17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ 

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਧਾਨ ਮੰਤਰੀ, ਮੰਤਰੀਆਂ ਸਮੇਤ ਨਵੇਂ ਚੁਣੇ ਮੈਂਬਰਾਂ ਨੇ ਚੁੱਕੀ ਸਹੁੰ

PM Modi, Other Lawmakers Take Oath in Inaugural Session of 17th Lok Sabha

ਨਵੀਂ ਦਿੱਲੀ : 17ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਹੇਠਲੇ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ। ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਮੈਂਬਰਾਂ ਨੇ ਰਵਾਇਤ ਮੁਤਾਬਕ 17ਵੀਂ ਲੋਕ ਸਭਾ ਦੀ ਪਹਿਲੀ ਬੈਠਕ ਵਿਚ ਦੋ ਮਿੰਟ ਦਾ ਮੌਨ ਵੀ ਰਖਿਆ। ਸਹੁੰ ਚੁੱਕਣ ਲਈ ਲੋਕ ਸਭਾ ਸਕੱਤਰ ਨੇ ਜਿਉਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਿਆ ਤਾਂ ਮੈਂਬਰਾਂ ਨੇ ਮੇਜ਼ਾਂ 'ਤੇ ਹੱਥ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਭਾਜਪਾ ਦੇ ਮੈਂਬਰਾਂ ਨੇ 'ਮੋਦੀ ਮੋਦੀ' ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਹਰੇ ਵੀ ਲਾਏ। 21 ਰਾਜਾਂ ਦੇ 200 ਤੋਂ ਵੱਧ ਮੈਂਬਰਾਂ ਨੇ ਸਹੁੰ ਚੁੱਕੀ। 

ਮੋਦੀ ਨੇ ਸਦਨ ਦੇ ਨੇਤਾ ਹੋਣ ਸਦਕਾ ਸੱਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਹਿੰਦੀ ਵਿਚ ਸਹੁੰ ਚੁੱਕੀ। ਮੋਦੀ ਮਗਰੋਂ ਪ੍ਰਧਾਨਾਂ ਦੇ ਪੈਨਲ ਵਿਚ ਸ਼ਾਮਲ ਕਾਂਗਰਸ ਦੇ ਕੇ ਸੁਰੇਸ਼, ਬੀਜੇਡੀ ਦੇ ਬੀ ਮਹਿਤਾਬ ਅਤੇ ਭਾਜਪਾ ਦੇ ਬ੍ਰਜਭੂਸ਼ਣ ਸ਼ਰਨ ਸਿੰਘ ਨੇ ਸਹੁੰ ਚੁੱਕੀ। ਮਹਿਤਾਬ ਨੇ ਉੜੀਆ ਵਿਚ ਸਹੁੰ ਚੁੱਕੀ। ਇਨ੍ਹਾਂ ਮਗਰੋਂ ਰਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਖਾਦ ਮੰਤਰੀ ਡੀ ਵੀ ਸਦਾਨੰਦ ਗੌੜਾ, ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਸਿਹਤ ਮੰਤਰੀ ਹਰਸ਼ਵਰਧਨ ਅਤੇ ਸਮ੍ਰਿਤੀ ਇਰਾਨੀ ਸਮੇਤ ਹੋਰ ਮੈਂਬਰਾਂ ਨੇ ਸਹੁੰ ਚੁੱਕੀ। ਪ੍ਰਧਾਨ ਮੰਤਰੀ ਅਤੇ ਹੋਰਾਂ ਮੰਤਰੀਆਂ ਨੇ ਹਿੰਦੀ ਵਿਚ ਜਦਕਿ ਹਰਸ਼ਵਰਧਨ, ਸ੍ਰੀਪਦ ਨਾਇਕ, ਅਸ਼ਵਨੀ ਕੁਮਾਰੀ ਚੌਬੇ ਅਤੇ ਪ੍ਰਤਾਪ ਸਾਰੰਗੀ ਨੇ ਸੰਸਕ੍ਰਿਤ ਭਾਸ਼ਾ ਵਿਚ ਸਹੁੰ ਚੁੱਕੀ।

ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਵਿਚ ਸਹੁੰ ਚੁੱਕੀ। ਕੇਂਦਰੀ ਮੰਤਰੀ ਅਰਵਿੰਦ ਸਾਵੰਤ, ਰਾਉ ਸਾਹਿਬ ਦਾਨਵੇ ਪਾਟਿਲ ਨੇ ਮਰਾਠੀ ਵਿਚ ਸਹੁੰ ਚੁੱਕੀ ਜਦਕਿ ਜਤਿੰਦਰ ਸਿੰਘ ਨੇ ਡੋਗਰੀ, ਬਾਬੁਲ ਸੁਪ੍ਰਿਉ ਨੇ ਅੰਗਰੇਜ਼ੀ, ਰਾਮੇਸ਼ਵਰ ਤੇਲੀ ਨੇ ਆਸਾਮੀ ਅਤੇ ਦੇਬਸ੍ਰੀ ਚੌਧਰੀ ਨੇ ਬੰਗਲਾ ਵਿਚ ਸਹੁੰ ਚੁੱਕੀ। ਇਸ ਦੌਰਾਨ ਯੂਪੀਏ ਪ੍ਰਧਾਨ ਸੋਨੀਆ ਗਾਂਧੀ, ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਦੀਪ ਬੰਦੋਪਾਧਿਆਏ, ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ ਵੀ ਮੌਜੂਦ ਸਨ। ਰਾਹੁਲ ਗਾਂਧੀ ਇਸ ਸਮੇਂ ਸਦਨ ਵਿਚ ਨਹੀਂ ਸਨ। ਸਦਨ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰੇਂਦਰ ਕੁਮਾਰ ਨੂੰ ਰਾਸ਼ਟਰਪਤੀ ਭਵਨ ਵਿਚ ਕਾਰਜਕਾਰੀ ਲੋਕ ਸਭਾ ਸਪੀਕਰ ਦੀ ਸਹੁੰ ਚੁਕਾਈ।  (ਏਜੰਸੀ) 

ਜਦ ਪਛਮੀ ਬੰਗਾਲ ਦੇ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ ਤਾਂ ਲੱਗੇ 'ਜੈ ਸ੍ਰੀ ਰਾਮ' ਦੇ ਨਾਹਰੇ :
ਨਵੇਂ ਚੁਣੇ ਲੋਕ ਸਭਾ ਮੈਂਬਰਾਂ ਨੇ ਪਛਮੀ ਬੰਗਾਲ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਉ ਅਤੇ ਦੇਬਸ੍ਰੀ ਚੌਧਰੀ ਦੇ ਸਹੁੰ ਚੁੱਕਣ ਮਗਰੋਂ ਸਦਨ ਵਿਚ 'ਜੈ ਸ੍ਰੀ ਰਾਮ' ਦੇ ਜੈਕਾਰੇ ਲਾਏ। ਸੁਪਰਿਉ ਅਤੇ ਚੌਧਰੀ ਦੇ ਸਹੁੰ ਚੁੱਕਣ ਦੌਰਾਨ ਸੱਤਾਧਿਰ ਦੇ ਮੈਂਬਰਾਂ ਨੇ ਜੈ ਸ੍ਰੀ ਰਾਮ ਦੇ ਨਾਹਰੇ ਲਾਏ। ਜ਼ਿਕਰਯੋਗ ਹੈ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਲ ਹੀ ਵਿਚ ਹੋਣ ਮੁਹਿੰਮ ਦੌਰਾਨ ਕੁੱਝ ਲੋਕਾਂ ਦੁਆਰਾ ਉਨ੍ਹਾਂ ਸਾਹਮਣੇ ਜੈ ਸ੍ਰੀਰਾਮ ਦੇ ਨਾਹਰੇ ਲਾਏ ਜਾਣ 'ਤੇ ਇਤਰਾਜ਼ ਪ੍ਰਗਟ ਕੀਤਾ ਸੀ। 

ਵਾਤਾਵਰਣ ਰਾਜ ਮੰਤਰੀ ਸਪ੍ਰਿਉ ਦੇ ਸਹੁੰ ਚੁਕਦਿਆਂ ਹੀ ਭਾਜਪਾ ਆਗੂਆਂ ਨੇ  ਜੈ ਸ੍ਰੀ ਰਾਮ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ ਅਤੇ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਚੌਧਰੀ ਦੇ ਸਹੁੰ ਚੁੱਕਣ ਸਮੇਂ ਵੀ ਇਹ ਸਿਲਸਿਲਾ ਚਲਦਾ ਰਿਹਾ। ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ 31 ਮਾਰਚ ਨੂੰ ਬੈਨਰਜੀ ਦੀ ਮੌਜੂਦਗੀ ਵਿਚ ਜੈ ਸ੍ਰੀ ਰਾਮ ਦੇ ਨਾਹਰੇ ਲਾਉਣ ਵਾਲੇ ਸੱਤ ਨੌਜਵਾਨਾਂ ਨੂੰ ਬੰਗਾਲ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਸੁਪ੍ਰਿਉ ਆਸਨਸੋਲ ਅਤੇ ਚੌਧਰੀ ਰਾਏਗੰਜ ਸੀਟ ਤੋਂ ਚੁਣੇ ਗਏ ਹਨ। ਲੋਕ ਸਭਾ ਵਿਚ ਪਛਮੀ ਬੰਗਾਲ ਤੋਂ ਭਾਜਪਾ ਦੇ 18 ਉਮੀਦਵਾਰ ਹਨ।

ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰੀ ਦੀ ਸਹੁੰ ਚੁੱਕੀ :
ਕੇਰਲਾ ਦੇ ਵਾਇਨਾਡ ਤੋਂ ਚੁਣੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਦੀ ਮੈਂਬਰੀ ਦੀ ਸਹੁੰ ਚੁੱਕੀ। ਉਨ੍ਹਾਂ ਹੇਠਲੇ ਸਦਨ ਦੀ ਮੈਂਬਰੀ ਦੀ ਸਹੁੰ ਅੰਗਰੇਜ਼ੀ ਵਿਚ ਚੁੱਕੀ। ਕਾਂਗਰਸ ਪ੍ਰਧਾਨ ਦੁਪਹਿਰੇ ਦੇ ਖਾਣੇ ਦੀ ਛੁੱਟੀ ਮਗਰੋਂ ਸਦਨ ਵਿਚ ਆਏ ਅਤੇ ਉਨ੍ਹਾਂ ਦੇ ਪਹੁੰਚਣ 'ਤੇ ਪਾਰਟੀ ਤੇ ਭਾਈਵਾਲਾਂ ਨੇ ਮੇਜ਼ਾਂ 'ਤੇ ਹੱਥ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਦਨ ਵਿਚ ਮੈਂਬਰਾਂ ਨੂੰ ਰਾਜਵਾਰ ਸਹੁੰ ਚੁਕਾਈ ਗਈ। ਗਾਂਧੀ ਨੂੰ ਕੇਰਲਾ ਤੋਂ ਚੁਣੇ ਗਏ ਮੈਂਬਰਾਂ ਨਾਲ ਸਹੁੰ ਚੁਕਾਈ ਗਈ। ਸਹੁੰ ਚੁੱਕਣ ਲਈ ਜਦ ਗਾਂਧੀ ਦਾ ਨਾਮ ਬੋਲਿਆ ਗਿਆ ਤਾਂ ਸੋਨੀਆ ਗਾਂਧੀ ਸਮੇਤ ਕਾਂਗਰਸ ਆਗੂਆਂ ਨੇ ਮੇਜ਼ਾਂ ਥਪਥਪਾ ਕੇ ਉਸ ਦਾ ਸਵਾਗਤ ਕੀਤਾ। ਰਾਹੁਲ ਲਗਾਤਾਰ ਚੌਥੀ ਵਾਰ ਲੋਕ ਸਭਾ ਲਈ ਚੁਣੇ ਗਏ ਹਨ। (ਏਜੰਸੀ)