ਅਕਾਲੀ-ਬਸਪਾ ਗਠਜੋੜ ਤੋਂ ਬਾਅਦ : ਸੰਯੁਕਤ ਅਕਾਲੀ ਦਲ ਦੇ ਆਪ ਨਾਲ ਜਾਣ ਦੇ ਚਰਚੇ
ਮੌਜੂਦਾ ਹਾਲਾਤਾਂ ਮੁਤਾਬਕ ਕੋਈ ਪਾਰਟੀ ਭਾਜਪਾ ਨਾਲ ਗਠਜੋੜ ਲਈ ਤਿਆਰ ਨਹੀਂ, ਜਿਸ ਕਾਰਨ ਹਰਿਆਣਾ ਦੀ ਤਰਜ਼ ’ਤੇ BJP ਪੰਜਾਬ ਵਿਚ ਵੀ ਇਕੱਲਿਆਂ ਹੀ ਮੈਦਾਨ ਵਿਚ ਉਤਰ ਸਕਦੀ ਹੈ।
ਬਠਿੰਡਾ (ਸੁਖਜਿੰਦਰ ਮਾਨ) : ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ (Bahujan Samaj Party) ਨਾਲ 25 ਸਾਲਾਂ ਬਾਅਦ ਮੁੜ ਗਠਜੋੜ ਕਰ ਕੇ ਪੰਜਾਬ (Punjab) ਦੇ ਸਿਆਸੀ ਪਾਣੀਆਂ ’ਚ ਹਲਚਲ ਪੈਦਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਮਹਾਂਗਠਜੋੜ ਬਣਾਉਣ ਦੀਆਂ ਕਨਸੋਆਂ ਦੇ ਚਲਦਿਆਂ ਪੰਜਾਬ ’ਚ ਮੁੜ ਤਿਕੌਣੇ ਮੁਕਾਬਲੇ ਹੋਣ ਦੀ ਸੰਭਾਵਨਾ ਬਣ ਗਈ ਹੈ।
ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ
ਚਲ ਰਹੀਆਂ ਚਰਚਾਵਾਂ ਮੁਤਾਬਕ ਬਸਪਾ ਦੀ ਤਰ੍ਹਾਂ ਅਕਾਲੀ ਦਲ ਵਲੋਂ ਕਾਮਰੇਡਾਂ ਨੂੰ ਵੀ ਅਪਣੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਚੌਥਾ ਫ਼ਰੰਟ ਬਣਾਉਣ ਦੀ ਕੋਸ਼ਿਸਾਂ ’ਚ ਲੱਗੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਹੁਣ ਆਮ ਆਦਮੀ ਪਾਰਟੀ ਨਾਲ ਜਾਣ ਵਾਲਾ ਰਾਹ ਹੀ ਬਾਕੀ ਰਹਿ ਗਿਆ ਹੈ ਕਿਉਂਕਿ ਚੌਥੇ ਫ਼ਰੰਟ ਦੇ ਵੱਡੇ ਹਿਮਾਇਤੀ ਮੰਨੇ ਜਾਣ ਵਾਲੇ ਸੁਖਪਾਲ ਸਿੰਘ ਖ਼ਹਿਰਾ ਵੀ ਹੱਕ-ਹਾਰ ਕੇ ਮੁੜ ਕਾਂਗਰਸ ਵਿਚ ਚਲੇ ਗਏ ਹਨ। ਜਦਕਿ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਹਾਲੇ ਵੀ ਕੋਈ ਪਾਰਟੀ ਭਾਜਪਾ ਨਾਲ ਗਠਜੋੜ ਲਈ ਤਿਆਰ ਨਹੀਂ, ਜਿਸ ਕਾਰਨ ਹਰਿਆਣਾ ਦੀ ਤਰਜ਼ ’ਤੇ ਭਾਜਪਾ (BJP) ਪੰਜਾਬ ਵਿਚ ਵੀ ਇਕੱਲਿਆਂ ਹੀ ਚੋਣ ਮੈਦਾਨ ਵਿਚ ਉਤਰ ਸਕਦੀ ਹੈ।
ਹੋਰ ਪੜ੍ਹੋ: ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?
ਹਾਲਾਂਕਿ ਕਾਂਗਰਸ ਵਿਰੋਧੀ ਧਿਰਾਂ ਦੇ ਕਮਜ਼ੋਰ ਹੋਣ ਦਾ ਮੁੜ ਫ਼ਾਇਦਾ ਉਠਾਉਣ ਦੀ ਤਾਕ ਵਿਚ ਹੈ ਪ੍ਰੰਤੂ ਇਸ ਦੇ ਅੰਦਰ ਚੱਲ ਰਿਹਾ ਸਿਆਸੀ ਘਮਸਾਣ 2022 ਵਿਚ ਮੁੜ ਇਸ ਪਾਰਟੀ ਦੇ ਸੱਤਾ ਦੇ ਘੋੜੇ ’ਤੇ ਸਵਾਰ ਹੋਣ ਦੀ ਉਮੀਦਾਂ ’ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਦੂਜੇ ਪਾਸੇ ਪ੍ਰਵਾਰਵਾਦ ਤੇ ਬੇਅਦਬੀ ਕਾਂਡ ’ਚ ਬੁਰੀ ਤਰ੍ਹਾਂ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਲਈ ਇਹ ਚੋਣਾਂ ‘ਕਰੋ ਜਾਂ ਮਰੋ’ ਵਾਲੀਆਂ ਹਨ ਕਿਉਂਕਿ ਇਨ੍ਹਾਂ ਚੋਣਾਂ ਵਿਚ ਹਾਰਨ ਤੋਂ ਬਾਅਦ ਦਾ ਰਾਹ ਛੋਟੇ ਬਾਦਲ ਦੀ ਰਹਿਨੁਮਾਈ ਖ਼ਤਮ ਕਰਨ ਵਾਲੇ ਪਾਸੇ ਜਾਂਦਾ ਹੈ। ਜਿਸ ਨੂੰ ਰੋਕਣ ਲਈ ਪਾਰਟੀ ਹਾਈ ਕਮਾਂਡ ਵਲੋਂ ਵਰਕਰਾਂ ਵਿਚ ਜੋਸ਼ ਭਰਨ ਤੇ ਵੋਟਰਾਂ ਦਾ ਮਨ ਬਦਲਣ ਲਈ ਪਹਿਲਾਂ ਬਸਪਾ ਨਾਲ ਸਮਝੌਤਾ ਕੀਤਾ ਹੈ ਤੇ ਹੁਣ ਕਾਮਰੇਡਾਂ ਨੂੰ ਅਪਣੇ ਨਾਲ ਜੋੜ ਕੇ ਅਪਣੀ ਹੋਂਦ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ।
ਉਧਰ ਉਕਤ ਦੋਵੇਂ ਧਿਰਾਂ ਤੋਂ ਦੁਖੀ ਪੰਜਾਬ ਦੇ ਲੋਕਾਂ ਨੂੰ ਨਵੇਂ ਬਦਲ ਦੀ ਉਮੀਦ ਵਿਖਾ ਕੇ ਸੂਬੇ ਦੀ ਸਿਆਸਤ ਵਿਚ ਭਰਵਾਂ ਸਥਾਨ ਬਣਾਉਣ ਵਾਲੀ ਆਮ ਆਦਮੀ ਪਾਰਟੀ (Aam Aadmi Party) ਦੀ ਹਾਲਾਤ ਵੀ ਬਹੁਤੀ ਵਧੀਆਂ ਨਹੀਂ ਦੱਸੀ ਜਾ ਰਹੀ ਹੈ। ਇਸ ਦੇ ਕੁੱਝ ਇਕ ਵਿਧਾਇਕਾਂ ਨੂੰ ਛੱਡ ਬਾਕੀ ਆਮ ਲੋਕਾਂ ਵਿਚ ਵੱਡਾ ਪ੍ਰਭਾਵ ਛੱਡਣ ਵਿਚ ਅਸਮਰਥ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਮੁੜ ਜਿੱਤਣ ਦੀ ਸੰਭਾਵਨਾ ਵੀ ਮੱਧਮ ਵਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਪਿਛਲੀਆਂ ਵਿਧਾਨ ਸਭਾ ਦੀ ਤਰਜ਼ ’ਤੇ ਇਸ ਵਾਰ ਆਪ ਦੇ ਹੱਕ ਵਿਚ ਕੋਈ ਵੱਡੀ ਹਨੇਰੀ ਵੀ ਨਹੀਂ ਚਲਦੀ ਵਿਖਾਈ ਦਿੰਦੀ ਹੈ।
ਹੋਰ ਪੜ੍ਹੋ: ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?
ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਮੌਜੂਦਾ ਸਮੇਂ ਪੰਜਾਬ ਦੇ ਲੋਕ ਉਕਤ ਤਿੰਨਾਂ ਹੀ ਧਿਰਾਂ ਤੋਂ ਸੰਤੁਸ਼ਟ ਨਹੀਂ ਦੱਸੇ ਜਾ ਰਹੇ ਤੇ ਉਹ ਹਾਲੇ ਵੀ ਕਿਸੇ ਚੰਗੇ ਬਦਲ ਦੀ ਆਸ ਵਿਚ ਹਨ। ਪ੍ਰੰਤੂ ਸਿਆਸੀ ਹਾਲਾਤਾਂ ਮੁਤਾਬਕ ਸਥਾਪਤ ਧਿਰਾਂ ਨਵੇਂ ਖਿਲਾੜੀਆਂ ਮੈਦਾਨ ਵਿਚੋਂ ਬਾਹਰ ਕਰਨ ਲਈ ਹਰ ਹੰਭਲਾ ਮਾਰ ਰਹੀਆਂ ਹਨ। ਸੂਬੇ ਦੀ ਸਿਆਸੀ ਨਬਜ਼ ’ਤੇ ਹੱਥ ਰੱਖਣ ਵਾਲਿਆਂ ਮੁਤਾਬਕ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਕੁੱਝ ਹਲਕਿਆਂ ਨੂੰ ਛੱਡ ਬਾਕੀ ਪੰਜਾਬ ਵਿਚ ਮੁਕਾਬਲੇ ਕਾਂਗਰਸ, ਅਕਾਲੀ ਗਠਜੋੜ ਤੇ ਆਪ ਵਿਚਕਾਰ ਹੀ ਬਣਨ ਦੀ ਸੰਭਾਵਨਾ ਹੈ।
ਉਂਜ ਅਪਣੇ ਪ੍ਰਭਾਵ ਵਾਲੇ ਕੁੱਝ ਸ਼ਹਿਰੀ ਹਲਕਿਆਂ ਵਿਚ ਭਾਜਪਾ ਵੀ ਟੱਕਰ ਦੇ ਸਕਦੀ ਹੈ। ਜਦਕਿ ਕਈ ਥਾਂ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰ ਵੀ ਵੋਟਰਾਂ ਦੀ ਪਹਿਲੀ ਪਸੰਦ ਬਣ ਸਕਦੇ ਹਨ। ਬਹਰਹਾਲ ਹਾਲੇ ਵਿਧਾਨ ਸਭਾ ਚੋਣਾਂ ਵਿਚ ਕਰੀਬ 6 ਮਹੀਨਿਆਂ ਦਾ ਸਮਾਂ ਬਾਕੀ ਪਿਆ ਹੈ ਪ੍ਰੰਤੂ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਕੋਈ ਵੀ ਧਿਰ ਵੋਟਰਾਂ ਦੀਆਂ ਉਮੀਦਾਂ ’ਤੇ ਖ਼ਰਾ ਨਹੀਂ ਉਤਰ ਰਹੀ ਹੈ।