'ਆਪ' 'ਚ ਮੁੜ ਸ਼ਾਮਲ ਹੋਏ ਵਿਧਾਇਕ ਜਗਤਾਰ ਸਿੰਘ ਜੱਗਾ
ਆਮ ਵਲੰਟੀਅਰ ਬਣ ਕੇ ਕਰਾਂਗਾ ਸੇਵਾ, ਮੇਰੇ ਕਾਰਨ ਜਿਨ੍ਹਾਂ ਦੇ ਮਾਨ-ਸਨਮਾਨ ਨੂੰ ਠੇਸ ਪੁੱਜੀ ਹੈ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ- ਜਗਤਾਰ ਸਿੰਘ ਜੱਗਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੂੰ ਸ਼ੁੱਕਰਵਾਰ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ ਪਾਰਟੀ 'ਚ ਮੁੜ ਸ਼ਾਮਲ ਹੋ ਗਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਦੀ ਹਾਜ਼ਰੀ ਦੌਰਾਨ ਪਾਰਟੀ 'ਚ ਮੁੜ ਸ਼ਾਮਲ ਹੋਣ ਉਪਰੰਤ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਪਾਰਟੀ 'ਚ ਵਾਪਸੀ ਦਾ ਸੋਸ਼ਲ ਮੀਡੀਆ 'ਤੇ ਖ਼ੁਦ ਐਲਾਨ ਕੀਤਾ।
ਜਗਤਾਰ ਸਿੰਘ ਜੱਗਾ ਨੇ ਕਿਹਾ, '' ਮੈਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਰਾਏਕੋਟ ਤੋਂ ਵਿਧਾਇਕ ਬਣਿਆ ਸੀ, ਪ੍ਰੰਤੂ ਕੁੱਝ ਕਾਰਨਾਂ ਅਤੇ ਗ਼ਲਤ ਫਹਿਮੀਆਂ ਕਾਰਨ ਮੈਂ ਗੁੰਮਰਾਹ ਹੋ ਗਿਆ ਸੀ। ਇਸ ਦੌਰਾਨ ਮੈਨੂੰ ਆਪਣੀ ਗਲਤੀ ਅਤੇ ਜ਼ਮੀਨੀ ਹਕੀਕਤ ਦਾ ਅਹਿਸਾਸ ਹੋਇਆ ਕਿ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਅਤੇ ਦੇਸ਼ ਦੇ ਲੋਕਾਂ ਦਾ ਕਲਿਆਣ ਕਰ ਸਕਦੀ ਹੈ। ਭ੍ਰਿਸ਼ਟ ਨਿਜ਼ਾਮ ਦਾ ਪਲਟਾ ਮਾਰ ਸਕਦੀ ਹੈ ਅਤੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਦਲਿਤਾਂ, ਵਪਾਰੀਆਂ-ਕਾਰੋਬਾਰੀਆਂ ਸਮੇਤ ਸਾਰੇ ਵਰਗਾਂ ਨੂੰ ਦਰਪੇਸ਼ ਸਮੱਸਿਆਵਾਂ-ਸੰਕਟਾਂ ਦਾ ਹੱਲ ਕਰ ਸਕਦੀ ਹੈ।''
ਜਗਤਾਰ ਸਿੰਘ ਜੱਗਾ ਨੇ ਕਿਹਾ ਕਿ ਉਹ ਪਾਰਟੀ 'ਚ ਕਿਸੇ ਅਹੁਦੇ-ਰੁਤਬੇ ਦੀ ਇੱਛਾ ਬਗੈਰ ਇੱਕ ਆਮ ਵਲੰਟੀਅਰ ਬਣ ਕੇ ਕੰਮ ਕਰਨਗੇ। ਜੱਗਾ ਹਿੱਸੋਵਾਲ ਨੇ ਕਿਹਾ, ''ਮੇਰੇ ਪਾਰਟੀ ਤੋਂ ਦੂਰ ਜਾਣ ਕਾਰਨ ਜਿੰਨਾ ਵਲੰਟੀਅਰਾਂ ਅਤੇ ਆਗੂਆਂ ਦੇ ਦਿਲਾਂ ਅਤੇ ਮਾਨ-ਸਨਮਾਨ ਨੂੰ ਠੇਸ ਪੁੱਜੀ ਸੀ, ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ।''