ਅਡਾਨੀ ਅਤੇ ਅੰਬਾਨੀ ਦੇ ਲਾਊਡ ਸਪੀਕਰ ਹਨ ਮੋਦੀ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਵਿਰੁਧ ਅਡਾਨੀ ਅਤੇ ਅੰਬਾਨੀ ਦੇ ਲਾਊਡਸਪੀਕਰ ਹੋਣ ਦਾ ਦੋਸ਼ ਲਾਇਆ

Rahul Gandhi

ਨੂੰਹ (ਹਰਿਆਣਾ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਵਿਰੁਧ ਅਡਾਨੀ ਅਤੇ ਅੰਬਾਨੀ ਦੇ ਲਾਊਡਸਪੀਕਰ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜੇ ਅਰਥਚਾਰੇ ਦੀ ਇਹੋ ਹਾਲਤ ਰਹੀ ਤਾਂ ਅਗਲੇ ਛੇ ਮਹੀਨਿਆਂ ਵਿਚ ਪੂਰਾ ਦੇਸ਼ ਇਕ ਆਵਾਜ਼ ਵਿਚ ਮੋਦੀ ਵਿਰੁਧ ਖੜਾ ਹੋਵੇਗਾ। ਮੇਵਾਤ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕੁੱਝ ਉਦਯੋਗਪਤੀਆਂ ਲਈ ਕੰਮ ਕਰ ਰਹੇ ਹਨ।

ਉਨ੍ਹਾਂ ਦੋਸ਼ ਲਾਇਆ, 'ਨਰਿੰਦਰ ਮੋਦੀ ਅਡਾਨੀ ਅਤੇ ਅੰਬਾਨੀ ਦੇ ਲਾਊਡਸਪੀਕਰ ਹਨ। ਦਿਨ ਭਰ ਉਨ੍ਹਾਂ ਦੀ ਗੱਲ ਕਰਦੇ ਹਨ।' ਗਾਂਧੀ ਨੇ ਕਿਹਾ, 'ਤੁਸੀਂ ਨੌਜਵਾਨਾਂ ਨੂੰ ਬੇਵਕੂਫ਼ ਬਣਾ ਕੇ ਸਰਕਾਰ ਨਹੀਂ ਚਲਾ ਸਕਦੇ। ਸਚਾਈ ਸਾਹਮਣੇ ਆਵੇਗੀ। ਤੁਸੀਂ ਵੇਖੋਗੇ ਕਿ ਕੀ ਹੋਵੇਗਾ? ਉਨ੍ਹਾਂ ਦਾਅਵਾ ਕੀਤਾ, 'ਛੇ ਮਹੀਨਿਆਂ ਵਿਚ ਪਤਾ ਲੱਗੇਗਾ ਅਤੇ ਪੂਰਾ ਦੇਸ਼ ਨਰਿੰਦਰ ਮੋਦੀ ਵਿਰੁਧ ਇਕ ਆਵਾਜ਼ ਵਿਚ ਉਠੇਗਾ। ਇਕ ਤੋਂ ਬਾਅਦ ਇਕ ਝੂਠੇ ਵਾਅਦੇ ਸੁਣਾਈ ਦਿੰਦੇ ਹਨ। ਬੋਲਿਆ ਗਿਆ ਕਿ ਦੋ ਕਰੋੜ ਰੁਜ਼ਗਾਰ ਦੇਵਾਂਗੇ, ਕਿਸਾਨਾਂ ਨੂੰ ਸਹੀ ਮੁੱਲ ਮਿਲੇਗਾ ਪਰ ਕੁੱਝ ਨਹੀਂ ਹੋਇਆ। ਕਰੋੜਾਂ ਨੌਜਵਾਨ ਬੇਰੁਜ਼ਗਾਰ ਹਨ ਪਰ ਮੋਦੀ ਜੀ ਅਤੇ ਖੱਟੜ ਜੀ ਇਕ ਤੋਂ ਬਾਅਦ ਇਕ ਝੂਠੇ ਬੋਲ ਰਹੇ ਹਨ।'

ਕਾਗਰਸੀ ਉਮੀਦਵਾਰਾਂ ਦੇ ਹੱਕ ਵਿਚ ਰੈਲੀ ਕਰਦਿਆਂ ਰਾਹੁਲ ਨੇ ਕਿਹਾ, 'ਨਰਿੰਦਰ ਮੋਦੀ ਮਨ ਕੀ ਬਾਤ ਕਰਦੇ ਹਨ ਪਰ ਮੈਂ ਤੁਹਾਡੇ ਨਾਲ ਕੰਮ ਦੀ ਬਾਤ ਕਰਦਾ ਹਾਂ। ਗੁੜਗਾਵ-ਅਲਵਰ ਰੇਲਵੇ ਲਾਈਨ ਅਤੇ ਮੇਵਾਤ ਵਿਚ ਯੂਨੀਵਰਸਿਟੀ, ਕੋਟਲਾ ਝੀਲ ਦਾ ਵਿਸਤਾਰ ਅਤੇ ਮੇਵਾਤ ਨਹਿਰ ਦਾ ਨਿਰਮਾਣ ਦਾ ਵਾਅਦਾ ਹੈ। ਕਾਂਗਰਸ ਦੀ ਸਰਕਾਰ ਬਣੀ ਤਾਂ ਇਹ ਕੰਮ ਹੋ ਜਾਣਗੇ।' ਉਨ੍ਹਾਂ ਕਿਹਾ, 'ਵਿਚਾਰਧਾਰਾ ਦੀ ਲੜਾਈ ਹੈ। ਦੇਸ਼ ਵਿਚ ਅਲੱਗ ਅਲੱਗ ਧਰਮ ਅਤੇ ਜਾਤ ਦੇ ਲੋਕ ਰਹਿੰਦੇ ਹਨ। ਕਾਂਗਰਸ ਸਾਰਿਆਂ ਦੀ ਪਾਰਟੀ ਹੈ। ਸਾਡਾ ਕੰਮ ਲੋਕਾਂ ਨੂੰ ਜੋੜਨ ਦਾ ਹੈ। ਭਾਜਪਾ ਅਤੇ ਸੰਘ ਦਾ ਕੰਮ ਦੇਸ਼ ਨੂੰ ਤੋੜਨ ਦਾ ਹੈ ਅਤੇ ਲੋਕਾਂ ਨੂੰ ਇਕ ਦੂਜੇ ਨਾਲ ਲੜਾਉਣ ਦਾ ਹੈ। ਉਹ ਜਿਥੇ ਜਾਂਦੇ ਹਨ, ਉਥੇ ਲੋਕਾਂ ਨੂੰ ਇਕ ਦੂਜੇ ਨਾਲ ਲੜਾਉਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ