ਪਾਕਿ ਸੰਸਦ 'ਚ ਐਮਪੀ ਤੇ ਮੰਤਰੀ ਨੇ ਇਕ-ਦੂਜੇ ਨੂੰ ਕੱਢੀਆਂ ਗਾਲ਼ਾਂ

ਏਜੰਸੀ

ਖ਼ਬਰਾਂ, ਰਾਜਨੀਤੀ

ਵਿਰੋਧੀ ਨੇਤਾ ਨੇ ਕੇਂਦਰੀ ਮੰਤਰੀ ਨੂੰ ਡੱਬੂ ਤੇ ਸੰਢਾ ਆਖਿਆ

Pakistan Parliament

ਇਸਲਾਮਾਬਾਦ: ਭਾਰਤ ਦੀ ਸੰਸਦ ਵਾਂਗ ਹੰਗਾਮੇ ਪੱਖੋਂ ਪਾਕਿਸਤਾਨ ਦੀ ਸੰਸਦ ਵੀ ਘੱਟ ਨਹੀਂ। ਬੀਤੇ ਦਿਨ ਪਾਕਿਸਤਾਨ ਦੀ ਸੰਸਦ ਵਿਚ ਹੋਏ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਵਿਰੋਧੀ ਧਿਰ ਮੁਸਲਿਮ ਲੀਗ ਨਵਾਜ਼ ਦੇ ਸੈਨੇਟਰ ਮੁਸ਼ਾਹਿਦੁੱਲਾ ਖ਼ਾਨ ਅਤੇ ਕੇਂਦਰੀ ਤਕਨੀਕੀ ਮੰਤਰੀ ਫ਼ਵਾਦ ਚੌਧਰੀ ਇਕ ਦੂਜੇ ਨਾਲ ਗਾਲੀ ਗਲੋਚ ਕਰਦੇ ਨਜ਼ਰ ਆ ਰਹੇ ਹਨ।

 


 

ਜਦੋਂ ਵਿਰੋਧੀ ਪਾਰਟੀ ਦੇ ਨੇਤਾ ਬੋਲਣ ਲੱਗੇ ਤਾਂ ਕੇਂਦਰੀ ਮੰਤਰੀ ਫਵਾਦ ਚੌਧਰੀ ਰੌਲਾ ਪਾਉਣ ਲੱਗੇ, ਜਿਸ ਤੋਂ ਬਾਅਦ ਮੁਸ਼ਾਹਿਦੁੱਲਾ ਖ਼ਾਨ ਨੇ ਕੇਂਦਰੀ ਮੰਤਰੀ ਨੂੰ ਡੱਬੂ ਕਹਿ ਕੇ ਬੁਲਾਇਆ ਅਤੇ ਨਾਲ ਹੀ ਇਹ ਵੀ ਆਖ ਦਿੱਤਾ ਕਿ ਮੈਂ ਤਾਂ ਤੈਨੂੰ ਘਰੇ ਬੰਨ੍ਹ ਕੇ ਆਇਆ ਸੀ, ਤੂੰ ਫਿਰ ਇੱਧਰ ਆ ਗਿਐਂ? ਇਸ ਮਗਰੋਂ ਸੰਸਦ ਦਾ ਮਾਹੌਲ ਇੰਨਾ ਗਰਮ ਹੋ ਗਿਆ ਕਿ ਦੋਵੇਂ ਨੇਤਾਵਾਂ ਨੇ ਸਪੀਕਰ ਦੀ ਪ੍ਰਵਾਹ ਕੀਤੇ ਬਿਨਾਂ ਇਕ ਦੂਜੇ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।

ਇਮਰਾਨ ਦੇ ਪਾਰਟੀ ਨੇਤਾਵਾਂ ਨੇ ਬੜੀ ਮੁਸ਼ਕਲ ਨਾਲ ਫਵਾਦ ਚੌਧਰੀ ਨੂੰ ਕੰਟਰੋਲ ਕੀਤਾ। ਇਸ ਮਗਰੋਂ ਸਪੀਕਰ ਅਸਦ ਕੈਸਰ ਦੇ ਨਾਲ ਕਾਰਵਾਈ ਦੀ ਪ੍ਰਧਾਨਗੀ ਕਰ ਰਹੇ ਸੈਨੇਟ ਪ੍ਰਧਾਨ ਸਾਦਿਕ ਸੰਜਰਾਨੀ ਨੂੰ ਵਿਚਾਲੇ ਦਖ਼ਲ ਦਿੰਦੇ ਹੋਏ ਗ਼ੈਰ ਸੰਸਦੀ ਸ਼ਬਦਾਂ ਨੂੰ ਵਾਪਸ ਲੈਣ ਦਾ ਹੁਕਮ ਦੇਣਾ ਪਿਆ। ਦੱਸ ਦਈਏ ਕਿ ਪਾਕਿਸਤਾਨ ਸਰਕਾਰ ਨੇ ਇਹ ਵਿਸ਼ੇਸ਼ ਸੈਸ਼ਨ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਮਗਰੋਂ ਚਰਚਾ ਕਰਨ ਲਈ ਬੁਲਾਇਆ ਸੀ।

ਦੇਖੋਂ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।