37 ਦਿਨਾਂ ਵਿਚੋਂ 28 ਦਿਨ ਸੰਸਦ 'ਚੋਂ ਗਾਇਬ ਰਹੇ ਸੰਨੀ ਦਿਓਲ

ਏਜੰਸੀ

ਖ਼ਬਰਾਂ, ਰਾਜਨੀਤੀ

17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿਚ ਸੰਨੀ ਦਿਓਲ 28 ਦਿਨ ਸੰਸਦ ਵਿਚ ਗੈਰ-ਹਾਜ਼ਰ ਰਹੇ।

Sunny Deol

ਨਵੀਂ ਦਿੱਲੀ: ਹਾਲ ਹੀ ਵਿਚ ਪੀਐਮ ਮੋਦੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ‘ਤੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਸੀ ਕਿ ਸੰਸਦ ਵਿਚ ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ਨੂੰ ਲੈ ਕੇ ਕੋਈ ਬਹਾਨਾ ਨਹੀਂ ਚੱਲੇਗਾ। ਪੀਐਮ ਮੋਦੀ ਦੀ ਇਸ ਫਟਕਾਰ ਤੋਂ ਬਾਅਦ ਵੀ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ ਸੰਸਦ ਵਿਚ ਅਪਣੀ ਹਾਜ਼ਰੀ ਸੁਧਾਰਨ ਵਿਚ ਅਸਫ਼ਲ ਨਜ਼ਰ ਆਏ। 

17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿਚ ਉਹ 28 ਦਿਨ ਸੰਸਦ ਵਿਚ ਗੈਰ-ਹਾਜ਼ਰ ਰਹੇ। ਲੋਕ ਸਭਾ ਹਾਜ਼ਰੀ ਰਿਕਾਰਡ ਮੁਤਾਬਕ ਮਾਨਸੂਨ ਸੈਸ਼ਨ ਵਧਾਏ ਜਾਣ ਤੋਂ ਬਾਅਦ ਉਹ ਸੰਸਦ ਵਿਚ ਲਗਾਤਾਰ ਪੰਜ ਦਿਨ ਹੀ ਹਾਜ਼ਰ ਰਹੇ ਪਰ ਇਸ ਤੋਂ ਬਾਅਦ ਉਹ ਲਗਾਤਾਰ ਇਕ ਹਫ਼ਤੇ ਤੱਕ ਸੰਸਦ ਤੋਂ ਦੂਰ ਰਹੇ। ਕੁੱਲ ਮਿਲਾ ਕੇ ਉਹਨਾਂ ਨੇ ਸੰਸਦ ਦੀਆਂ ਨੋ ਬੈਠਕਾਂ ਵਿਚ ਭਾਗ ਲਿਆ ਪਰ ਕੁੱਲ 37 ਦਿਨਾਂ ਵਿਚੋਂ ਉਹ 28 ਦਿਨ ਗੈਰ-ਹਾਜ਼ਰ ਰਹੇ। ਇਸ ਦੇ ਨਾਲ ਹੀ ਉਨ੍ਹਾਂ ਪਾਰਲੀਮੈਂਟ ਬਹਿਸ ਵਿਚ ਨਾ ਹਿੱਸਾ ਲਿਆ ਅਤੇ ਨਾ ਹੀ ਕੋਈ ਲਿਖਤੀ ਸੁਆਲ ਪਾਰਲੀਮੈਂਟ ਵਿਚ ਲਾਇਆ।

ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਸੰਨੀ ਦਿਓਲ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾ ਦਿੱਤਾ ਸੀ। ਉਹ 23 ਅਪ੍ਰੈਲ ਨੂੰ ਭਾਜਪਾ ਦਾ ਹਿੱਸਾ ਬਣੇ ਸਨ। ਦੱਸ ਦਈਏ ਕਿ ਸੰਨੀ ਦਿਓਲ ਅਪਣੇ ਪਰਿਵਾਰ ਦੇ ਤੀਜੇ ਵਿਅਕਤੀ ਹਨ ਜੋ ਸਿਆਸਤ ਵਿਚ ਆਏ ਹਨ। ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਤਾ ਧਰਮਿੰਦਰ ਬੀਕਾਨੇਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਜਿੱਤ ਹਾਸਲ ਕਰ ਚੁੱਕੇ ਹਨ। ਉਹਨਾਂ ਤੋਂ ਇਲਾਵਾ ਹੇਮਾ ਮਾਲਿਨੀ ਮਥੁਰਾ ਤੋਂ 2019 ਵਿਚ ਦੁਬਾਰਾ ਚੋਣ ਜਿੱਤ ਕੇ ਸੰਸਦ ਮੈਂਬਰ ਬਣੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।