ਮਮਤਾ ਬੈਨਰਜੀ ਦੀ ਕਥਿਤ ਆਡੀਓ ਨਾਲ ਖੜ੍ਹਾ ਹੋਇਆ ਵਿਵਾਦ, ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗੀ ਭਾਜਪਾ

ਏਜੰਸੀ

ਖ਼ਬਰਾਂ, ਰਾਜਨੀਤੀ

ਕਥਿਤ ਆਡੀਓ ਵਿਚ ਮਮਤਾ ਨੇ ਕਿਹਾ, ‘CISF ਦੀ ਗੋਲੀ ਨਾਲ ਮਾਰੇ ਗਏ ਚਾਰ ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀ ਕਰੋ’

BJP to meet EC on Mamata Banerjee's audio clip

ਕੋਲਕਾਤਾ: ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ। ਇਸ ਦੌਰਾਨ ਭਾਜਪਾ ਨੇ ਇਕ ਕਥਿਤ ਆਡੀਓ ਕਲਿਪ ਜਾਰੀ ਕੀਤਾ ਹੈ ਜਿਸ ਵਿਚ ਮਮਤਾ ਬੈਨਰਜੀ ਸੀਤਲਕੁਚੀ ਤੋਂ ਟੀਐਮਸੀ ਦੇ ਉਮੀਦਵਾਰ ਨੂੰ ਕਥਿਤ ਤੌਰ ’ ਤੇ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਹ ਸੀਆਈਐਸਐਫ ਦੀ ਗੋਲੀ ਨਾਲ ਮਾਰੇ ਗਏ ਚਾਰ ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰਨ।

ਹਾਲਾਂਕਿ ਤ੍ਰਿਣਮੂਲ ਕਾਂਗਰਸ ਨੇ ਆਡੀਓ ਕਪਿਲ ਨੂੰ ਫਰਜ਼ੀ ਦੱਸਿਆ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ। ਮਮਤਾ ਬੈਨਰਜੀ ਤੇ ਸੀਤਲਕੁਚੀ ਤੋਂ ਟੀਐਮਸੀ ਉਮੀਦਵਾਰ ਵਿਚਾਲੇ ਹੋਈ ਕਥਿਤ ਗੱਲਬਾਤ ਦਾ ਕੁੱਝ ਹਿੱਸਾ ਜਾਰੀ ਕਰਕੇ ਹੋਏ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਅਪਣੀ ਪਾਰਟੀ ਦੇ ਨੇਤਾਵਾਂ ਨੂੰ ਲਾਸਾਂ ਨਾਲ ਰੈਲੀਆਂ ਕਰਨ ਲਈ ਕਹਿ ਕੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਅਮਿਤ ਮਾਲਵੀਆ ਨੇ ਕਿਹਾ ਕਿ, ‘ਮਮਤਾ ਬੈਨਰਜੀ ਅਪਣੀ ਪਾਰਟੀ ਦੇ ਉਮੀਦਵਾਰ ਨੂੰ ਕਹਿ ਰਹੀ ਹੈ ਕਿ ਮਾਮਲਾ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਪੁਲਿਸ ਅਧਿਕਾਰੀ ਅਤੇ ਕੇਂਦਰੀ ਬਲਾਂ ਦੇ ਕਰਮਚਾਰੀਆਂ ਦੋਵਾਂ ਨੂੰ ਫਸਾਇਆ ਜਾ ਸਕੇ। ਕੀ ਕਿਸੇ ਮੁੱਖ ਮੰਤਰੀ ਤੋਂ ਅਜਿਹੀ ਉਮੀਦ ਕੀਤੀ ਜਾ ਸਕਦੀ ਹੈ? ਉਹ ਸਿਰਫ਼ ਘੱਟਗਿਣਤੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ’।

ਇਸ ਵੀਡੀਓ ਸਬੰਧੀ ਅੱਜ ਭਾਰਤੀ ਜਨਤਾ ਪਾਰਟੀ ਕੋਲਕਾਤਾ ਵਿਚ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗੀ। ਜ਼ਿਕਰਯੋਗ ਹੈ ਕਿ ਕੂਚ ਬਿਹਾਰ ਜ਼ਿਲ੍ਹੇ ਦੇ ਸੀਤਲਕੁਚੀ ਵੋਟਿੰਗ ਕੇਂਦਰ ’ਤੇ 10 ਅਪ੍ਰੈਲ ਨੂੰ ਚੌਥੇ ਪੜਾਅ ਦੀ ਵੋਟਿੰਗ ਮੌਕੇ ਸਥਾਨਕ ਲੋਕਾਂ ’ਤੇ ਹੋਈ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਲਈ ਮਮਤਾ ਬੈਨਰਜੀ ਨੇ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਦੱਸਿਆ ਹੈ।