ਭਾਜਪਾ ਦੇ 5 ਸਾਲ ਦੇ ਕਾਰਜਕਾਲ ਦੌਰਾਨ 2718 ਕਰੋੜ ਦਾ ਘੁਟਾਲਾ, ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਜਨੀਤੀ

ਛੱਤੀਸਗੜ੍ਹ ਤੋਂ 2718 ਕਰੋੜ ਦਾ ਇਕ ਨਵਾਂ ਘੁਟਾਲਾ ਸਾਹਮਣੇ ਆਇਆ ਹੈ।

Photo

ਨਵੀਂ ਦਿੱਲੀ: ਛੱਤੀਸਗੜ੍ਹ ਤੋਂ 2718 ਕਰੋੜ ਦਾ ਇਕ ਨਵਾਂ ਘੁਟਾਲਾ ਸਾਹਮਣੇ ਆਇਆ ਹੈ। ਪੀਡੀਐਸ ਨਾਂਅ ਦੇ ਇਸ ਘੁਟਾਲੇ ਵਿਚ ਅਪ੍ਰੈਲ 2013 ਤੋਂ ਦਸੰਬਰ 2018 ਵਿਚਕਾਰ 5 ਸਾਲ ਦੇ ਕਾਰਜਕਾਲ ਵਿਚ 2718 ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਦੌਰਾਨ ਇਹਨਾਂ 10 ਲੱਖ ਰਾਸ਼ਨ ਕਾਰਡਾਂ ਦੀ ਮਦਦ ਨਾਲ ਤਕਰੀਬਨ 11 ਲੱਖ ਟਨ ਚੌਲਾਂ ਦੀ ਹੇਰਾਫ਼ੇਰੀ ਕੀਤੀ ਗਈ ਹੈ।

ਇਸ ਦੌਰਾਨ ਸੂਬੇ ਵਿਚ ਭਾਜਪਾ ਦੀ ਰਮਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ। ਇਸ ਘੁਟਾਲੇ ਦਾ ਖੁਲਾਸਾ ਇਨਵੈਸਟੀਗੇਸ਼ਨ ਬਿਊਰੋ ਨੇ ਅਪਣੀ ਜਾਂਚ ਦੌਰਾਨ ਕੀਤਾ ਹੈ। ਇਨਵੈਸਟੀਗੇਸ਼ਨ ਬਿਊਰੋ ਨੇ ਇਸ ਮਾਮਲੇ ਨਾਲ ਜੁੜੇ ਤਤਕਾਲੀਨ ਖਾਦ ਅਫ਼ਸਰਾਂ ਖਿਲਾਫ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ।

ਕੇਸ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਬਿਊਰੋ ਨੇ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਹੈ। ਇਸ ਨਾਲ ਅਰੋਪੀਆਂ ਦੀ ਪਛਾਣ ਵਿਚ ਅਸਾਨੀ ਹੋਵੇਗੀ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਅਫ਼ਸਰਾਂ ਵੱਲੋਂ ਬਣਾਏ ਗਏ ਇਹਨਾਂ 10 ਲੱਖ ਰਾਸ਼ਨ ਕਾਰਡਾਂ ਵਿਚ ਜ਼ਿਆਦਾਤਰ ਕਾਰਡਾਂ ਦੇ ਨਾਮ ਤੇ ਪਤੇ ਫਰਜ਼ੀ ਸੀ।

ਫਰਜ਼ੀ ਹੋਣ ਦੇ ਬਾਵਜੂਦ ਵੀ ਇਹਨਾਂ ਪਤਿਆਂ ‘ਤੇ ਹਰ ਮਹੀਨੇ ਰਾਸ਼ਨ ਜਾਰੀ ਕੀਤਾ ਜਾ ਰਿਹਾ ਸੀ। ਜਾਰੀ ਕੀਤੇ ਗਏ ਰਾਸ਼ਨ ਵਿਚ ਚੌਲਾਂ ਦੀ ਮਾਤਰਾ ਜ਼ਿਆਦਾ ਸੀ। ਇਹ ਪੂਰਾ ਮਾਮਲਾ ਰਾਸ਼ਨ ਮਾਫੀਆ ਨਾਲ ਜੁੜਿਆ ਹੈ। ਚੌਲਾਂ ਨੂੰ ਖੁਲ੍ਹੇ ਬਜ਼ਾਰ ਵਿਚ ਬਲੈਕ ਵਿਚ ਵੇਚਿਆ ਗਿਆ ਹੈ ਅਤੇ ਇਸ ਨਾਲ ਕਰੋੜਾਂ ਰੁਪਏ ਕਮਾਏ ਗਏ ਹਨ।

ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰਾਂ ਨੇ ਦੱਸਿਆ ਕਿ ਜਾਂਚ ਵਿਚ ਘੁਟਾਲੇ ਦਾ ਤਰੀਕਾ ਅਤੇ ਹਾਨੀ ਸਾਹਮਣੇ ਆਈ ਹੈ। ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਵਿਚ ਕਿਹੜੇ ਅਫ਼ਸਰਾਂ ਨੇ ਕੀ ਭੂਮਿਕਾ ਨਿਭਾਈ ਸੀ ਤਾਂ ਜੋ ਉਹਨਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾ ਸਕੇ।