ਕੇ.ਪੀ.ਏ. ਨੇ ਮਨੀਪੁਰ ’ਚ ਐਨ.ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲਈ
21 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ’ਚ ਕੁਕੀ ਭਾਈਚਾਰੇ ਦੇ 10 ਵਿਧਾਇਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ
ਇੰਫ਼ਾਲ: ਮਨੀਪੁਰ ’ਚ ਜਾਰੀ ਹਿੰਸਾ ਵਿਚਕਾਰ ਕੁਕੀ ਪੀਪਲਜ਼ ਅਲਾਇੰਸ (ਕੇ.ਪੀ.ਏ.) ਨੇ ਸੂਬੇ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਹੈ। ਪਾਰਟੀ ਦੇ ਦੋ ਵਿਧਾਇਕ ਹਨ। ਹਾਲਾਂਕਿ, ਸੂਬੇ ਦੀ ਵਿਧਾਨ ਸਭਾ ’ਚ ਭਾਜਪਾ ਦੇ 32 ਵਿਧਾਇਕ ਹਨ ਅਤੇ ਸੂਬਾ ਸਰਕਾਰ ਨੂੰ ਕੇ.ਪੀ.ਏ. ਵਲੋਂ ਹਮਾਇਤ ਵਾਪਸ ਲੈਣ ਮਗਰੋਂ ਕੋਈ ਖ਼ਤਰਾ ਨਹੀਂ ਹੈ।
ਰਾਜਪਾਲ ਅਨੁਸੂਈਆ ਉਈਕੇ ਨੂੰ ਲਿਖੀ ਚਿੱਠੀ ’ਚ ਕੇ.ਪੀ.ਏ. ਦੇ ਪ੍ਰਧਾਨ ਤੋਂਗਮਾਂਗ ਹਾਉਕਿਪ ਨੇ ਪਾਰਟੀ ਦੇ ਫੈਸਲੇ ਬਾਰੇ ਸੂਚਿਤ ਕੀਤਾ ਹੈ, ਜਿਥੇ ਪਿਛਲੇ ਤਿੰਨ ਮਹੀਨਿਆਂ ਤੋਂ ਚਲ ਰਹੀ ਜਾਤ ਅਧਾਰਤ ਹਿੰਸਾ ’ਚ ਹੁਣ ਤਕ ਘੱਟ ਤੋਂ ਘੱਟ 160 ਲੋਕ ਮਾਰੇ ਗਏ ਹਨ। ਹਾਉਕਿਪ ਨੇ ਅਪਣੀ ਚਿੱਠੀ ’ਚ ਕਿਹਾ, ‘‘ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਮਨੀਪੁਰ ਦੀ ਐਨ. ਬੀਰੇਨ ਸਿੰਘ ਦੀ ਸਰਕਾਰ ਨੂੰ ਹਮਾਇਤ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ ਰਹਿ ਗਿਆ। ਇਸ ਲਈ ਕੇ.ਪੀ.ਏ. ਮਨੀਪੁਰ ਸਰਕਾਰ ਤੋਂ ਅਪਣੀ ਹਮਾਇਤ ਵਾਪਸ ਲੈਂਦੀ ਹੈ।’’
ਇਹ ਵੀ ਪੜ੍ਹੋ: ਨਸ਼ੇੜੀ ਪੁੱਤਰਾਂ ਨੇ ਕੀਤਾ ਪਿਓ ਦਾ ਕਤਲ, ਇਕ ਗ੍ਰਿਫ਼ਤਾਰ
60 ਵਿਧਾਇਕਾਂ ਵਾਲੀ ਮਨੀਪੁਰ ਵਿਧਾਨ ਸਭਾ ’ਚ ਕੇ.ਪੀ.ਏ. ਦੇ ਦੋ ਵਿਧਾਇਕ - ਸਾਏਕੁਲ ਤੋਂ ਕਿਮਨਾਉ ਹਾਉਕਿਪ ਹਾਂਗਸ਼ਿੰਗ ਅਤੇ ਸਿੰਘਘਾਟ ਤੋਂ ਚਿਨਲੁੰਗਥਾਨ ਹਨ। ਭਾਜਪਾ ਦੇ ਵਿਧਾਨ ਸਭਾ ’ਚ 32 ਵਿਧਾਇਕ ਹਨ ਅਤੇ ਉਸ ਨੂੰ ਅਜੇ ਵੀ ਐਨ.ਪੀ.ਐਫ਼. ਦੇ 5 ਵਿਧਾਇਕਾਂ ਤੋਂ ਇਲਾਵਾ ਤਿੰਨ ਆਜ਼ਾਦ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ।
ਵਿਰੋਧੀ ਧਿਰ ’ਚ 7 ਵਿਧਾਇਕ ਐਨ.ਪੀ.ਪੀ. ਦੇ, ਪੰਜ ਕਾਂਗਰਸ ਦੇ ਅਤੇ ਛੇ ਜੇ.ਡੀ.(ਯੂ.) ਦੇ ਹਨ। ਇਸ ਤੋਂ ਪਹਿਲਾਂ ਅੱਜ ਇਕ ਹੋਰ ਮਹੱਤਵਪੂਰਨ ਘਟਨਾਕ੍ਰਮ ’ਚ ਮਨੀਪੁਰ ’ਚ ਜਾਰੀ ਹਿੰਸਾ ਦੇ ਮੱਦੇਨਜ਼ਰ 21 ਅਗੱਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ’ਚ ਵੱਖੋ-ਵੱਖ ਪਾਰਟੀਆਂ ਦੇ ਜ਼ਿਆਦਾਤਰ ਕੁਕੀ ਵਿਧਾਇਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਕੁਕੀ ਲੋਕਾਂ ਦੇ ਆਗੂਆਂ ਨੇ ਇਹ ਜਾਣਕਾਰੀ ਦਿਤੀ।
ਸੀ.ਓ.ਸੀ.ਓ.ਐਮ.ਆਈ., ਕੁਕੀ ਭਾਈਚਾਰੇ ਲਈ ਵੱਖਰੀ ਪ੍ਰਸ਼ਾਸਕੀ ਇਕਾਈ ਦੀ ਮੰਗ ਨੂੰ ‘ਸਹਿਮਤੀ ਨਾਲ’ ਰੱਦ ਕਰਨ ਲਈ ਛੇਤੀ ਵਿਧਾਨ ਸਭਾ ਸੈਸ਼ਨ ਦੀ ਮੰਗ ਦੀ ਅਗਵਾਈ ਕਰਨ ਵਾਲੀ ਸਿਖਰ ਮੈਤੇਈ ਸੰਗਠਨ ਨੇ ਦਾਅਵਾ ਕੀਤਾ ਕਿ ਜੇਕਰ ‘ਆਦੀਵਾਸੀ ਵਿਧਾਇਕ ਸੈਸ਼ਨ ’ਚ ਸ਼ਾਮਲ ਹੋਣਾ ਚਾਹੁੰਦੇ ਹਨ’ ਤਾਂ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ।
ਇਹ ਵੀ ਪੜ੍ਹੋ: ਮਨੀਪੁਰ ਦੀ ਚਾਰ ਮਈ ਵਾਲੀ ਘਟਨਾ ਨੂੰ ਲੈ ਕੇ ਪੰਜ ਪੁਲਿਸ ਮੁਲਾਜ਼ਮ ਮੁਅੱਤਲ
ਜਾਤੀ ਹਿੰਸਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ’ਚੋਂ ਇਕ ਚੂਰਾਚੰਦਪੁਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਐਲ.ਐਮ. ਖੌਟੇ ਨੇ ਕਿਹਾ, ‘‘ਮਨੀਪੁਰ ’ਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਲਗਾਤਾਰ ਹਿੰਸਾ ਦੇ ਮੱਦੇਨਜ਼ਰ, ਮੇਰੇ ਲਈ ਆਉਣ ਵਾਲੇ ਸੈਸ਼ਨ ਵਿੱਚ ਹਿੱਸਾ ਲੈਣਾ ਸੰਭਵ ਨਹੀਂ ਹੋਵੇਗਾ।’’
ਉਨ੍ਹਾਂ ਕਿਹਾ ਕਿ ਕੁਕੀ ਭਾਈਚਾਰੇ ਦੀਆਂ ਹਿੰਸਾ ਅਤੇ ਵੱਖਰੇ ਪ੍ਰਸ਼ਾਸਨ ਦੀਆਂ ਮੰਗਾਂ ਦੇ ਹੱਲ ਦੀ ਅਣਹੋਂਦ ’ਚ ‘‘ਸਾਰੇ ਕੁਕੀ-ਜ਼ੋਮੀ-ਹਮਰ ਵਿਧਾਇਕਾਂ ਲਈ ਸੈਸ਼ਨ ’ਚ ਹਿੱਸਾ ਲੈਣਾ ਸੰਭਵ ਨਹੀਂ ਹੋਵੇਗਾ।’’ ਮਨੀਪੁਰ ਦੀ 60 ਮੈਂਬਰੀ ਵਿਧਾਨ ਸਭਾ ’ਚ ਕੁਕੀ-ਜ਼ੋਮੀ ਭਾਈਚਾਰੇ ਦੇ 10 ਵਿਧਾਇਕ ਹਨ, ਜਿਨ੍ਹਾਂ ’ਚ ਭਾਜਪਾ ਦੇ ਸੱਤ, ਕੁਕੀ ਪੀਪਲਜ਼ ਅਲਾਇੰਸ ਦੇ ਦੋ ਅਤੇ ਇਕ ਆਜ਼ਾਦ ਵਿਧਾਇਕ ਸ਼ਾਮਲ ਹੈ।