ਰਾਸ਼ਟਰਪਤੀ ਚੋਣ: ਮਮਤਾ ਬੈਨਰਜੀ ਦੀ ਮੀਟਿੰਗ ’ਚ 17 ਪਾਰਟੀਆਂ ਦੇ ਆਗੂ ਹੋਏ ਸ਼ਾਮਲ, ਸਾਂਝੇ ਉਮੀਦਵਾਰ 'ਤੇ ਬਣੀ ਸਹਿਮਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਮਮਤਾ ਬੈਨਰਜੀ ਨੇ ਕਿਹਾ ਕਿ ਜ਼ਿਆਦਾਤਰ ਵਿਰੋਧੀ ਪਾਰਟੀਆਂ ਸ਼ਰਦ ਪਵਾਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣਾ ਚਾਹੁੰਦੀਆਂ ਹਨ।

Opposition meeting on Presidential polls



ਨਵੀਂ ਦਿੱਲੀ: ਅਗਲੇ ਮਹੀਨੇ ਹੋਣ ਜਾ ਰਹੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਫਿਲਹਾਲ ਨਾ ਤਾਂ ਸੱਤਾਧਾਰੀ ਐਨਡੀਏ ਨੇ ਉਮੀਦਵਾਰ ਬਾਰੇ ਪੱਤਾ ਖੋਲ੍ਹਿਆ ਹੈ ਅਤੇ ਨਾ ਹੀ ਵਿਰੋਧੀ ਪਾਰਟੀਆਂ ਨੇ ਪਰ ਸੰਭਾਵਿਤ ਨਾਵਾਂ ਨੂੰ ਲੈ ਕੇ ਵਿਰੋਧੀ ਖੇਮੇ ਵਿਚ ਦਿਮਾਗੀ ਹਲਚਲ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਅਤੇ ਐਨਡੀਏ ਵਿਰੁੱਧ ਸਾਂਝਾ ਉਮੀਦਵਾਰ ਖੜ੍ਹਾ ਕਰਨ ਦੀ ਅਗਵਾਈ ਕੀਤੀ ਹੈ। ਉਹਨਾਂ ਨੇ ਬੁੱਧਵਾਰ ਨੂੰ ਦਿੱਲੀ 'ਚ ਵਿਰੋਧੀ ਪਾਰਟੀਆਂ ਦੀ ਬੈਠਕ ਬੁਲਾਈ, ਜਿਸ 'ਚ 17 ਪਾਰਟੀਆਂ ਦੇ ਕਈ ਨੇਤਾ ਸ਼ਾਮਲ ਹੋਏ।

Mamata Banerjee

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਦਿੱਲੀ 'ਚ ਵਿਰੋਧੀ ਪਾਰਟੀਆਂ ਦੀ ਬੈਠਕ ਕੀਤੀ। ਇਸ ਦਾ ਮਕਸਦ ਐਨਡੀਏ ਖ਼ਿਲਾਫ਼ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਦੇ ਮੈਦਾਨ ਵਿਚ ਸਹਿਮਤੀ ਬਣਾਉਣਾ ਹੈ। ਸ਼ਰਦ ਪਵਾਰ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਮਤਾ ਪਾਸ ਕੀਤਾ ਗਿਆ ਕਿ ਵਿਰੋਧੀ ਪਾਰਟੀਆਂ ਐੱਨ.ਡੀ.ਏ ਖਿਲਾਫ ਸਾਂਝਾ ਉਮੀਦਵਾਰ ਖੜ੍ਹਾ ਕਰਨਗੀਆਂ। ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਮਮਤਾ ਬੈਨਰਜੀ ਨੇ ਕਿਹਾ ਕਿ ਜ਼ਿਆਦਾਤਰ ਵਿਰੋਧੀ ਪਾਰਟੀਆਂ ਸ਼ਰਦ ਪਵਾਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣਾ ਚਾਹੁੰਦੀਆਂ ਹਨ। ਜੇਕਰ ਉਹ ਇਸ ਲਈ ਤਿਆਰ ਹਨ ਤਾਂ ਹਰ ਕੋਈ ਉਹਨਾਂ ਦਾ ਸਮਰਥਨ ਕਰੇਗਾ। ਜੇਕਰ ਉਹ ਇਸ ਲਈ ਤਿਆਰ ਨਹੀਂ ਹਨ ਤਾਂ ਉਹਨਾਂ ਦੀ ਪ੍ਰਧਾਨਗੀ ਹੇਠ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।

Opposition meeting on Presidential polls

ਹਾਲਾਂਕਿ ਪਵਾਰ ਨੇ ਇਹ ਕਹਿ ਕੇ ਪੇਸ਼ਕਸ਼ ਠੁਕਰਾ ਦਿੱਤੀ ਕਿ ਉਹ ਸਰਗਰਮ ਰਾਜਨੀਤੀ ਕਰਨਾ ਚਾਹੁੰਦੇ ਹਨ। ਮੀਟਿੰਗ ਵਿਚ ਕਾਂਗਰਸ, ਸਮਾਜਵਾਦੀ ਪਾਰਟੀ, ਐਨਸੀਪੀ, ਡੀਐਮਕੇ, ਆਰਜੇਡੀ ਅਤੇ ਖੱਬੇ ਪੱਖੀ ਪਾਰਟੀਆਂ ਦੇ ਵੱਡੇ ਨੇਤਾ ਸ਼ਾਮਲ ਹੋਏ। ਕੁੱਲ 17 ਪਾਰਟੀਆਂ- ਕਾਂਗਰਸ, ਆਰਐਸਪੀ, ਆਰਜੇਡੀ, ਸਮਾਜਵਾਦੀ ਪਾਰਟੀ, ਸ਼ਿਵ ਸੈਨਾ, ਨੈਸ਼ਨਲ ਕਾਨਫਰੰਸ, ਐਨਸੀਪੀ, ਆਰਐਲਡੀ, ਪੀਡੀਪੀ, ਜੇਐਮਐਮ, ਟੀਐਮਸੀ, ਸੀਪੀਐਮ, ਸੀਪੀਆਈ, ਆਈਯੂਐਮਐਲ, ਜੇਡੀਐਸ, ਡੀਐਮਕੇ ਅਤੇ ਸੀਪੀਐਮਐਲ ਨੇ ਹਿੱਸਾ ਲਿਆ।

Opposition meeting on Presidential polls

ਮੀਟਿੰਗ ਵਿਚ ਇਹਨਾਂ ਪਾਰਟੀਆਂ ਦੇ ਸਾਰੇ ਦਿੱਗਜ ਆਗੂਆਂ ਨੇ ਸ਼ਿਰਕਤ ਕੀਤੀ। ਇਹਨਾਂ ਵਿਚ ਐਨਸੀਪੀ ਤੋਂ ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ, ਕਾਂਗਰਸ ਤੋਂ ਮੱਲਿਕਾਰਜੁਨ ਖੜਗੇ, ਜੈਰਾਮ ਰਮੇਸ਼ ਅਤੇ ਰਣਦੀਪ ਸੂਰਜੇਵਾਲਾ, ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਅਤੇ ਜੇਡੀਐਸ ਤੋਂ ਐਚਡੀ ਕੁਮਾਰਸਵਾਮੀ, ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, ਪੀਡੀਪੀ ਤੋਂ ਮਹਿਬੂਬਾ ਮੁਫਤੀ, ਨੈਸ਼ਨਲ ਕਾਨਫਰੰਸ ਤੋਂ ਉਮਰ ਅਬਦੁੱਲਾ, ਰਾਸ਼ਟਰੀ ਜਨਤਾ ਦਲ ਤੋਂ ਮਨੋਜ ਝਾਅ, ਸ਼ਿਵ ਸੈਨਾ ਤੋਂ ਪ੍ਰਿਅੰਕਾ ਚਤੁਰਵੇਦੀ ਅਤੇ ਸੁਭਾਸ਼ ਦੇਸਾਈ ਸ਼ਾਮਲ ਸਨ।