ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਵਾਰ ਨਹੀਂ ਲੜੇਗਾ ਦਿੱਲੀ ਨਗਰ ਨਿਗਮ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਨਹੀਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

Shiromani Akali Dal (Badal) will not contest Delhi Municipal Corporation elections

 

ਨਵੀਂ ਦਿੱਲੀ:  ਸ਼੍ਰੋਮਣੀ ਅਕਾਲੀ ਦਲ (ਬਾਦਲ) ਅਗਲੇ ਮਹੀਨੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨਹੀਂ ਲੜੇਗਾ। ਦਰਅਸਲ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦਾ ਸੋਮਵਾਰ ਨੂੰ ਆਖ਼ਰੀ ਦਿਨ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਗਜ਼ ਨਹੀਂ ਦਾਖਲ ਕੀਤੇ ਗਏ।

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਮਜੀਤ ਸਿੰਘ ਸਰਨਾ ਅਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੂੰ ਦਿੱਲੀ ਇਕਾਈ ਦੀ ਕਮਾਨ ਸੌਂਪੀ ਸੀ। ਇਸ ਦੌਰਾਨ ਉਹਨਾਂ ਨੇ ਐਲਾਨ ਵੀ ਕੀਤਾ ਸੀ ਕਿ ਅਕਾਲੀ ਦਲ ਵੱਲੋਂ ਜ਼ੋਰ-ਸ਼ੋਰ ਨਾਲ ਨਗਰ ਨਿਗਮ ਚੋਣਾਂ ਲੜੀਆਂ ਜਾਣਗੀਆਂ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਆਪਣੇ ਵੱਡੇ ਆਗੂਆਂ ਨਾਲ ਨਗਰ ਨਿਗਮ ਚੋਣਾਂ ਲੜਦਾ ਆ ਰਿਹਾ ਹੈ ਪਰ ਦਿੱਲੀ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਮਨਜਿੰਦਰ ਸਿੰਘ ਸਿਰਸਾ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

ਜਦੋਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਨਗਰ ਨਿਗਮ ਚੋਣਾਂ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਿਹੜੀ ਪਾਰਟੀ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਹਾਮੀ ਭਰੇਗੀ, ਅਸੀਂ ਉਸ ਨੂੰ ਵੋਟ ਪਾਵਾਂਗੇ। ਉਧਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ (ਬਾਦਲ) ਵਲੋਂ ਨਗਰ ਨਿਗਮ ਚੋਣਾਂ ਤੋਂ ਦੂਰ ਹੋਣਾ ਇਸ ਗੱਲ ਤਾ ਸੰਕੇਤ ਹੈ ਕਿ ਭਾਜਪਾ ਤੋਂ ਬਿਨ੍ਹਾਂ ਉਹਨਾਂ ਦੀ ਜਿੱਤ ਸੰਭਵ ਨਹੀਂ ਹੈ।