‘ਆਪ’ ਦੀ ਜਿੱਤ ਤੋਂ ਬਾਅਦ ਹੁਣ ਕੈਬਨਿਟ ‘ਤੇ ਸਭ ਦੀ ਨਜ਼ਰ

ਏਜੰਸੀ

ਖ਼ਬਰਾਂ, ਰਾਜਨੀਤੀ

ਆਦਮੀ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਅਤੇ ਦੂਜੇ ਕਾਰਜਕਾਲ ਵਿਚ ਮੰਤਰੀ ਰਹੇ ਸਾਰੇ ਵੱਡੇ ਆਗੂਆਂ ਨੂੰ ਜਿੱਤ ਮਿਲੀ ਹੈ।

Photo

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 2020 ਵਿਚ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤਰ੍ਹਾਂ ਉਹ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨਗੇ। ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਅਤੇ ਦੂਜੇ ਕਾਰਜਕਾਲ ਵਿਚ ਮੰਤਰੀ ਰਹੇ ਸਾਰੇ ਵੱਡੇ ਆਗੂਆਂ ਨੂੰ ਜਿੱਤ ਮਿਲੀ ਹੈ।

ਆਤਿਸ਼ੀ ਮਾਲੇਨਾ, ਰਾਘਵ ਚੱਡਾ ਅਤੇ ਦਿਲੀਪ ਪਾਂਡੇ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਉਮੀਦਵਾਰਾਂ ਨੇ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ।ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਕੇਜਰੀਵਾਲ ਦੀ ਕੈਬਨਿਟ ਵਿਚ ਜ਼ਿਆਦਾ ਬਦਲਾਅ ਨਹੀਂ ਹੋਣਗੇ ਅਤੇ ਪਹਿਲਾਂ ਮੰਤਰੀ ਰਹੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਮੌਕਾ ਦਿੱਤਾ ਜਾ ਸਕਦਾ ਹੈ।

ਆਤਿਸ਼ੀ ਨੂੰ ਮਿਲ ਸਕਦਾ ਹੈ ਸਿੱਖਿਆ ਵਿਭਾਗ
ਆਤਿਸ਼ੀ, ਰਾਘਵ ਅਤੇ ਦਿਲੀਪ ਨੂੰ ਲੋਕ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੂਤਰਾਂ ਅਨੁਸਾਰ ਕਿਹਾ ਗਿਆ ਹੈ ਕਿ ਆਤਿਸ਼ੀ ਅਤੇ ਰਾਘਵ ਦੋਵਾਂ ਨੂੰ ਹੀ ਕੇਜਰੀਵਾਲ ਦੀ ਨਵੀਂ ਕੈਬਨਿਟ ਵਿਚ ਸ਼ਾਮਲ ਕੀਤਾ ਜਾਵੇਗਾ। ਆਤਿਸ਼ੀ ਅਤੇ ਰਾਘਵ ਕੇਜਰੀਵਾਲ ਦੇ ਸਲਾਹਕਾਰ ਦੇ ਤੌਰ ‘ਤੇ ਸ਼ਾਮਲ ਸੀ। ਕੇਂਦਰ ਵੱਲੋਂ ਉਹਨਾਂ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਚਰਚਾ ਤੋਂ ਬਾਅਦ ਲਿਆ ਜਾਵੇਗਾ ਫੈਸਲਾ
ਆਤਿਸ਼ੀ ਨੇ ਦਿੱਲੀ ਦੇ ਇਕ ਕਾਲਜ ਵਿਚ ਪੜ੍ਹਾਈ ਕਰਨ ਤੋਂ ਬਾਅਦ ਔਕਸਫੋਰਡ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿਚ ਸਿੱਖਿਆ ਦੇ ਖੇਤਰ ਵਿਚ ਜੋ ਸੁਧਾਰ ਆਏ ਹਨ, ਉਸ ਦਾ ਸਿਹਰਾ ਆਤਿਸ਼ੀ ਨੂੰ ਹੀ ਦਿੱਤਾ ਜਾਂਦਾ ਹੈ। ਸੂਤਰਾਂ ਮੁਤਾਬਕ ਡਿਪਟੀ ਸੀਐਮ ਮਨੀਸ਼ ਸਿਸੋਦੀਆ ਜੇਕਰ ਚਾਹੁਣਗੇ ਤਾਂ ਉਹ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ।

ਪੁਰਾਣੀ ਕੈਬਨਿਟ ਵਿਚ ਹੋਵੇਗਾ ਥੋੜਾ ਫੇਰ ਬਦਲ
ਆਮ ਆਦਮੀ ਪਾਰਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਾਰਟੀ ਅਪਣੀ ਹਾਈ ਕਮਾਂਡ ਨਾਲ ਚਰਚਾ ਤੋਂ ਬਾਅਦ ਹੀ ਇਸ ਮਾਮਲੇ ਵਿਚ ਕਿਸੇ ਨਤੀਜੇ ‘ਤੇ ਪਹੁੰਚੇਗੀ। ਕੇਜਰੀਵਾਲ ਤੋਂ ਇਲਾਵਾ ਆਪ ਦੇ ਸਾਰੇ ਮੰਤਰੀਆਂ ਮਨੀਸ਼ ਸਿਸੋਦੀਆ. ਗੋਪਾਲ ਰਾਏ, ਇਮਰਾਨ ਹੁਸੈਨ, ਕੈਲਾਸ਼ ਗਹਿਲੌਤ. ਰਾਜੇਂਦਰ ਪਾਲ ਗੌਤਮ ਅਤੇ ਸਤਿੰਦਰ ਕੁਮਾਰ ਜੈਨ ਨੇ ਵੀ ਅਪਣੀਆਂ-ਅਪਣੀਆਂ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਸੂਤਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਅਪਣੀ ਪਹਿਲਾਂ ਦੀ ਕੈਬਨਿਟ ਵਿਚੋਂ ਦੋ ਮੈਂਬਰਾਂ ਨੂੰ ਹਟਾ ਸਕਦੇ ਹਨ।

ਰਾਘਵ ਚੱਡਾ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਪੇਸ਼ੇ ਵਜੋਂ ਚਾਰਟਡ ਅਕਾਊਂਟੈਂਟ ਰਾਘਵ ਚੱਡਾ ਨੇ ਰਾਜੇਂਦਰ ਨਗਰ ਸੀਟ ‘ਤੇ 20,058 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ। ਰਾਘਵ ਪਾਰਟੀ ਵਿਚ ਰਾਸ਼ਟਰੀ ਕਾਰਜਕਾਰੀ ਮੈਂਬਰ ਹਨ। ਰਾਸ਼ਟਰੀ ਬੁਲਾਰਾ ਹੋਣ ਤੋਂ ਇਲਾਵਾ ਉਹਵਾਂ ਨੇ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਆਮ ਜਨਤਾ ਤੱਕ ਪਹੁੰਚਾਇਆ ਹੈ।

ਇਸ ਦੇ ਨਾਲ ਹੀ ਉਹ ਪਾਰਟੀ ਦੇ ਕਾਨੂੰਨੀ ਮਸਲਿਆਂ ਨਾਲ ਜੁੜੇ ਮੁੱਦਿਆਂ ਨੂੰ ਵੀ ਸੰਭਾਲਦੇ ਹਨ। ਸਾਲ 2015 ਵਿਚ ਜਦੋਂ ਪਾਰਟੀ ਨੇ ਜਿੱਤ ਹਾਸਲ ਕੀਤੀ ਤਾਂ ਉਸ ਸਮੇਂ ਰਾਘਵ ਨੂੰ ਵਿੱਤ ਮੰਤਰਾਲੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਪਰ ਅਪ੍ਰੈਲ 2018 ਵਿਚ ਕੇਂਦਰ ਸਰਕਾਰ ਵੱਲੋਂ ਪਾਰਟੀ ਦੇ 9 ਸਲਾਹਕਾਰਾਂ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ।