ਸਹਿਕਾਰੀ ਖੰਡ ਮਿੱਲ ਮੋਰਿੰਡਾ 'ਚ ਪਟਰੌਲ ਪੰਪ ਲਗਾਉਣ ਦੀ ਕਾਰਵਾਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸਹਿਕਾਰਤਾ ਮੰਤਰੀ ਰੰਧਾਵਾ ਨੂੰ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਲੈਟਰ ਆਫ਼ ਇੰਟੈਂਟ ਸੌਂਪਿਆ

Indian Oil Corporation Limited initiates action to establish retail outlet at Morinda

ਚੰਡੀਗੜ੍ਹ : ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਅਦਾਰਿਆਂ ਦੀ ਖਾਲੀ ਪਈ ਜ਼ਮੀਨ 'ਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੇ ਰਿਟੇਲ ਆਊਟਲੈਟ ਸਥਾਪਤ ਕਰਨ ਹਿੱਤ ਸਮੌਝੇਤ ਤਹਿਤ ਕਾਰਵਾਈ ਕਰਦਿਆਂ ਆਈ.ਓ.ਸੀ. ਵੱਲੋਂ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਸਥਾਪਤ ਕੀਤੇ ਜਾਣ ਵਾਲੇ ਰਿਟੇਲ ਆਊਟਲੈਟ ਲਈ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈਟਰ ਆਫ਼ ਇੰਟੈਂਟ ਸੌਂਪਿਆ ਗਿਆ।

ਸਹਿਕਾਰਤਾ ਮੰਤਰੀ ਨੇ ਆਈ.ਓ.ਸੀ. ਵਲੋਂ ਮੋਰਿੰਡਾ ਸਹਿਕਾਰੀ ਖੰਡ ਮਿੱਲ ਵਿਖੇ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਕੀਤੀ ਸਮਾਂਬੱਧ ਕਾਰਵਾਈ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਬਾਕੀ ਸਥਾਨਾਂ 'ਤੇ ਵੀ ਰਿਟੇਲ ਆਊਟਲੈਟ ਸਥਾਪਤ ਕਰਨ ਸਬੰਧੀ ਵੀ ਸਮਾਂਬੱਧ ਤਰੀਕੇ ਨਾਲ ਕਾਰਵਾਈ ਨੇਪਰੇ ਚਾੜ੍ਹਨਗੇ। ਉਨ੍ਹਾਂ ਕਿਹਾ ਕਿ ਆਈ.ਓ.ਸੀ. ਵੱਲੋਂ ਸਹਿਕਾਰੀ ਅਦਾਰਿਆਂ ਵਿਚ ਰਿਟੇਲ ਆਊਟਲੈਟ ਸਥਾਪਤ ਕਰਨ ਲਈ ਕੀਤੇ ਜਾ ਰਹੇ ਨਿਵੇਸ਼ ਨਾਲ ਨਾਂ ਕੇਵਲ ਸਹਿਕਾਰੀ ਅਦਾਰਿਆਂ ਨੂੰ ਵਿੱਤੀ ਤੌਰ 'ਤੇ ਲਾਭ ਹੋਵੇਗਾ ਬਲਕਿ ਇਸ ਨਾਲ ਰੁਜ਼ਗਾਰ ਦੇ ਵਾਧੂ ਮੌਕੇ ਵੀ ਪੈਦਾ ਹੋਣਗੇ ਜਿਸ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਘਰ-ਘਰ ਰੁਜ਼ਗਾਰ ਦੀ ਮੁਹਿੰਮ ਨੂੰ ਵੀ ਹੁਲਾਰਾ ਮਿਲੇਗਾ।

ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ (ਰਿਟੇਲ ਸੇਲ) ਅਮਰਿੰਦਰਾ ਕੁਮਾਰ ਨੇ ਲੈਟਰ ਆਫ਼ ਇੰਟੈਂਟ ਸੌਂਪਦੇ ਹੋਏ ਸਹਿਕਾਰਤਾ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਹਿਕਾਰਤਾ ਵਿਭਾਗ ਰਾਹੀਂ ਰਿਟੇਲ ਆਊਟਲੈਟ ਸਥਾਪਤ ਕਰਨ ਸਬੰਧੀ ਕਿਸੇ ਕੰਪਨੀ ਨਾਲ ਐਮ.ਓ.ਯੂ. ਸਹੀਬੱਧ ਕਰਨ ਦਾ ਉਪਰਾਲਾ ਕੀਤਾ ਹੈ।

ਇਸ ਮੌਕੇ ਵਿਧਾਇਰ ਸੰਗਤ ਸਿੰਘ ਗਿਲਜੀਆ, ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਦਵਿੰਦਰ ਸਿੰਘ, ਜਨਰਲ ਮੈਨੇਜਰ ਹਰਬਕਸ਼ ਸਿੰਘ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡਿਪਟੀ ਜਨਰਲ ਮੈਨੇਜਰ ਤਹਸ਼ੀਨ ਰਿਆਜ ਅਤੇ ਸਚਿਨ ਸ਼ਰਮਾ ਵੀ ਹਾਜ਼ਰ ਸਨ।