Madhya Pradesh News: ਵਿਧਾਨ ਸਭਾ ਵੋਟਾਂ ਲਈ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ
ਮੁਫਤ ਰਾਸ਼ਨ ਯੋਜਨਾ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਾ ਚਾਹੁੰਦੀ ਹੈ ਕਾਂਗਰਸ: ਮੋਦੀ
- ਕਿਹਾ, ਅਪਣੇ ਤੀਜੇ ਕਾਰਜਕਾਲ ’ਚ ਭਾਰਤ ਨੂੰ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ’ਚ ਸ਼ਾਮਲ ਕਰਾਂਗਾ
Madhya Pradesh News: ਦਮੋਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਆਗੂ ਇਹ ਕਹਿ ਰਹੇ ਹਨ ਕਿ ਉਹ ਗਰੀਬ ਲੋਕਾਂ ਲਈ ਮੁਫਤ ਰਾਸ਼ਨ ਯੋਜਨਾ ਨੂੰ ਪੰਜ ਸਾਲ ਵਧਾਉਣ ਦੇ ਉਨ੍ਹਾਂ ਦੇ ਵਾਅਦੇ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ‘ਉਨ੍ਹਾਂ ਨੂੰ ਇਹ ਪਾਪ ਕਰਨ ਦਿਉ, ਮੈਂ ਲੋਕਾਂ ਲਈ ਚੰਗੇ ਕੰਮ ਕਰਦਾ ਰਹਾਂਗਾ।’
ਮੋਦੀ ਨੇ 17 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਦਮੋਹ ਸ਼ਹਿਰ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਤਕ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮਿਲੇਗਾ। ਮੋਦੀ ਨੇ ਇਹ ਵੀ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਰੁਧ ਲੜਾਈ ਜਾਰੀ ਰੱਖਣਗੇ, ਭਾਵੇਂ ਉਨ੍ਹਾਂ ਵਿਰੁਧ ਅਪਸ਼ਬਦ ਬੋਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਅਤੇ ਰਾਜਸਥਾਨ ’ਚ ਲੋਕਾਂ ਨੇ ਕਾਂਗਰਸ ਨੂੰ ਸੱਤਾ ਸੌਂਪ ਦਿਤੀ, ਪਰ ਉਨ੍ਹਾਂ ਦੇ ਮੁੱਖ ਮੰਤਰੀ ਸੱਟੇਬਾਜ਼ੀ ਅਤੇ ਕਾਲਾ ਧਨ ਪੈਦਾ ਕਰਨ ’ਚ ਸ਼ਾਮਲ ਪਾਏ ਗਏ।
ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਦੇਸ਼ ਦੀ ਆਰਥਕਤਾ 200 ਸਾਲ ਤੋਂ ਵੱਧ ਸਮੇਂ ਤਕ ਦੇਸ਼ ’ਤੇ ਰਾਜ ਕਰਨ ਵਾਲੇ ਬਰਤਾਨੀਆ ਨੂੰ ਪਿੱਛੇ ਛੱਡ ਕੇ ਦੁਨੀਆ ’ਚ 10ਵੇਂ ਤੋਂ 5ਵੇਂ ਸਥਾਨ ’ਤੇ ਆ ਗਈ। ਉਨ੍ਹਾਂ ਕਿਹਾ, ‘‘ਜਦੋਂ ਅਸੀਂ 2014 ’ਚ ਸੱਤਾ ’ਚ ਆਏ ਤਾਂ ਦੇਸ਼ ਦੀ ਅਰਥਵਿਵਸਥਾ ਦੁਨੀਆ ’ਚ 10ਵੇਂ ਸਥਾਨ ’ਤੇ ਸੀ। ਹੌਲੀ-ਹੌਲੀ ਇਹ 9ਵੇਂ, 8ਵੇਂ, 7ਵੇਂ ਅਤੇ 6ਵੇਂ ਸਥਾਨ ’ਤੇ ਪਹੁੰਚ ਗਈ ਪਰ ਕੋਈ ਵੀ ਇਸ ਬਾਰੇ ਕਿਤੇ ਵੀ ਗੱਲ ਨਹੀਂ ਕਰ ਰਿਹਾ ਸੀ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਜਦੋਂ ਇਹ 200 ਸਾਲਾਂ ਤਕ ਦੇਸ਼ ’ਤੇ ਰਾਜ ਕਰਨ ਵਾਲੇ ਬਰਤਾਨੀਆਂ ਨੂੰ ਪਿੱਛੇ ਛੱਡ ਕੇ 5ਵੇਂ ਸਥਾਨ ’ਤੇ ਪਹੁੰਚ ਗਈ, ਤਾਂ ਹਰ ਕੋਈ ਹੈਰਾਨ ਰਹਿ ਗਿਆ ਅਤੇ ਭਾਰਤ ਵੱਲ ਵੇਖਣ ਲੱਗਾ।’’ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਅਪਣੇ ਤੀਜੇ ਕਾਰਜਕਾਲ ਦੌਰਾਨ ਉਹ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ’ਚ ਲੈ ਕੇ ਜਾਣਗੇ। ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। (ਪੀਟੀਆਈ)
(For more news apart from The Prime Minister Targeted The Congress, stay tuned to Rozana Spokesman)