ਜੇ ਕਿਸੇ ਮੰਤਰੀ ਦਾ ਬੱਚਾ ਹੁੰਦਾ ਤਾਂ ਹੁਣ ਤੱਕ ਬਾਹਰ ਹੁੰਦਾ: ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਦੀ ਨਾਕਾਮੀ ਨੇ ਪੂਰੀ ਦੁਨੀਆਂ ’ਚ ਕੀਤਾ ਭਾਰਤ ਦਾ ਸਿਰ ਨੀਵਾਂ

Simarjeet Singh Bains

ਸੁਨਾਮ: 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ 2 ਸਾਲ ਦੇ ਮਾਸੂਮ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਫ਼ੌਜ ਨੇ ਹੁਣ ਅਪਣਾ ਮੋਰਚਾ ਸੰਭਾਲ ਲਿਆ ਹੈ। ਇਕ ਪਾਸੇ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ। ਦੂਜੇ ਪਾਸੇ, ਸਿਆਸਤਦਾਨ ਬਚਾਅ ਕਾਰਜਾਂ ਵਿਚ ਹਿੱਸਾ ਪਾਉਣ ਦੀ ਬਜਾਏ ਲਗਾਤਾਰ ਬਿਆਨਬਾਜ਼ੀਆਂ ਵਿਚ ਰੁੱਝੇ ਹੋਏ ਹਨ।

ਸੁਨਾਮ ਪਹੁੰਚੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਬਿਆਨ ‘ਕਿ ਮੁੱਖ ਮੰਤਰੀ ਬੱਚੇ ਨੂੰ ਹੱਥ ਫੜ ਕੇ ਬਾਹਰ ਕੱਢ ਲਵੇ’ ’ਤੇ ਬੋਲਦਿਆਂ ਕਿਹਾ ਕਿ ਉਹ ਕਾਂਗੜ ਨੂੰ ਦੱਸਣਾ ਚਾਹੁੰਦੇ ਹਨ ਕਿ ਜੇਕਰ ਇਹ ਬੱਚਾ ਕਿਸੇ ਮੰਤਰੀ ਦਾ ਹੁੰਦਾ ਤਾਂ ਮੁੱਖ ਮੰਤਰੀ ਅਜਿਹਾ ਕਰ ਸਕਦੇ ਸਨ ਪਰ ਇਸ ਸਮੇਂ ਉਹ ਪਹਾੜਾਂ ’ਚ ਮਹਿਮਾਨਾਂ ਨਾਲ ਆਨੰਦ ਮਾਣ ਰਹੇ ਹਨ।

ਬੈਂਸ ਨੇ ਕਿਹਾ ਕਿ ਐਨ.ਡੀ.ਆਰ.ਐਫ਼. ਟੀਮ ਦੇ ਗਲਤ ਢੰਗਾਂ ਕਾਰਨ ਬੋਰਵੈੱਲ ਵਿਚ ਡਿੱਗੇ ਫ਼ਤਿਹ ਨੂੰ ਬਾਹਰ ਕੱਢਣ ਵਿਚ ਦੇਰੀ ਹੋ ਰਹੀ ਹੈ। ਪਿਛਲੇ 5 ਦਿਨਾਂ ਤੋਂ ਪੰਜਾਬ ਸਰਕਾਰ ਬੱਚੇ ਨੂੰ ਬਾਹਰ ਨਹੀਂ ਕੱਢ ਸਕੀ। ਪ੍ਰਸ਼ਾਸਨ ਦੀ ਨਾਕਾਮੀ ਕਾਰਨ ਭਾਰਤ ਦਾ ਸਿਰ ਪੂਰੀ ਦੁਨੀਆਂ ’ਚ ਨੀਵਾਂ ਹੋ ਗਿਆ ਹੈ। ਦੱਸ ਦਈਏ ਕਿ ਫ਼ਤਿਹਵੀਰ ਨੂੰ ਬੋਰਵੈੱਲ ’ਚ ਡਿੱਗੇ ਨੂੰ ਅੱਜ ਪੰਜ ਦਿਨ ਹੋ ਗਏ ਹਨ ਪਰ ਅਜੇ ਤੱਕ ਬਚਾਅ ਕਾਰਜ ਜਾਰੀ ਹਨ।