ਨਸ਼ਾ ਪੀੜਤ ਮਰੀਜ਼ਾਂ ਦੀ ਘਰ-ਘਰ ਜਾ ਕੇ ਸ਼ਨਾਖ਼ਤ ਕਰਵਾਏ ਸਰਕਾਰ : ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਿਆਂ ਦੇ ਮੁੱਦੇ 'ਤੇ 'ਆਪ' ਵਿਧਾਇਕ ਨੇ ਲਿਖੀ ਕੈਪਟਨ ਨੂੰ ਚਿੱਠੀ

Tackle drug menace with iron hand: Aman Arora to Captain

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਅੰਦਰ ਵਿਕਰਾਲ ਰੂਪ ਧਾਰਣ ਕਰ ਚੁੱਕੀ ਨਸ਼ਿਆਂ (ਡਰੱਗ) ਦੀ ਸਮੱਸਿਆ 'ਤੇ ਸਖ਼ਤੀ ਅਤੇ ਗੰਭੀਰਤਾ ਨਾਲ ਕਾਬੂ ਪਾਉਣ ਦੀ ਮੰਗ ਚੁੱਕੀ ਹੈ। ਇਸ ਪੱਤਰ ਰਾਹੀਂ 'ਆਪ' ਆਗੂ ਨੇ ਕਾਂਗਰਸ ਸਰਕਾਰ ਨੇ ਆਪਣੇ 2 ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ ਕੁੱਝ ਵੀ ਖ਼ਾਸ ਨਹੀਂ ਕੀਤਾ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਇਸ ਚਿੱਠੀ ਰਾਹੀਂ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸੰਕਟ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸ਼ਲਾਘਾਯੋਗ ਕਦਮ ਹੈ ਕਿ ਘੱਟੋ ਘੱਟ ਕੈਪਟਨ ਸਰਕਾਰ ਨੇ ਇਸ ਸਮੱਸਿਆ ਬਾਰੇ ਸੋਚਿਆ ਤਾਂ ਸਹੀ। ਅਮਨ ਅਰੋੜਾ ਨੇ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਗੁਆਂਢੀ ਸੂਬਿਆਂ ਨਾਲੋਂ ਵੱਖਰੀ ਅਤੇ ਅਤਿ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਰਾਜਸਥਾਨ 'ਚ ਕੁੱਝ ਨਸ਼ਿਆਂ ਨੂੰ ਕਾਨੂੰਨੀ ਦਾਇਰੇ ਤੋਂ ਛੋਟ ਦਿੱਤੀ ਹੋਈ ਹੈ।

ਪੰਜਾਬ ਵਾਂਗ ਹੀ ਰਾਜਸਥਾਨ ਵੀ ਪਾਕਿਸਤਾਨ ਨਾਲ ਲਗਦੇ ਅੰਤਰਰਾਸ਼ਟਰੀ ਬਾਰਡਰ ਨਾਲ ਜੁੜਦਾ ਹੈ, ਪਰ ਉੱਥੇ ਪੰਜਾਬ ਵਾਂਗ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜਦੇ ਨੌਜਵਾਨਾਂ ਬਾਰੇ ਨਹੀਂ ਸੁਣਿਆ। ਇਸ ਤਰ੍ਹਾਂ ਅਤਿ ਸੰਵੇਦਨਸ਼ੀਲ ਅਤੇ ਅਤਿਵਾਦ ਪ੍ਰਭਾਵਤ ਜੰਮੂ ਅਤੇ ਕਸ਼ਮੀਰ 'ਚ ਵੀ ਨਸ਼ੇ ਦੀ ਸਮੱਸਿਆ ਉਸ ਤਰਾਂ ਨਹੀਂ ਸੁਣੀ ਜਿਵੇਂ ਪੰਜਾਬ 'ਚ ਹਰ ਰੋਜ਼ ਸੁਣਦੇ ਹਾਂ।

ਅਮਨ ਅਰੋੜਾ ਨੇ ਲਿਖਿਆ ਕਿ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਨਸ਼ਾ ਛੁਡਾਊ ਕੇਂਦਰਾਂ 'ਤੇ ਬਚਾਅ ਸਬੰਧੀ ਕੀਤੇ ਗਏ ਕੁੱਝ ਇਕ ਉਪਰਾਲੇ ਸਵਾਗਤ ਯੋਗ ਜ਼ਰੂਰ ਹਨ ਪਰ ਇਹ ਕਦਮ ਬਹੁਤ ਹੀ ਨਾਕਾਫ਼ੀ ਹਨ। ਸੂਬਾ ਸਰਕਾਰ ਕੋਲ ਅਜੇ ਤੱਕ ਨਸ਼ਿਆਂ ਦੇ ਆਦੀ ਹੋਏ ਮਰੀਜ਼ਾਂ ਦਾ ਅੰਕੜਾ ਹੀ ਮੌਜੂਦ ਨਹੀਂ ਹੈ। ਡੋਰ-ਟੂ-ਡੋਰ ਜਾ ਕੇ ਇਕੱਠਾ ਕੀਤੇ ਜਾਣ ਵਾਲੇ ਇਸ ਅੰਕੜੇ ਰਾਹੀਂ ਇਹ ਵੀ ਪਤਾ ਲੱਗੇਗਾ ਕਿ ਕੌਣ ਮਰੀਜ਼ ਕਿਸ ਪ੍ਰਕਾਰ ਦੇ ਡਰੱਗ ਦਾ ਆਦੀ ਹੈ। ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਸਰਕਾਰ ਇਸ ਮੁੱਦੇ 'ਤੇ ਅਜੇ ਵੀ ਅੱਖਾਂ 'ਚ ਘੱਟਾ ਪਾਉਣ ਲਏ ਕਦਮ 'ਤੇ ਚੱਲ ਰਹੀ ਹੈ, ਇੱਥੋਂ ਤੱਕ ਕਿ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਦੀ ਮੌਤ ਦਾ ਅਸਲ ਕਾਰਨ ਲੁਕਾ ਕੇ ਹਾਰਟ ਅਟੈਕ ਰਾਹੀਂ ਹੋਈ ਮੌਤ ਦਿਖਾਉਂਦੀ ਹੈ।