ਕਿਸਾਨਾਂ ਨੂੰ ਬੇਰੰਗ ਮੋੜਨਾ ਕੇਂਦਰ ਨੂੰ ਪੈ ਸਕਦੈ ਭਾਰੀ, ਇਤਿਹਾਸਕ ਗ਼ਲਤੀ ਦੁਹਰਾਉਣ ਦੇ ਰਾਹ ਪਈ ਭਾਜਪਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਥਿਤੀ ਨੂੰ ਸਮਝਣ ਅਤੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਨੂੰ ਅਣਗੋਲਿਆ ਕਰਨਾ ਕਿਸੇ ਦੇ ਵੀ ਹਿਤ 'ਚ ਨਹੀਂ

Farmers Protest

ਚੰਡੀਗੜ੍ਹ : ਸਖ਼ਤ ਫ਼ੈਸਲੇ ਲੈਣ ਅਤੇ ਉਨ੍ਹਾਂ ਨੂੰ ਹਰ ਹਾਲ ਸਿਰੇ ਲਾਉਣ ਦੀ ਭਾਜਪਾ ਦੀ ਹੱਠ-ਧਰਮੀ ਉਸ ਲਈ ਭਾਰੀ ਪੈਣ ਦੇ ਅਸਾਰ ਬਣਦੇ ਜਾ ਰਹੇ ਹਨ। ਕਿਸਾਨਾਂ ਨੂੰ ਦਿੱਲੀ ਬੁਲਾ ਕੇ ਅਣਗੌਲਿਆ ਕਰ ਵਾਪਸ ਮੋੜਣ ਦੀ ਰਣਨੀਤੀ ਨੇ ਅਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਘਟਨਾ ਕਿਸਾਨੀ ਘੋਲ ਨੂੰ ਚਰਮ ਸੀਮਾ 'ਤੇ ਪਹੁੰਚਾਉਣ ਦਾ ਕੰਮ ਕਰਦੀ ਵਿਖਾਈ ਦੇ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਵੱਲ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿਤੇ ਹਨ।

ਭਾਜਪਾ ਦਾ ਪੰਜਾਬੀਆਂ, ਖ਼ਾਸ ਕਰ ਕੇ ਕਿਸਾਨੀ ਨਾਲ ਲਿਆ ਪੰਗਾ ਉਸ ਦੇ ਪਹਿਲੇ ਕੀਤੇ ਕਾਰਨਾਮਿਆਂ ਦੇ ਜਸ਼ਨਾਂ ਨੂੰ ਪਿਛਲ-ਪੈਰੀ ਕਰ ਸਕਦਾ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਸੱਤਾਧਾਰੀ ਧਿਰ ਨੇ ਅਪਣੀ ਪੁਗਾਉਣ ਦੀ ਹੱਠ-ਧਰਮੀ ਤਹਿਤ ਲੋਕਾਈ ਦੀ ਲੋਕ-ਰਾਏ ਨੂੰ ਪੈਰਾਂ ਹੇਠ ਲਤਾੜਿਆ ਹੋਵੇ। ਇਸੇ ਤਰ੍ਹਾਂ ਪੰਜਾਬੀਆਂ ਲਈ ਵੀ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਹਠ-ਧਰਮੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੋਵੇ।

ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਸਮੇਂ ਵੀ ਪੰਜਾਬੀਆਂ ਨੂੰ ਕੇਂਦਰ ਸਰਕਾਰ ਦੀ ਹਠ-ਧਰਮੀ ਨਾਲ ਦੋ-ਚਾਰ ਹੋਣਾ ਪਿਆ ਸੀ। ਇਸ ਤੋਂ ਬਾਅਦ ਪਾਣੀਆਂ ਸਮੇਤ ਅਜਿਹੇ ਅਨੇਕਾਂ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬੀਆਂ ਦੀ ਲੋਕ-ਰਾਏ ਨੂੰ ਅਣਗੋਲਿਆ ਕਰਦਿਆਂ ਅਪਣੀ ਹਠ-ਧਰਮੀ ਪੁਗਾਉਂਦਿਆਂ ਫ਼ੈਸਲੇ ਥੋਪਣ ਦੀ ਗ਼ਲਤੀ ਕੀਤੀ। ਇਸ ਦਾ ਖਮਿਆਜ਼ਾ ਜਿੱਥੇ ਮੌਕੇ ਦੇ ਹੁਕਮਰਾਨਾਂ ਨੇ ਖੁਦ ਭੁਗਤਿਆ ਉਥੇ ਪੰਜਾਬੀਆਂ ਨੂੰ ਵੀ ਖੂਨ ਦੇ ਹੰਝੂ ਵਹਾਉਣ ਲਈ ਮਜ਼ਬੂਰ ਹੋਣਾ ਪਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿਤਾਵਨੀਆਂ ਨੂੰ ਭਾਵੇਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਗੱਲ ਕਹਿ ਕੇ ਭੰਡਿਆ ਜਾ ਰਿਹਾ ਹੈ, ਪਰ ਇਤਿਹਾਸ ਦੇ ਪੰਨਿਆਂ 'ਚ ਦਰਜ ਸੱਚਾਈ ਵੱਲ ਫ਼ਿਲਹਾਲ ਕੋਈ ਵੀ ਧਿਆਨ ਦੇਣ ਨੂੰ ਤਿਆਰ ਨਹੀਂ ਹੈ। ਕਿਸਾਨੀ ਨਾਲ ਵਿਤਕਰੇ ਦੀ ਤਰ੍ਹਾਂ ਹੀ ਪੰਜਾਬ ਨਾਲ ਵਿਤਕਰੇ ਦੇ ਤਹਿਤ ਸੰਨ 80 ਦੇ ਦਹਾਕੇ ਦੌਰਾਨ ਸ਼ੁਰੂ ਹੋਇਆ ਗੜਬੜੀ ਵਾਲਾ ਮਾਹੌਲ ਕਈ ਦਹਾਕਿਆਂ ਤਕ ਪੰਜਾਬ ਅੰਦਰ ਲਾਂਬੂ ਲਾਉਂਦਾ ਰਿਹਾ ਹੈ।

ਅੱਜ ਵੀ ਸਥਿਤੀ ਅਜਿਹੀ ਹੀ ਬਣਦੀ ਜਾ ਰਹੀ ਹੈ। ਪੰਜਾਬ ਅੰਦਰ ਭਾਜਪਾ ਪ੍ਰਧਾਨ 'ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ਆਗੂ ਮੋਰਚਾ ਖੋਲ੍ਹੀ ਬੈਠੇ ਹਨ। ਪਰ ਪੰਜਾਬ ਦਾ ਮਾਹੌਲ ਵਿਗੜਣ ਦੀ ਸੂਰਤ 'ਚ ਅਜਿਹੇ ਆਗੂਆਂ ਨੂੰ ਵਿਰੋਧ ਪ੍ਰਗਟਾਉਣ ਦਾ ਮੌਕਾ ਵੀ ਨਹੀਂ ਮਿਲਣਾ। ਅਜਿਹੇ ਹਾਲਾਤ ਪੰਜਾਬ 'ਚ ਪਹਿਲਾਂ ਵੀ ਬਣ ਚੁੱਕੇ ਹਨ। ਐਸ.ਵਾਈ.ਐਲ. ਨਹਿਰ ਦਾ ਅਧਵਾਟੇ ਲਟਕਣ ਦਾ ਪ੍ਰਕਰਣ ਅਤੇ ਅਤਿਵਾਦ ਦੇ ਦੌਰਾਨ ਦੌਰਾਨ ਹੋਈ ਕਤਲੋਗਾਰਤ ਦਾ ਮੰਜ਼ਰ ਪੰਜਾਬੀ ਅਜੇ ਭੁੱਲੇ ਨਹੀਂ ਹਨ।

ਖੇਤੀ ਕਾਨੂੰਨਾਂ ਨੂੰ ਸਿਆਸਤਦਾਨ ਮਿਸ਼ਨ-2022 ਦੀ ਸਫ਼ਲਤਾ ਨਾਲ ਜੋੜ ਕੇ ਵੇਖ ਰਹੇ ਹਨ। ਸਿਆਸਤਦਾਨਾਂ ਦੀ ਹੁਣ ਤਕ ਦੀ ਕਾਰਗੁਜ਼ਾਰੀ ਇਸੇ ਦਿਸ਼ਾ 'ਚ ਜਾਂਦੀ ਪ੍ਰਤੀਤ ਹੋ ਰਹੀ ਹੈ। ਅੱਜ ਕਿਸਾਨ ਦੀ ਅਸਲ ਸਮੱਸਿਆ ਨੂੰ ਸਮਝਣ ਦੀ ਬਜਾਏ ਕਿਸਾਨੀ ਵੋਟ ਨੂੰ ਖਿੱਚਣ ਲਈ ਬਿਆਨ ਦਾਗੇ ਜਾ ਰਹੇ ਹਨ। ਕਿਸਾਨੀ ਘੋਲ 'ਚੋਂ ਗ਼ਲਤ ਅਨਸਰਾਂ ਦੇ ਫ਼ਾਇਦੇ ਚੁੱਕੇ ਜਾਣ ਦੇ ਮੌਕਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੇਂਦਰ ਸਰਕਾਰ ਜੋ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਫਿਰਾਖ਼ 'ਚ ਹੈ, ਉਸ ਲਈ ਪੰਜਾਬ 'ਚ ਲਿਆ ਗਿਆ ਪੰਗਾ, ਜੰਮੂ ਕਸ਼ਮੀਰ ਸਮੇਤ ਹੋਰ ਨਾਜ਼ੁਕ ਥਾਵਾਂ 'ਤੇ ਵੀ ਭਾਰੀ ਪੈਣ ਦੇ ਅਸਾਰ ਬਣਦੇ ਜਾ ਰਹੇ ਹਨ।