ਅਕਾਲੀ-ਭਾਜਪਾ ਤੋਂ ਵਿਰਾਸਤ ‘ਚ ਮਿਲੇ ਖਾਲੀ ਖਜ਼ਾਨੇ ਨਾਲ ਪ੍ਰਭਾਵਿਤ ਹੋਈਆਂ ਕਈ ਯੋਜਨਾਵਾਂ- ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਾਂਗਰਸ ਸਰਕਾਰ ਜੋ ਮਕਸਦ ਲੈ ਕੇ ਆਈ ਸੀ, ਹਾਲੇ ਉਹ ਪੂਰਾ ਨਹੀਂ ਹੋਇਆ ਹੈ।

Photo

ਅੰਮ੍ਰਿਤਸਰ- ਪੰਜਾਬ ਵਿਚ ਕਾਂਗਰਸ ਸਰਕਾਰ ਜੋ ਮਕਸਦ ਲੈ ਕੇ ਆਈ ਸੀ, ਹਾਲੇ ਉਹ ਪੂਰਾ ਨਹੀਂ ਹੋਇਆ ਹੈ। ਹਾਲੇ ਵੀ ਕਈ ਕੰਮ ਬਾਕੀ ਹਨ। ਇਹ ਕੰਮ ਅਗਲੇ 2 ਸਾਲਾਂ ਵਿਚ ਪੂਰੇ ਹੋ ਜਾਣਗੇ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਉਹਨਾਂ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਜ਼ਰੂਰ ਲੜਨਗੇ।

ਇਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਆਰਥਕ ਸੰਕਟ ਤੋਂ ਉਭਰਨਾ ਬਹੁਤ ਵੱਡੀ ਚੁਣੌਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਵਿਰਾਸਤ ਵਿਚ ਖਾਲੀ ਖ਼ਜ਼ਾਨਾ ਦਿੱਤਾ ਹੈ, ਜਿਸ ਕਾਰਨ ਸੂਬੇ ਦੇ ਕਈ ਕੰਮ ਪ੍ਰਭਾਵਿਤ ਹੋਏ ਹਨ। ਪਰ ਹੁਣ ਅਰਥਵਿਵਸਥਾ ਵਧ ਰਹੀ ਹੈ।

ਸਰਕਾਰ ਦੀਆਂ ਨੀਤੀਆਂ ਨੇ ਨਿਵੇਸ਼ ਅਤੇ ਉਦਯੋਗ ਨੂੰ ਪੰਜਾਬ ਵਿਚ ਵਾਪਸੀ ਲਈ ਮਦਦ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਲਈ ਕਾਂਗਰਸ ਦੇ ਘੋਸ਼ਣਾ ਪੱਤਰ ਵਿਚ 424 ਵਾਅਦੇ ਸੀ, ਜਿਨ੍ਹਾਂ ਵਿਚੋਂ 225 ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ 96 ਵਾਅਦਿਆਂ ‘ਤੇ ਕੰਮ ਚੱਲ ਰਿਹਾ ਹੈ, ਸਿਰਫ਼ 103 ਵਾਅਦੇ ਬਚੇ ਹਨ। ਇਹਨਾਂ ਨੂੰ ਵੀ 2 ਸਾਲਾਂ ਵਿਚ ਪੂਰਾ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਸੂਬੇ ਵਿਚ ਡਰੱਗ ਮਾਫੀਆ ਨੂੰ ਵੀ ਲਗਾਮ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ  ਕੋਈ ਭਵਿੱਖ ਨਹੀਂ ਨਜ਼ਰ ਆ ਰਿਹਾ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਦੇ ਨਾਲ ਪੀਪੀਏ ਵਿਚ ਪਿਛਲੀ ਸਰਕਾਰ ਵੱਲੋਂ ਕੀਤੀ ਗਈ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ‘ਤੇ ਕੰਮ ਕਰ ਰਹੀ ਹੈ।  ਉਹਨਾਂ ਕਿਹਾ ਕਿ ਕੋਈ ਵੀ ਫੈਸਲਾ ਲੋਕਾਂ ਦੇ ਹਿੱਤਾਂ ਨੂੰ ਦੇਖ ਕੇ ਹੀ ਲਿਆ ਜਾਵੇਗਾ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਕਦੀ ਨਹੀਂ ਸੀ ਤੇ ਰਾਜ ਵਿਚ ਉਸ ਦੀ ਕੋਈ ਅਗਵਾਈ ਜਾਂ ਏਜੰਡਾ ਨਹੀਂ ਹੈ।