ਹਿੰਦੀ, ਅੰਗਰੇਜ਼ੀ ਵਿਚ ਪ੍ਰੀਖਿਆ ਕਾਰਨ ਰਾਜ ਸਭਾ ਵਿਚ ਹੋਇਆ ਭਾਰੀ ਹੰਗਾਮਾ

ਏਜੰਸੀ

ਖ਼ਬਰਾਂ, ਰਾਜਨੀਤੀ

ਸਰਕਾਰ ਨੇ ਕੀਤਾ ਪੇਪਰ ਰੱਦ ਕਰਨ ਦਾ ਐਲਾਨ

Heavy dispute in Rajya Sabha

ਨਵੀਂ ਦਿੱਲੀ: ਡਾਕ ਵਿਭਾਗ ਦੀ ਪਿਛਲੇ ਹਫ਼ਤੇ ਹੋਈ ਪ੍ਰੀਖਿਆ ਦਾ ਮਾਧਿਅਮ ਕੇਵਲ ਹਿੰਦੀ ਅਤੇ ਅੰਗਰੇਜ਼ੀ ਰੱਖਣ ਦੇ ਵਿਰੋਧ ਵਿਚ ਰਾਜ ਸਭਾ ਵਿਚ ਅੰਨਾਡੀਐਮਕੇ, ਡੀਐਮਕੇ ਸਮੇਤ ਕਈ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ ਕਈ ਵਾਰ ਰੁਕੀ ਹਾਲਾਂਕਿ ਬਾਅਦ ਵਿਚ ਸਰਕਾਰ ਨੇ ਐਲਾਨ ਕੀਤਾ ਕਿ ਪ੍ਰੀਖਿਆ ਰੱਦ ਕਰ ਕੇ ਵੱਖ ਵੱਖ ਭਾਰਤੀ ਭਾਸ਼ਾਵਾਂ ਵਿਚ ਨਵੇਂ ਸਿਰੇ ਤੋਂ ਕਰਵਾਈ ਜਾਵੇਗਾ। ਇਸ ਐਲਾਨ ਮਗਰੋਂ ਹੀ ਕੰਮਕਾਜ ਠੀਕ ਤਰ੍ਹਾਂ ਹੋਇਆ।

 ਇਸ ਮੁੱਦੇ 'ਤੇ ਚਾਰ ਵਾਰ ਕਾਰਵਾਈ ਰੁਕੀ ਅਤੇ ਦੁਬਾਰਾ ਸ਼ੁਰੂ ਹੋਈ ਬੈਠਕ ਵਿਚ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਦਨ ਵਿਚ ਐਲਾਨ ਕੀਤਾ ਕਿ 14 ਜੁਲਾਈ ਨੂੰ ਹੋਈ ਪ੍ਰੀਖਿਆ ਰੱਦ ਕਰ ਦਿਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਹੋਣ ਵਾਲੀ ਪ੍ਰੀਖਿਆ ਤਮਿਲ ਸਮੇਤ ਸਾਰੇ ਖੇਤਰੀ ਭਾਸ਼ਾਵਾਂ ਵਿਚ ਹੋਵੇਗੀ। ਵੱਖ ਵੱਖ ਪਾਰਟੀਆਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰੇ ਦੇ ਖਾਣੇ ਤੋਂ ਪਹਿਲਾਂ ਪੂਰੀ ਤਰ੍ਹਾਂ ਰੁਕੀ ਰਹੀ। ਬਾਅਦ ਵਿਚ ਹੰਗਾਮੇ ਕਾਰਨ ਇਕ ਵਾਰ ਸਦਨ ਦੀ ਬੈਠਕ ਅੱਧੇ ਘੰਟੇ ਲਈ ਰੋਕ ਦਿਤੀ ਗਈ।

ਇਸ ਤੋਂ ਬਾਅਦ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਇਸ ਮੁੱਦੇ 'ਤੇ ਗ਼ੌਰ ਕੀਤਾ ਅਤੇ 14 ਜੁਲਾਈ ਨੂੰ ਡਾਕ ਵਿਭਾਗ ਲਈ ਹੋਈ ਪ੍ਰੀਖਿਆ ਨੂੰ ਰੱਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਨਵੇਂ ਸਿਰੇ ਤੋਂ ਹੋਣ ਵਾਲੀ ਪ੍ਰੀਖਿਆ ਸਾਰੀਆਂ ਖੇਤਰੀ ਭਾਸ਼ਾਵਾਂ ਵਿਚ ਹੋਵੇਗੀ। ਇਸ ਐਲਾਨ ਮਗਰੋਂ ਅੰਨਾਡੀਐਮਕੇ ਨੇਤਾ ਨਵਨੀਤ ਕ੍ਰਿਸ਼ਨ, ਸੀਪੀਐਮ ਆਗੂ ਟੀ ਰੰਗਰਾਜਨ, ਡੀਐਮਕੇ ਨੇਤਾ ਟੀ ਸ਼ਿਵਾ, ਸੀਪੀਆਈ ਆਗੂ ਡੀ ਰਾਜਾ ਅਤੇ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਸਰਕਾਰ ਦਾ ਇਹ ਸੰਵੇਦਨਸ਼ੀਲ ਮਾਮਲਾ ਹੱਲ ਕਰਨ ਲਈ ਧਨਵਾਦ ਕੀਤਾ।