਜ ਹੋਣ ਦੇ ਬਾਵਜੂਦ ਕਿਸੇ ਦੀ ਗਿ੍ਰਫ਼ਤਾਰੀ ਨਾ ਹੋਵੇ ਅਜਿਹਾ ਸੰਭਵ ਨਹੀਂ ਹੈ ਪਰ ਕੇਂਦਰ ਵਿਚ ਬੀ.ਜੇ.ਪੀ. ਦੀ ਸਰਕਾਰ ਹੋਣ ਕਾਰਨ ਇਹ ਸੱਭ ਹੋ ਰਿਹਾ ਹੈ। ਦੇਸ਼ ਲਈ ਇਸ ਤੋਂ ਮੰਦਭਾਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ: ਲੱਖਾਂ ਰੁਪਏ ਦੀ ਨੌਕਰੀ ਛੱਡ ਕੇ ਕਿਸਾਨ ਦੇ ਪੁੱਤ ਨੇ ਚੁਣਿਆ ਖੇਤੀ ਦਾ ਰਾਹ

ਪ੍ਰੈੱਸ ਦੀ ਆਜ਼ਾਦੀ ਦੇ ਇੰਡੈਕਸ ਦੀ ਗੱਲ ਕਰੀਏ ਤਾਂ ਦੇਸ਼ ਦਾ ਪ੍ਰਦਰਸ਼ਨ 161 ਹੈ ਜਦਕਿ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਪਰਫ਼ਾਰਮੈਂਸ ਸਾਡੇ ਤੋਂ ਬਿਹਤਰ ਰਹੀ ਹੈ। ਜੇਕਰ ਸੂਬਾ ਪੱਧਰ ’ਤੇ ਇਹ ਅੰਕੜਾ ਲਿਆ ਜਾਵੇ ਤਾਂ ਸਪਸ਼ਟ ਹੋਵੇਗਾ ਕਿ ਪੰਜਾਬ ਵਿਚ ਵੀ ਮੀਡੀਆ ਅਦਾਰਿਆਂ ਨਾਲ ਸੱਭ ਤੋਂ ਵਧ ਧੱਕਾ ਹੋ ਰਿਹਾ ਹੈ। ਅਕਾਲੀ ਦਲ ਹਾਸ਼ੀਏ ’ਤੇ ਆਈ ਹੋਈ ਪਾਰਟੀ ਹੈ ਤੇ ਇਸ ਨਾਲ ਕੋਈ ਵੀ ਗਠਜੋੜ ਨਹੀਂ ਕਰੇਗਾ। ਇਨ੍ਹਾਂ ਦੇ ਆਗੂ ਬੇਅਦਬੀ ਮਾਮਲਿਆਂ ਵਿਚ ਸੰਮਨ ਹੋ ਚੁੱਕੇ ਹਨ। ਅਕਾਲੀਆਂ ਨੇ ਅਪਣੇ ਮੂੰਹੋਂ ਕਿਹਾ ਸੀ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਤੇ ਦੇਖੋ ਦੋ ਵਾਰ ਸੱਤ ਮਾਨਣ ਵਾਲੀ ਪਾਰਟੀ ਹੁਣ ਹਾਸ਼ੀਏ ’ਤੇ ਆ ਚੁੱਕੀ ਹੈ। ਹੁਣ ਅਕਾਲੀ ਦਲ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ ਰਿਹਾ।

ਸਵਾਲ : ਕਾਂਗਰਸ ਆਗੂਆਂ ਦੇ ਟਵੀਟਾਂ ਵਿਚ ਚੌਧਰੀ ਤੇ ‘ਅਸਲੀ’ ਚੌਧਰੀ ਦੀ ਗੱਲ ਹੋਈ ਹੈ। ਆਗੂਆਂ ਨੂੰ ਖਿਡਾਰੀਆਂ ਨਾਲ ਖੜਨਾ ਚਾਹੀਦਾ ਹੈ ਪਰ ਇਥੇ ਜਾਤੀ ’ਤੇ ਵਿਅੰਗ ਕਿਉਂ ਕੀਤਾ ਗਿਆ?
ਜਵਾਬ (ਅਰਸ਼ਪ੍ਰੀਤ ਖਡਿਆਲ) :
ਤੁਸੀਂ ਗ਼ਲਤ ਸਮਝ ਰਹੇ ਹੋ, ਜਾਤੀ ਦਾ ਜ਼ਿਕਰ ਇਸ ਲਈ ਹੋਈਆਂ ਕਿਉਂਕਿ ਜਦੋਂ ਕੋਈ ਦੂਜੇ ਨਾਲ ਸਬੰਧਤ ਹੋਵੇ ਤਾਂ ਇਕ ਨੂੰ ਦੂਜੇ ਦੇ ਹੱਕ ਵਿਚ ਡਟਣਾ ਚਾਹੀਦਾ ਹੈ। ਮਸਲਨ, ਇਕ ਔਰਤ ਦੂਜੀ ਔਰਤ ਦਾ ਦਰਦ ਸਮਝਦੀ ਹੈ ਇਸੇ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਪਹਿਲਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ।
ਜਵਾਬ (ਅਮਨਜੋਤ ਕੌਰ ਰਾਮੂਵਾਲੀਆ) : ਪਹਿਲਵਾਨਾਂ ਅਤੇ ਬਿ੍ਰਜ ਭੂਸ਼ਣ ਦਾ ਮਾਮਲਾ ਅਦਾਲਤ ਵਿਚ ਹੈ ਇਸ ਬਾਰੇ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ। ਜੇਕਰ ਸਾਡੀਆਂ ਬੱਚਿਆਂ ਨਾਲ ਕਿਸੇ ਨੇ ਵੀ ਕੁੱਝ ਗ਼ਲਤ ਕੀਤਾ ਹੋਇਆ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਉਧਰ ਜੱਫ਼ੀਆਂ ਕਾਂਗਰਸੀ ਆਗੂਆਂ ਦੀਆਂ ਪੈ ਰਹੀਆਂ ਹਨ, ਜੇਕਰ ਕਿਸੇ ਪਾਰਟੀ ਨਾਲ ਗਠਜੋੜ ਹੋਇਆ ਤਾਂ ਕਾਂਗਰਸ ਦਾ ਹੋਵੇਗਾ ਪਰ ਬੀ.ਜੇ.ਪੀ. ਦਾ ਕਿਸੇ ਨਾਲ ਗਠਜੋੜ ਨਹੀਂ ਹੋਵੇਗਾ।

ਸਵਾਲ : ਕੇਂਦਰ ਦਾ ਤੁਸੀਂ ਕਾਂਗਰਸ ਨੂੰ ਗਲਬਾਤ ਲਈ ਸੱਦਾ ਭੇਜ ਰਹੇ ਹੋ ਪਰ ਸੂਬੇ ਵਿਚ ਪਰਚੇ ਭੇਜ ਰਹੇ ਹੋ?
ਜਵਾਬ (ਐਡਵੋਕੇਟ ਨਵਦੀਪ ਜੀਦਾ) :
‘ਆਪ’ ਸਿਆਸਤ ਵਿਚ ਪੈ ਕੇ ਕਦੇ ਵੀ ਕਿਸੇ ’ਤੇ ਝੂਠਾ ਪਰਚਾ ਨਹੀਂ ਕਰਦੀ ਪਰ ਜੇਕਰ ਕਿਸੇ ਨੇ ਭਿ੍ਰਸ਼ਟਾਚਾਰ ਕੀਤਾ ਹੈ ਤਾਂ ਉਹ ਭਾਵੇਂ ਬੀ.ਜੇ.ਪੀ. ਵਿਚ ਚਲਾ ਜਾਵੇ ਜਾਂ ਕਿਸੇ ਹੋਰ ਪਾਰਟੀ ਵਿਚ, ਕਾਰਵਾਈ ਜ਼ਰੂਰ ਹੋਵੇਗੀ। ਦੇਸ਼ ਨੂੰ ਬਚਾਉਣ ਲਈ ਅਸੀਂ ਸਿਰਫ਼ ਕਾਂਗਰਸ ਨੂੰ ਸੱਦਾ ਨਹੀਂ ਭੇਜਿਆ ਸਗੋਂ ਹਰ ਪਾਰਟੀ ਨੂੰ ਅੱਗੇ ਆਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ:   ਕੈਨੇਡਾ 'ਚ ਸੱਭ ਤੋਂ ਘੱਟ ਉਮਰ ਦਾ ਵਿਧਾਇਕ ਬਣਿਆ ਪੰਜਾਬੀ ਨੌਜੁਆਨ 

ਸਵਾਲ : ਲਖੀਮਪੁਰ ਖੇੜੀ ’ਚ ਜੋ ਵਾਪਰਿਆ ਉਹ ਸੱਭ ਨੂੰ ਯਾਦ ਹੈ। ਪਹਿਲਾਂ ਕਿਸਾਨਾਂ ਨਾਲ ਤੇ ਹੁਣ ਖਿਡਾਰੀਆਂ ਨਾਲ ਇਹ ਸਲੂਕ ਹੋ ਰਿਹਾ ਹੈ। ਇਹ ਕਿਹੋ ਜਿਹੀ ਸਿਆਸਤ ਹੈ। ਗੁਨਾਹ ਕਰਨ ਵਾਲੇ ਨੂੰ ਗੱਦੀ ਤੋਂ ਲਾਂਭੇ ਕਿਉਂ ਨਹੀਂ ਕੀਤਾ ਜਾਂਦਾ?
ਜਵਾਬ (ਅਮਨਜੋਤ ਕੌਰ ਰਾਮੂਵਾਲੀਆ) :
ਲਖੀਮਪੁਰ ਖੇੜੀ ਦੇ ਮੁਲਜ਼ਮ ਅੱਜ ਵੀ ਜੇਲ ਵਿਚ ਬੰਦ ਹਨ। ਅੱਗੇ ਜੋ ਵੀ ਹੋਵੇਗਾ ਉਹ ਅਦਾਲਤ ਦੇ ਫ਼ੈਸਲੇ ’ਤੇ ਨਿਰਭਰ ਕਰਦਾ ਹੈ। ਉਧਰ ਜੇਕਰ ਕਾਂਗਰਸੀ ਆਗੂਆਂ ਦੀ ਗੱਲ ਕਰੀਏ ਤਾਂ ਇਹ ਚੋਣਾਂ ਵੇਲੇ ਲੋਕਾਂ ਸਾਹਮਣੇ ਅਪਣੇ ਵਿਰੋਧੀਆਂ ਨੂੰ ਗਾਲ੍ਹਾਂ ਕਢਦੇ ਹਨ ਪਰ ਲੋੜ ਪੈਣ ’ਤੇ ਉਨ੍ਹਾਂ ਵਿਰੋਧੀਆਂ ਨੂੰ ਹੀ ਜੱਫ਼ੀਆਂ ਪਾਉਂਦੇ ਹਨ। ਇਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
ਜਵਾਬ (ਅਰਸ਼ਪ੍ਰੀਤ ਖਡਿਆਲ) : ਅਸੀਂ ਸਾਰੇ ਮੀਡੀਆ ਦੀ ਆਵਾਜ਼ ਬਣਨ ਲਈ ਇਕ ਮੰਚ ’ਤੇ ਇਕੱਠੇ ਹੋਏ ਸੀ। ਪੰਜਾਬੀਆਂ ਦੀ ਇਹ ਰੀਤ ਹੈ ਕਿ ਜਦੋਂ ਵੀ ਕਿਸੇ ਨੂੰ ਮਿਲੋ ਤਾਂ ਖ਼ੁਸ਼ਦਿਲ ਹੋ ਕੇ ਮਿਲੋ। ਬੀਤੇ ਕਲ ਆਗੂਆਂ ਵਲੋਂ ਪਾਈ ਜੱਫ਼ੀ ਵੀ ਇਕ ਸ਼ਿਸ਼ਟਾਚਾਰ ਦੀ ਉਧਾਹਰਣ ਹੈ ਇਸ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ।